For the best experience, open
https://m.punjabitribuneonline.com
on your mobile browser.
Advertisement

ਸੰਗਤ ਦਾ ਅਸਰ

08:38 AM May 18, 2024 IST
ਸੰਗਤ ਦਾ ਅਸਰ
Advertisement

ਬਲਜਿੰਦਰ ਮਾਨ

Advertisement

ਬੰਸੀ ਆਪਣੇ ਸਕੂਲ ਦਾ ਸਭ ਤੋਂ ਆਗਿਆਕਾਰੀ ਬੱਚਾ ਹੈ। ਉਹ ਅਧਿਆਪਕਾਂ ਦੀ ਹਰ ਗੱਲ ਮੰਨਦੈ ਅਤੇ ਉਨ੍ਹਾਂ ਅਨੁਸਾਰ ਕੰਮ ਕਰਦਾ ਹੈ। ਬੋਲ-ਬਾਣੀ ਮਿੱਠੀ ਹੋਣ ਕਾਰਨ ਉਹ ਹਰ ਮਿਲਣ ਵਾਲੇ ਵਿਅਕਤੀ ਦੇ ਦਿਲ ਵਿੱਚ ਘਰ ਕਰ ਜਾਂਦਾ ਹੈ। ਸਕੂਲ ਦਾ ਕੰਮ ਵੀ ਪੂਰੀ ਰੁਚੀ ਨਾਲ ਕਰਦਾ ਹੈ। ਸਕੂਲ ਵਿੱਚ ਆਪਣੇ ਸਾਥੀਆਂ ਨਾਲ ਕਦੀ ਲੜਦਾ ਝਗੜਦਾ ਨਹੀਂ ਸਗੋਂ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦਾ ਹੈ।
ਇੱਕ ਦਿਨ ਉਸ ਦੇ ਅਧਿਆਪਕ ਨੇ ਪੁੱਛਿਆ ਕਿ ਉਸ ਨੇ ਇਹ ਗੱਲਾਂ ਕਿੱਥੋਂ ਸਿੱਖੀਆਂ ਹਨ ਤਾਂ ਬੰਸੀ ਨੇ ਆਖਿਆ, ‘‘ਮੈਂ ਆਪਣੀ ਦੀਦੀ ਨੀਤੂ ਅਤੇ ਪ੍ਰੀਤੀ ਦੇ ਘਰ ਜਾਂਦਾ ਹਾਂ, ਉੱਥੇ ਉਹ ਮੈਨੂੰ ਹਮੇਸ਼ਾ ਚੰਗੀਆਂ ਗੱਲਾਂ ਦੱਸਦੇ ਹਨ। ਜਦੋਂ ਮੈਂ ਕੋਈ ਗਲਤ ਸ਼ਬਦ ਬੋਲਦਾ ਹਾਂ ਤਾਂ ਉਹ ਮੈਨੂੰ ਝੱਟ ਰੋਕ ਦਿੰਦੇ ਨੇ ਤੇ ਸਹੀ ਸ਼ਬਦਾਂ ਦੀ ਵਰਤੋਂ ਸਿਖਾਉਂਦੇ ਹਨ।’’
‘‘ਇਹ ਗੱਲ ਤਾਂ ਬਹੁਤ ਚੰਗੀ ਹੈ।’’ ਅਧਿਆਪਕ ਨੇ ਕਿਹਾ।
