ਕਲਾ ਦਾ ਅਸਰ
ਗੁਰਦੀਪ ਢੁੱਡੀ
ਕੀਰਤੀ ਕਿਰਪਾਲ ਉਦੋਂ ਪੰਜਾਬੀ ਮਾਸਟਰ ਸੀ ਅਤੇ ਜੈਤੋ ਨੇੜਲੇ ਇਕ ਸਕੂਲ ਵਿਚ ਪੜ੍ਹਾਉਂਦਾ ਸੀ। ਨਾਟਕ ਦੀ ਚੇਟਕ ਉਹਨੂੰ ਉਦੋਂ ਹੀ ਲੱਗ ਗਈ ਸੀ ਜਦੋਂ ਉਹ ਉਮਰ ਵਿਚ ਅਜੇ ਛੋਟਾ ਹੀ ਸੀ। ਪਾਲੀ ਭੁਪਿੰਦਰ ਦਾ ਥਾਪੜਾ ਮਿਲਣ ਸਦਕਾ ਉਸ ਅੰਦਰਲੇ ਗਹਿਰ ਗੰਭੀਰ ਸ਼ਖ਼ਸ ਨੂੰ ਨਾਟਕਾਂ ਦੇ ਪਾਤਰ ਵਜੋਂ ਕੰਮ ਕਰਵਾਇਆ ਅਤੇ ਫਿਰ ਨਿਰਦੇਸ਼ਨ ਵਿਚ ਐਸਾ ਖੁੱਭਿਆ ਕਿ ਹੁਣ ਉਸ ਦਾ ਨਾਟਕ ਨਿਰਦੇਸ਼ਨ ਦੇ ਖੇਤਰ ਵਿਚ ਚੰਗਾ ਨਾਮ ਹੈ। ਮੇਰਾ ਉਸ ਨਾਲ ਵਾਹ 1999 ਵਿਚ ਉਦੋਂ ਪਿਆ ਜਦੋਂ ਵਿਭਾਗ ਨੇ ਮੇਰੀ ਡਿਊਟੀ ਕਵਿਤਾ ਮੁਕਾਬਲਿਆਂ ਦੀ ਜੱਜਮੈਂਟ ਵਿਚ ਲੱਗੀ ਸੀ। ਇਸ ਮੁਕਾਬਲੇ ਵਿਚ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਆਇਆ ਸੀ। ਮੁਕਾਬਲੇ ਦੇ ਨਤੀਜੇ ਬਾਅਦ ਮੇਰੇ ਕੋਲ ਆਇਆ, ਬੜੀ ਨਿਮਰਤਾ ਨਾਲ ਆਖਿਆ, “ਸਰ, ਸਾਡੇ ਵਿਦਿਆਰਥੀ ਦੀ ਪ੍ਰੋਫਾਰਮੈਂਸ ’ਚ ਕੀ ਕਮੀ ਸੀ, ਅਗਲੀ ਵਾਰੀ ਸੁਧਾਰ ਕਰ ਲਵਾਂਗੇ।”
“ਬੱਚਾ ਬੋਲ ਤਾਂ ਕਵਿਤਾ ਰਿਹਾ ਸੀ ਪਰ ਲੱਗਦਾ ਉਹ ਇਸ ਤਰ੍ਹਾਂ ਸੀ ਜਿਵੇਂ ਕਿਸੇ ਨਾਟਕ ਵਿਚ ਰੋਲ ਅਦਾ ਕਰ ਰਿਹਾ ਹੋਵੇ।” ਮੇਰੇ ਸੰਖੇਪ ਜਵਾਬ ਤੋਂ ਬਾਅਦ ਉਹ ਮੁਸਕਰਾ ਪਿਆ, “ਸਰ, ਇਸ ਵਿਚ ਲੜਕੇ ਦਾ ਕਸੂਰ ਨਹੀਂ। ਅਸਲ ਵਿਚ ਨਾਟਕ ਮੇਰਾ ਖੇਤਰ ਹੈ, ਇਹ ਕਵਿਤਾ ਮੈਂ ਈ ਤਿਆਰ ਕਰਵਾਈ ਸੀ।” ਉਸ ਦੇ ਚਿਹਰੇ ਦੀ ਗੰਭੀਰਤਾ ਅਤੇ ਨਿਮਰ ਸੁਭਾਅ ਨੇ ਵਾਹਵਾ ਟੁੰਬਿਆ। ਇਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਹੋਰ ਗੱਲਾਂ ਹੋਈਆਂ; ਫਿਰ ਉਮਰਾਂ ਦੇ ਪਾੜੇ ਘਟਦੇ ਗਏ ਤੇ ਅਸੀਂ ਦੋਸਤਾਂ ਵਾਂਗ ਮਿਲਣ ਲੱਗੇ। ਉਹਨੇ ਆਪਣੇ ਵਿਦਿਆਰਥੀਆਂ ਨੂੰ ਨਾਟਕ ਤਿਆਰ ਕਰਵਾਏ, ਵੱਡੇ ਮੁਕਾਬਲਿਆਂ ਤੇ ਵੱਡੀਆਂ ਸਟੇਜਾਂ ਤੱਕ ਲੈ ਕੇ ਗਿਆ। ਉਨ੍ਹਾਂ ਵਿਚੋਂ ਅੱਜ ਚੰਗੇ ਕਲਾਕਾਰ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ। ਕੀਰਤੀ ਦੇ ਆਪਣੇ ਵਿਸਥਾਰ ਦਾ ਗਵਾਹ ਬਣਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ।
2011 ਵਿਚ ਮੇਰੀ ਤਾਇਨਾਤੀ ਫ਼ਰੀਦਕੋਟ ਦੇ ਲੜਕੀਆਂ ਦੇ ਸਕੂਲ ਵਿਚ ਪ੍ਰਿੰਸੀਪਲ ਵਜੋਂ ਹੋਈ। ਇਹ ਸਕੂਲ ਬੱਸ ਅੱਡੇ ਦੇ ਨਾਲ ਲੱਗਵਾਂ ਹੈ। ਕੀਰਤੀ ਨੇ ਰਹਾਇਸ਼ ਜੈਤੋ ਤੋਂ ਬਠਿੰਡੇ ਦੀ ਕਰ ਲਈ ਸੀ ਪਰ ਉਹ ਨਾਟਕਾਂ ਦੀ ਤਿਆਰੀ ਫ਼ਰੀਦਕੋਟ ਹੀ ਕਰਵਉਂਦਾ ਹੁੰਦਾ ਸੀ। ਇਸ ਸਕੂਲ ਵਿਚ ਮੇਰੇ ਆਉਣ ਸਦਕਾ ਉਸ ਲਈ ਨਾਟਕਾਂ ਦੀ ਤਿਆਰੀ ਕਰਵਾਉਣੀ ਵਾਹਵਾ ਸੌਖੀ ਹੋ ਗਈ। ਉਹ ਫ਼ਰੀਦਕੋਟ ਆਉਂਦਾ ਅਤੇ ਆਪਣੇ ਕਲਾਕਾਰਾਂ ਨੂੰ ਸਕੂਲ ਆਉਣ ਦਾ ਸੱਦਾ ਦੇ ਕੇ ਤਿਆਰੀ ਕਰਵਾ ਲੈਂਦਾ। ਉਸ ਨੇ ‘ਪੀਰੂ ਦੀ ਸਾਰੰਗੀ’ ਅਤੇ ‘ਲੂਣਾ’ ਨਾਟਕ ਇੱਥੇ ਹੀ ਤਿਆਰ ਕਰਵਾਏ। ‘ਲੂਣਾ’ ਦੀਆਂ ਰਿਹਰਸਲਾਂ ਚੱਲ ਰਹੀਆਂ ਸਨ ਕਿ ਮੈਨੂੰ ਅਜਮੇਰ ਔਲਖ ਦੇ ਸਕੂਲ ਆਉਣ ਸਮੇਂ ਦੀ ਘਟਨਾ ਯਾਦ ਆ ਗਈ। ਆਪਣੇ ਇਲਾਜ ਲਈ ਔਲਖ ਸਾਹਿਬ ਫ਼ਰੀਦਕੋਟ ਦੇ ਮੈਡੀਕਲ ਕਾਲਜ ਆਉਂਦੇ ਸਨ। ਆਪਣੀ ਪਤਨੀ ਮਨਜੀਤ ਔਲਖ ਨਾਲ ਜਦੋਂ ਉਹ ਫ਼ਰੀਦਕੋਟ ਆਏ ਤਾਂ ਵਾਪਸੀ ’ਤੇ ਮੇਰੇ ਸਕੂਲ ਆ ਗਏ। ਸਕੂਲ ਆਉਣ ਬਾਰੇ ਗੁਰਮੀਤ ਸਿੰਘ (ਪੱਤਰਕਾਰ) ਨੇ ਮੈਨੂੰ ਦੱਸਿਆ ਸੀ। “ਗੁਰਦੀਪ ਬੱਲੇ, ਅਸੀਂ ਥੋੜ੍ਹੀ ਥੋੜ੍ਹੀ ਚਾਹ ਪੀਵਾਂਗੇ, ਜਿ਼ਆਦਾ ਸਮਾਂ ਔਲਖ ਸਾਹਿਬ ਤੋਂ ਬੈਠਿਆ ਨ੍ਹੀਂ ਜਾਣਾ।” ਸਕੂਲ ਆ ਕੇ ਮਨਜੀਤ ਔਲਖ ਨੇ ਮੈਨੂੰ ਸੁਚੇਤ ਕਰ ਦਿੱਤਾ ਸੀ। ਕਲਾ ਨਾਲ ਵਾਹ ਵਾਸਤਾ ਰੱਖਣ ਵਾਲੇ ਕੁਝ ਅਧਿਆਪਕਾਂ ਨੂੰ ਮੈਂ ਔਲਖ ਹੁਰਾਂ ਦੇ ਸਕੂਲ ਆਉਣ ਬਾਰੇ ਦੱਸਿਆ ਹੋਇਆ ਸੀ। ਜਿਵੇਂ ਹੀ ਔਲਖ ਸਾਹਿਬ ਦੀ ਗੱਡੀ ਸਕੂਲ ਵਿਚ ਆਈ, ਅਧਿਆਪਕਾਂ ਨੇ ਉਨ੍ਹਾਂ ਨੂੰ ਆਣ ਘੇਰਿਆ। ਔਲਖ ਸਾਹਿਬ ਆਪਣੇ ਨਾਟਕਾਂ, ਪਾਤਰਾਂ ਬਾਰੇ ਗੱਲਾਂ ਕਰਦੇ ਹੋਏ ਇੰਨੇ ਮਘਨ ਹੋ ਗਏ ਕਿ ਉਹ ਤੰਦਰੁਸਤਾਂ ਵਾਂਗ ਗੱਲਬਾਤ ਕਰ ਰਹੇ ਸਨ। ਮਨਜੀਤ ਭੈਣ ਜੀ ਅਤੇ ਗੁਰਮੀਤ ਸਿੰਘ ਹੋਰੀਂ ਪਾਸੇ ਬੈਠੇ ਹੱਸ ਰਹੇ ਸਨ। ਗੱਲਬਾਤ ਦਾ ਇਹ ਸਿਲਸਿਲਾ ਵਾਹਵਾ ਚਿਰ ਚੱਲਦਾ ਰਿਹਾ।
ਇਸ ਘਟਨਾ ਦੀ ਯਾਦ ਆਉਂਦਿਆਂ ਹੀ ਮੈਂ ਕੀਰਤੀ ਕਿਰਪਾਲ ਨੂੰ ਬੇਨਤੀ ਕੀਤੀ, “ਜੇ ਨਾਟਕ ਸਾਡੇ ਅਧਿਆਪਕਾਂ ਨੂੰ ਦਿਖਾ ਸਕੋ ਤਾਂ?”
