ਸਕੂਲਾਂ ਵਿੱਚ ਨਸ਼ਿਆਂ ਖਿਲਾਫ਼ ਮੁਹਿੰਮ ਚਲਾਏਗਾ ਸਿੱਖਿਆ ਵਿਭਾਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਪੰਜਾਬ ਲਿਟ ਫਾਊਂਡੇਸ਼ਨ ਨੇ ਯੂਟੀ ਦੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ‘ਮਦਰਜ਼ ਅਗੇਂਸਟ ਡਰੱਗ’ ਜਾਗਰੂਕਤਾ ਸਮਾਗਮ ਕਰਵਾਇਆ। ਇਹ ਸਮਾਗਮ ਪੀ ਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਲੜਕੀਆਂ ਵਿਚ ਕਰਵਾਇਆ ਗਿਆ। ਇਸ ਮੌਕੇ ਪੰਜਾਬ ਲਿਟ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਕੌਮੀ ਮਹਿਲਾ ਕਮਿਸ਼ਨ ਦੀ ਮੀਡੀਆ ਸਲਾਹਕਾਰ ਸਨਾ ਕੌਸ਼ਲ ਦੀ ਅਗਵਾਈ ਹੇਠ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਮਾਵਾਂ ਨੂੰ ਸਭ ਤੋਂ ਪਹਿਲਾਂ ਇਸ ਵਰਤਾਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਿਹਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਨਸ਼ਿਆਂ ਦੀ ਵੱਧ ਰਹੀ ਮਹਾਂਮਾਰੀ ਵਿਰੁੱਧ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਸਕੂਲ ਸਿੱਖਿਆ ਐਚਪੀ ਐਸ ਬਰਾੜ ਪੁੱਜੇ। ਉਨ੍ਹਾਂ ਕਿਹਾ ਕਿ ਉਹ ਸਕੂਲਾਂ ਵਿਚ ਇਸ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਉਣਗੇ। ਇਸ ਮੌਕੇ 110 ਸਰਕਾਰੀ ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਖੁਸ਼ਵੰਤ ਸਿੰਘ ਨੇ ਕਿਹਾ ਕਿ ਮਾਵਾਂ ਆਪਣੇ ਘਰਾਂ ਦੀਆਂ ਮੁੱਖ ਮੰਤਰੀਆਂ ਹੁੰਦੀਆਂ ਹਨ ਜੇ ਉਹ ਇੱਕ ਵਾਰ ਆਪਣੇ ਬੱਚਿਆਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਡਟ ਜਾਣ ਤਾਂ ਨਸ਼ਿਆਂ ਦਾ ਪੱਕਾ ਖਾਤਮਾ ਹੋ ਜਾਵੇਗਾ। ਸਨਾ ਕੌਸ਼ਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰਿਵਾਰਾਂ ਵਾਲੇ ਇਕੱਠੇ ਭੋਜਨ ਕਰਨ ਤੇ ਨਸ਼ਿਆਂ ਦੀ ਸਮੱਸਿਆ ਬਾਰੇ ਜਾਗਰੂਕ ਕਰਨ ਤੇ ਬੱਚਿਆਂ ਨੂੰ ਹੋਰ ਉਸਾਰੂ ਕੰਮਾਂ ਤੇ ਨਸ਼ਿਆਂ ਖ਼ਿਲਾਫ਼ ਸੁਨੇਹਾ ਦੇੇਣ। ਇਸ ਵਰਤਾਰੇ ਖ਼ਿਲਾਫ ਸਾਰਿਆਂ ਨੂੰ ਡਟਣ ਦੀ ਲੋੜ ਹੈ।