ਬੰਸੀ ਨੇ ਅੱਗੇ ਦੱਸਿਆ, ‘‘ਨੀਤੂ, ਪ੍ਰੀਤੀ ਅਤੇ ਹੈਰੀ ਹੋਰਾਂ ਦੇ ਘਰ ਕਦੀ ਵੀ ਕੋਈ ਉੱਚੀ ਨਹੀਂ ਬੋਲਦਾ, ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਅਤੇ ਇੱਕ ਦੂਜੇ ਦਾ ਆਦਰ ਕਰਦੇ ਹਨ। ਘਰ ਦਾ ਕੋਈ ਵੀ ਮੈਂਬਰ ਆਪਣਾ ਸਮਾਂ ਫੋਨ ’ਤੇ ਬਰਬਾਦ ਨਹੀਂ ਕਰਦਾ ਸਗੋਂ ਇਸ ਦੀ ਵਰਤੋਂ ਲੋੜ ਅਨੁਸਾਰ ਕਰਦੇ ਹਨ। ਮੈਂ ਇਹ ਸਭ ਕੁਝ ਦੇਖਦਾ ਰਹਿੰਦਾ ਹਾਂ, ਮੇਰੇ ਮਨ ਵਿੱਚ ਆਪਣੇ ਆਪ ਇਨ੍ਹਾਂ ਗੱਲਾਂ ਦਾ ਅਸਰ ਹੁੰਦਾ ਰਹਿੰਦਾ ਹੈ। ਮੇਰੀਆਂ ਇਹ ਗੱਲਾਂ ਦੇਖ ਕੇ ਮੇਰੇ ਮੰਮੀ- ਡੈਡੀ ਵੀ ਹੈਰਾਨ ਹੁੰਦੇ ਹਨ ਕਿਉਂਕਿ ਉਹ ਮੈਨੂੰ ਅਜਿਹੀਆਂ ਗੱਲਾਂ ਕਦੀ ਨਹੀਂ ਦੱਸਦੇ। ਉਹ ਤਾਂ ਵਿਚਾਰੇ ਆਪਣੇ ਕੰਮ ਵਿੱਚ ਹੀ ਰੁੱਝੇ ਰਹਿੰਦੇ ਹਨ।’’
ਇੱਕ ਦਿਨ ਸਕੂਲ ਵਿੱਚ ਅਧਿਆਪਕਾਂ ਨੇ ਫੋਨ ਦੀ ਸਹੀ ਵਰਤੋਂ ਬਾਰੇ ਬੱਚਿਆਂ ਦੇ ਵਿਚਾਰ ਜਾਣੇ। ਸਭ ਵਿਦਿਆਰਥੀਆਂ ਨੇ ਆਪੋ ਆਪਣੇ ਢੰਗ ਨਾਲ ਵਿਚਾਰ ਲਿਖੇ ਪਰ ਬੰਸੀ ਦੇ ਵਿਚਾਰ ਸਭ ਤੋਂ ਵੱਖਰੇ ਸਨ। ਉਸ ਨੇ ਲਿਖਿਆ :
‘‘ਮੋਬਾਈਲ ਫੋਨ ਅਜੋਕੇ ਸਮੇਂ ਦੀ ਲੋੜ ਬਣ ਗਿਆ ਹੈ ਪਰ ਲੋੜੋਂ ਵੱਧ ਕੀਤੀ ਜਾਂਦੀ ਵਰਤੋਂ ਸਾਡੇ ਲਈ ਸਮੱਸਿਆ ਹੈ। ਸਾਨੂੰ ਇਸ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। 24 ਘੰਟੇ ਵਿੱਚ ਵੱਧ ਤੋਂ ਵੱਧ ਇੱਕ ਘੰਟਾ ਇਸ ਦੀ ਵਰਤੋਂ ਹੋਣੀ ਚਾਹੀਦੀ ਹੈ। ਜੇਕਰ ਅਸੀਂ ਸਦਾ ਇਸ ਨਾਲ ਚਿੰਬੜੇ ਰਹਿੰਦੇ ਹਾਂ ਤਾਂ ਸਾਡੇ ਦਿਮਾਗ਼ ਅਤੇ ਅੱਖਾਂ ਦੀ ਰੌਸ਼ਨੀ ’ਤੇ ਅਸਰ ਪੈਂਦਾ ਹੈ। ਇੰਟਰਨੈੱਟ ਰਾਹੀਂ ਅਸੀਂ ਨਵੇਂ ਸ਼ਬਦ, ਪਾਠ, ਅਭਿਆਸ, ਪ੍ਰਸ਼ਨ ਪੱਤਰ, ਉੱਤਰ ਪੱਤਰ, ਸਿਲੇਬਸ ਅਤੇ ਹੋਰ ਜ਼ਰੂਰੀ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਦੁਨੀਆ ਦੇ ਗਿਆਨ ਦਾ ਇਸ ਵਿੱਚ ਭੰਡਾਰ ਭਰਿਆ ਪਿਆ ਹੈ ਪਰ ਬਹੁਤੇ ਲੋਕ ਇਸ ਵਿੱਚੋਂ ਗੀਤ-ਸੰਗੀਤ ਅਤੇ ਫਿਲਮਾਂ ਆਦਿ ਹੀ ਸੁਣਦੇ ਜਾਂ ਦੇਖਦੇ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਸ ਦੀ ਵਰਤੋਂ ਕਰਨ। ਇਹ ਯੰਤਰ ਸਾਡਾ ਸਹਿਯੋਗੀ ਹੀ ਹੈ ਨਾ ਕਿ ਸਾਡਾ ਮਾਲਕ। ਇਸ ਨੂੰ ਅਸੀਂ ਆਪਣੇ ਕਾਰਜਾਂ ਨੂੰ ਸੁਖਾਲਾ ਬਣਾਉਣ ਲਈ ਵਰਤੀਏ ਨਾ ਕਿ ਇਸ ਦੇ ਆਦੀ ਹੋ ਕੇ ਬਿਮਾਰ ਹੋਈਏ।’’
ਜਦੋਂ ਇਹ ਵਿਚਾਰ ਅਧਿਆਪਕਾਂ ਨੇ ਪੜ੍ਹੇ ਤਾਂ ਉਨ੍ਹਾਂ ਨੇ ਬੰਸੀ ਨੂੰ ਸਵੇਰੇ ਪ੍ਰਾਰਥਨਾ ਸਭਾ ਵਿੱਚ ਖੜ੍ਹਾ ਕਰਕੇ ਸ਼ਾਬਾਸ਼ ਦਿੱਤੀ।
ਦੂਜੇ ਬੰਨੇ ਉਸ ਦਾ ਜਮਾਤੀ ਅਰਮਾਨ ਹਮੇਸ਼ਾ ਆਪਣੀ ਮਨਮਰਜ਼ੀ ਕਰਦਾ ਹੈ। ਉਹ ਨਾ ਤਾਂ ਮਾਪਿਆਂ ਦਾ ਕਹਿਣਾ ਮੰਨਦਾ ਹੈ ਅਤੇ ਨਾ ਹੀ ਅਧਿਆਪਕਾਂ ਦਾ। ਉਹ ਖਾਣ-ਪੀਣ ਦਾ ਵੀ ਖ਼ਿਆਲ ਨਹੀਂ ਰੱਖਦਾ। ਉਹ ਹਫ਼ਤੇ-ਦਸ ਦਿਨ ਬਾਅਦ ਅਬਲਾ ਸਬਲਾ ਖਾ ਕੇ ਬਿਮਾਰ ਹੋਇਆ ਰਹਿੰਦੈ। ਉਹ ਨਾ ਤਾਂ ਆਪਣੀ ਮੰਮੀ ਦਾ ਆਦਰ ਕਰਦੈ ਤੇ ਨਾ ਹੀ ਕਿਸੇ ਆਏ ਗਏ ਨੂੰ ਸਹੀ ਢੰਗ ਨਾਲ ਬੁਲਾਉਂਦੈ। ਉਸ ਦੀ ਮੰਮੀ ਉਸ ਨੂੰ ਬਹੁਤ ਸਮਝਾਉਂਦੀ ਹੈ ਪਰ ਉਹ ਸਭ ਗੱਲਾਂ ਕੰਨਾਂ ਪਿੱਛੇ ਸੁੱਟ ਛੱਡਦੈ। ਉਸ ਨੂੰ ਤਾਂ ਬਸ ਚਟਪਟੇ ਖਾਣੇ ਅਤੇ ਵਿਹਲੇ ਫਿਰਨ ਦੀ ਆਦਤ ਹੀ ਪੈ ਗਈ ਹੈ। ਆਪਣੇ ਬੇਲੀਆਂ ਨਾਲ ਇੱਧਰ ਉੱਧਰ ਫਿਰ ਕੇ ਸਮਾਂ ਗੁਆਈ ਜਾਂਦੈ। ਸਕੂਲ ਅਧਿਆਪਕ ਵਾਰ ਵਾਰ ਉਸ ਦੀਆਂ ਸ਼ਿਕਾਇਤਾਂ ਉਸ ਦੇ ਮਾਪਿਆਂ ਨੂੰ ਦੱਸਦੇ ਹਨ।