“ਨਾਟਕ ਦੀ ਆਖ਼ਰੀ ਰਿਹਰਸਲ ਅਸੀਂ ਅਧਿਆਪਕਾਂ ਸਾਹਮਣੇ ਕਰ ਲਵਾਂਗੇ।” ਕੀਰਤੀ ਨੇ ਹਾਮੀ ਭਰੀ।
ਸਕੂਲ ਵਿਚ ਸਤੰਬਰ ਦੇ ਪੇਪਰ ਚੱਲ ਰਹੇ ਸਨ। ਬੱਚੇ ਪੇਪਰ ਦੇ ਕੇ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ ਸਨ। ਫਿਰ ਵੀ ਸੰਗੀਤ ਅਧਿਆਪਕਾ ਅਵਨਿੰਦਰ ਨੇ ਸੰਗੀਤ ਵਿਸ਼ੇ ਵਾਲੀਆਂ ਲੜਕੀਆਂ ਨੂੰ ਨਾਟਕ ਦਿਖਾਉਣ ਲਈ ਆਖਦਿਆਂ ਸਕੂਲ ਵਿਚ ਰੱਖ ਲਿਆ।... ਸਟੇਜ ਸੈਟਿੰਗ ਅਤੇ ਕਲਾਕਾਰਾਂ ਦੀ ਵੇਸ਼-ਭੂਸ਼ਾ ਤੋਂ ਬਿਨਾ ਹੀ ਨਾਟਕ ਖੇਡਿਆ ਗਿਆ। ਨਾਟਕ ਦੇ ਵਿਸ਼ੇ ਅਤੇ ਪੇਸ਼ਕਾਰੀ ਨੇ ਅਧਿਆਪਕਾਂ ਵਿਸ਼ੇਸ਼ ਕਰ ਕੇ ਔਰਤ ਅਧਿਆਪਕਾਵਾਂ ’ਤੇ ਇੰਨਾ ਗਹਿਰਾ ਅਸਰ ਕੀਤਾ ਕਿ ਕੁਝ ਔਰਤਾਂ ਨੂੰ ਅੱਖਾਂ ਪੂੰਝਦਿਆਂ ਦੇਖਿਆ।
ਉਸ ਦਿਨ ਮੇਰੇ ਮਨ ਵਿਚਲੀ ਗੱਲ ’ਤੇ ਮੋਹਰ ਲੱਗ ਗਈ ਕਿ ਉਹੀ ਕਲਾਤਮਿਕ ਕਿਰਿਆ ਆਪਣੇ ਮੰਤਵ ’ਤੇ ਖਰੀ ਉਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ਭਾਵਨਾਵਾਂ ਜਗਾਉਂਦੀ ਹੈ। ਇਹ ਆਪੇ ਦੀ ਪਛਾਣ ਕਰਵਾਉਂਦੀ ਹੈ। ਕਲਾ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਧੁਰ ਅੰਦਰ ਤੱਕ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ। ਕਲਾ ਦਾ ਕਾਰਜ ਖੇਤਰ ਬੜਾ ਵਿਸ਼ਾਲ ਹੁੰਦਾ ਹੈ। ਇਹ ਸੀਮਾਵਾਂ
ਵਿਚ ਕੈਦ ਨਹੀਂ ਹੁੰਦੀ। ਇਹ ਆਪਣੇ ਰਾਹ ਵੀ ਬਣਾਉਂਦੀ ਹੈ ਅਤੇ ਦਿਖਾਉਂਦੀ ਵੀ ਹੈ।
ਸੰਪਰਕ: 95010-20731