ਸ਼ਹਿਰ ’ਚ 45 ਥਾਵਾਂ ’ਤੇ ਫੂਕਿਆ ਜਾਵੇਗਾ ਰਾਵਣ ਦਾ ਪੁਤਲਾ
ਗਗਨਦੀਪ ਅਰੋੜਾ
ਲੁਧਿਆਣਾ, 11 ਅਕਤੂਬਰ
ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਸਨਿੱਚਰਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਤਹਿਤ ਸ਼ਹਿਰ ਵਿੱਚ 45 ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਪ੍ਰਸ਼ਾਸ਼ਨ ਨੇ ਸ਼ਹਿਰ ’ਚ 45 ਥਾਵਾਂ ’ਤੇ ਦਸਹਿਰਾ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਹੈ।
ਮੇਲੇ ’ਚ ਹੋਣ ਵਾਲੀ ਭੀੜ ਦੇ ਮੱਦੇਨਜ਼ਰ ਸ਼ਹਿਰ ਦੀ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪੁਲੀਸ ਦੀਆਂ ਗੱਡੀਆਂ ਵਿੱਚ ਮੁਲਾਜ਼ਮ ਤਾਇਨਾਤ ਹੋਣਗੇ ਤੇ ਮੇਲੇ ਦੇ ਅੰਦਰ ਵੀ ਵਰਦੀ ਅਤੇ ਸਾਦੇ ਕੱਪੜਿਆਂ ’ਚ ਮੁਲਾਜ਼ਮ ਨਜ਼ਰ ਰੱਖਣਗੇ। ਦਸਹਿਰੇ ਦੇ ਮੇਲੇ ਸਬੰਧੀ ਸੁਰੱਖਿਆ ਦੀ ਕਮਾਨ ਖਾਸ ਤੌਰ ’ਤੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ, ਸੰਯੁਕਤ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਦੇ ਹੱਥ ਵਿੱਚ ਰਹੇਗੀ ਅਤੇ ਤਿੰਨੇ ਅਧਿਕਾਰੀ ਮੇਲੇ ਵਾਲੀਆਂ ਥਾਵਾਂ ਦਾ ਜਾਇਜ਼ਾ ਲੈਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਤਿਹਾਸਕ ਦਰੇਸੀ ਮੈਦਾਨ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ ਤੇ ਸ਼ਹਿਰ ਦੇ ਕਈ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਵੀ ਇਥੇ ਪਹੁੰਚਣਗੇ। ਸ਼ਹਿਰ ਦਾ ਸਭ ਤੋਂ ਪੁਰਾਣਾ ਦਸਹਿਰਾ ਮੇਲਾ ਹੋਣ ਕਰਕੇ ਇੱਥੇ ਭਾਰੀ ਭੀੜ ਰਹਿੰਦੀ ਹੈ ਇਸ ਲਈ ਇਥੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਜਗਰਾਉਂ ਪੁਲ ਨੇੜੇ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਵੀ ਵੱਡਾ ਦਸਹਿਰਾ ਮੇਲਾ ਲਗਾਇਆ ਗਿਆ ਹੈ। ਜਿੱਥੇ ਪੁਲੀਸ ਦੀ ਟੀਮ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰ ਰਹੀ ਹੈ। ਉਪਕਾਰ ਨਗਰ ਅਤੇ ਸੈਕਟਰ 39 ਵਰਧਮਾਨ ਮਿੱਲ ਦੇ ਸਾਹਮਣੇ, ਜਮਾਲਪੁਰ, ਫੋਕਲ ਪੁਆਇੰਟ, ਸਰਾਭਾ ਨਗਰ, ਬੀਆਰਐੱਸ ਨਗਰ ਸਮੇਤ ਕਈ ਥਾਵਾਂ ’ਤੇ ਦੁਸਹਿਰੇ ਦਾ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ’ਤੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਸੰਯੁਕਤ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮੇਲੇ ਵਿੱਚ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।