ਅਧਿਆਪਕ ਮਾਪੇ ਮਿਲਣੀ ਮੌਕੇ ਉਸ ਦੀ ਮੰਮੀ ਨੇ ਬੜੇ ਦੁਖੀ ਮਨ ਨਾਲ ਆਖਿਆ, ‘‘ਮੈਡਮ ਜੀ ਅਸੀਂ ਬਹੁਤ ਔਖੇ ਹਾਂ। ਇਹ ਸਾਡੀ ਕੋਈ ਗੱਲ ਹੀ ਨ੍ਹੀਂ ਮੰਨਦਾ। ਤੁਸੀਂ ਇਸ ਨੂੰ ਜ਼ਰੂਰ ਸਮਝਾਓ।’’ ਅੱਗੋਂ ਮੈਡਮ ਆਖਦੇ ਹਨ, ‘‘ਭੈਣ ਜੀ! ਸਾਡੇ ਕੋਲ ਤਾਂ ਇਹ ਸਿਰਫ਼ ਛੇ-ਸੱਤ ਘੰਟੇ ਹੀ ਰਹਿੰਦਾ ਹੈ, ਬਾਕੀ ਜ਼ਿਆਦਾ ਸਮਾਂ ਤੁਹਾਡੇ ਕੋਲ ਹੁੰਦਾ ਹੈ। ਇਸ ਲਈ ਤੁਸੀਂ ਵੀ ਕੁਝ ਯਤਨ ਕਰੋ। ਅਸੀਂ ਤਾਂ ਸਾਰੇ ਜਣੇ ਇਨ੍ਹਾਂ ਬੱਚਿਆਂ ਨੂੰ ਚੰਗੇ ਅਤੇ ਸਫਲ ਇਨਸਾਨ ਬਣਾਉਣ ਵਿੱਚ ਜੁਟੇ ਹੋਏ ਹਾਂ।’’
ਹੁਣ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ। ਬੰਸੀ ਪਹਿਲਾਂ ਵਾਂਗ ਸਵਾਲਾਂ ਬਾਰੇ ਪ੍ਰੀਤੀ ਅਤੇ ਨੀਤੂ ਤੋਂ ਜਾਣਕਾਰੀ ਪ੍ਰਾਪਤ ਕਰਦਾ ਸੀ। ਉਸ ਨੇ ਆਪਣੇ ਸਾਰੇ ਵਿਸ਼ਿਆਂ ਦੀ ਤਿਆਰੀ ਕਰਕੇ ਪ੍ਰੀਤੀ ਅਤੇ ਨੀਤੂ ਨੂੰ ਆਪਣੇ ਪੇਪਰ ਦਿਖਾਏ ਸਨ। ਉਹ ਦੋਵੇਂ ਉਸ ਨੂੰ ਸ਼ਾਬਾਸ਼ ਦਿੰਦੀਆਂ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਜਦੋਂ ਉਨ੍ਹਾਂ ਦੇ ਘਰ ਕੋਈ ਪ੍ਰਾਹੁਣਾ ਆਉਂਦੈ ਤਾਂ ਬੰਸੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹੈ। ਇਸ ਪਿਆਰ ਤੇ ਸਤਿਕਾਰ ਸਦਕਾ ਉਹ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਵੀ ਚਰਚਿਤ ਹੋ ਗਿਆ ਹੈ। ਸਾਰੇ ਰਿਸ਼ਤੇਦਾਰ ਹਰ ਵਾਰ ਉਸ ਦੀ ਖ਼ਬਰ ਸਾਰ ਪੁੱਛਦੇ ਹਨ। ਇੰਗਲੈਂਡ ਵਾਲੇ ਭੂਆ-ਫੁੱਫੜ ਤਾਂ ਉਸ ਦੀ ਬਹੁਤ ਫ਼ਿਕਰ ਕਰਦੇ ਹਨ। ਉਸ ਦੀ ਪੜ੍ਹਾਈ ਲਿਖਾਈ ਬਾਰੇ ਉਸ ਨੂੰ ਹਰ ਵਾਰ ਕਹਿੰਦੇ ਅਤੇ ਲੋੜੀਂਦੀਆਂ ਵਸਤਾਂ ਵੀ ਲੈ ਕੇ ਦਿੰਦੇ ਹਨ। ਆਪ ਤੋਂ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਉਸ ਦਾ ਨਿਯਮ ਬਣ ਗਿਐ। ਇਸ ਤਰ੍ਹਾਂ ਉਹ ਹਰ ਕਿਸੇ ਦਾ ਹਰਮਨ ਪਿਆਰਾ ਬੱਚਾ ਬਣ ਗਿਐ। ਉਸ ਦੀ ਇਹ ਰਹਿਣੀ ਬਹਿਣੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ। ਨੀਤੂ ਦੇ ਮਾਮਾ-ਮਾਮੀ ਤਾਂ ਹਰ ਵਾਰ ਉਸ ਨੂੰ ਨਾਲ ਲੈ ਕੇ ਆਉਣ ਲਈ ਵੀ ਆਖਦੇ ਹਨ।
ਅੱਜ ਨਤੀਜੇ ਦਾ ਦਿਨ ਆਇਆ ਤਾਂ ਮੁੱਖ ਅਧਿਆਪਕ ਨੇ ਜਦੋਂ ਨਤੀਜਾ ਸੁਣਾਇਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੰਸੀ ਨੂੰ ਮੰਚ ’ਤੇ ਖੜ੍ਹਾ ਕਰਕੇ ਸ਼ਾਬਾਸ਼ ਦਿੰਦਿਆਂ ਕਿਹਾ, ‘‘ਬੰਸੀ ਸਾਡੇ ਸਕੂਲ ਦਾ ਬੈਸਟ ਸਟੂਡੈਂਟ ਹੈ, ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਸਾਡੇ ਸਕੂਲ ਦਾ ਨਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਹ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਵੀ ਹੈ।’’ ਇਹ ਸੁਣ ਕੇ ਸਭ ਵਿਦਿਆਰਥੀਆਂ ਨੇ ਤਾੜੀਆਂ ਵਜਾਈਆਂ ਤੇ ਦੂਜੇ ਬੰਨੇ ਅਰਮਾਨ ਮਸਾਂ ਹੀ ਪਾਸ ਹੋਇਆ। ਜਦੋਂ ਉਸ ਦੇ ਨੰਬਰ ਦੇਖੇ ਤਾਂ ਉਸ ਦੀ ਮੰਮੀ ਨੇ ਝਿੜਕਦਿਆਂ ਕਿਹਾ, ‘‘ਤੈਨੂੰ ਬੰਸੀ ਤੋਂ ਕੋਈ ਮੱਤ ਲੈਣੀ ਚਾਹੀਦੀ ਹੈ, ਦੇਖ ਕਿਵੇਂ ਸਭ ਤੋਂ ਅੱਗੇ ਚੱਲ ਰਿਹਾ ਹੈ।’’
ਬੰਸੀ ਨੇ ਉਸ ਦੀ ਮੰਮੀ ਨੂੰ ਕਿਹਾ, ‘‘ਭੂਆ ਜੀ ਇਹ ਸਾਰਾ ਕੁਝ ਸੰਗਤ ਦਾ ਅਸਰ ਹੈ। ਇਸ ਦੀ ਸੰਗਤ ਮਾੜੇ ਮੁੰਡਿਆਂ ਨਾਲ ਹੈ ਜਿਸ ਕਰਕੇ ਇਹ ਨਾ ਪੜ੍ਹਦਾ ਹੈ ਨਾ ਕੁਝ ਸਿੱਖਦਾ ਹੈ। ਤੁਸੀਂ ਦੇਖਿਆ ਹੈ ਕਿ ਮੈਂ ਹਮੇਸ਼ਾ ਚੰਗਿਆਂ ਦੀ ਸੰਗਤ ਕਰਦਾ ਹਾਂ। ਇਸੇ ਕਰਕੇ ਮੇਰੇ ਕਾਰਜ ਚੰਗੇ ਹੋ ਰਹੇ ਨੇ। ਇਸ ਨੂੰ ਵੀ ਆਖੋ ਕਿ ਆਪਣੀ ਸੰਗਤ ਬਦਲੇ।’’
ਅਰਮਾਨ ਦੀ ਮੰਮੀ ਨੇ ਕਿਹਾ, ‘‘ਬੰਸੀ ਤੂੰ ਸੱਚ ਕਹਿੰਦਾ ਏ, ਇਹ ਕਿਸੇ ਦੀ ਕਹੀ ਸੁਣੀ ਮੰਨਦਾ ਹੀ ਨਹੀਂ। ਮੈਂ ਤਾਂ ਮਾਲਕ ਅੱਗੇ ਅਰਦਾਸ ਕਰਦੀ ਹਾਂ ਕਿ ਤੇਰੇ ਵਰਗੇ ਗੁਣ ਇਸ ਵਿੱਚ ਵੀ ਆ ਜਾਣ।’’
ਅੱਗੋ ਬੰਸੀ ਬੋਲਿਆ, ‘‘ਭੂਆ ਜੀ ਇਹ ਗੁਣ ਐਵੇਂ ਨ੍ਹੀਂ ਆਉਂਦੇ। ਮਾਪਿਆਂ ਤੇੇ ਅਧਿਆਪਕਾਂ ਦੇ ਕਹਿਣੇਕਾਰ ਬਣਨਾ ਪੈਂਦਾ ਹੈ ਅਤੇ ਫਿਰ ਚੰਗੀ ਸੰਗਤ ਕਰਨੀ ਪੈਂਦੀ ਹੈ। ਜੇਕਰ ਇਹ ਮੇਰੇ ਵਾਂਗ ਚੰਗੀ ਸੰਗਤ ਕਰੇਗਾ ਤਾਂ ਇਹ ਵੀ ਚੰਗਾ ਬੱਚਾ ਬਣ ਜਾਵੇਗਾ। ਇਹ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ।’’
ਹੁਣ ਅਰਮਾਨ ਸਿਰ ਝੁਕਾਈ ਆਪਣੀ ਮੰਮੀ ਤੇ ਡੈਡੀ ਕੋਲ ਖੜ੍ਹਾ ਆਖ ਰਿਹਾ ਸੀ, ‘‘ਮੈਨੂੰ ਇਸ ਵਾਰ ਮੁਆਫ਼ ਕਰ ਦੇਵੋ। ਹੁਣ ਮੈਂ ਅੱਗੇ ਤੋਂ ਸਭ ਦਾ ਕਹਿਣਾ ਮੰਨਾਂਗਾ ਅਤੇ ਬੰਸੀ ਵਾਂਗ ਚੰਗੀ ਸੰਗਤ ਵੀ ਕਰਾਂਗਾ।’’ ਇਹ ਸੁਣ ਕੇ ਮੰਮੀ ਨੇ ਅਰਮਾਨ ਅਤੇ ਬੰਸੀ ਨੂੰ ਕਲਾਵੇ ਵਿੱਚ ਲੈ ਕੇ ਲਾਡ ਲਡਾਇਆ।
ਸੰਪਰਕ: 98150-18947

Advertisement
Author Image

joginder kumar

View all posts

Advertisement
Advertisement
×