ਦੇਸ਼ ਦੀ ਆਰਥਿਕ ਵਿਕਾਸ ਦਰ 8-8.3 ਫ਼ੀਸਦ ਰਹਿਣ ਦਾ ਅਨੁਮਾਨ
ਨਵੀਂ ਦਿੱਲੀ: ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐੱਚਡੀਸੀਸੀਆਈ) ਨੇ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ ’ਚ 8 ਤੋਂ 8.3 ਫ਼ੀਸਦ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜੀਡੀਪੀ ਅਗਲੇ 23 ਸਾਲਾਂ ਤੱਕ ਔਸਤਨ 6.7 ਫ਼ੀਸਦ ਦੀ ਦਰ ਨਾਲ ਵਧੇਗੀ ਅਤੇ 2047 ਤੱਕ ਇਸ ਦੇ 34,700 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਉਸ ਸਮੇਂ ਤੱਕ ਪ੍ਰਤੀ ਵਿਅਕਤੀ ਆਮਦਨ 21 ਹਜ਼ਾਰ ਡਾਲਰ ਹੋਵੇਗੀ। ਪੀਐੱਚਡੀਸੀਸੀਆਈ ਦੇ ਮੁੱਖ ਅਰਥਸ਼ਾਸਤਰੀ ਐੱਸ ਪੀ ਸ਼ਰਮਾ ਨੇ ਕਿਹਾ,‘‘ਦੇਸ਼ ’ਚ ਵਿਕਾਸ ਦੇ ਲਿਹਾਜ ਨਾਲ ਬੁਨਿਆਦ ਮਜ਼ਬੂਤ ਹੈ। ਸਾਲ 2035 ਮਗਰੋਂ ਵਿਕਾਸ ਦਰ ਉਪਰਲੇ ਪੱਧਰ ਤੋਂ ਹੌਲੀ-ਹੌਲੀ ਹੇਠਾਂ ਆਵੇਗੀ ਅਤੇ ਔਸਤਨ ਇਹ ਅਗਲੇ 23 ਸਾਲ ਤੱਕ 6.7 ਫ਼ੀਸਦ ਰਹੇਗੀ।’’ ਚੈਂਬਰ ਨੇ ਇਕ ਰਿਪੋਰਟ ’ਚ ਦੇਸ਼ ਨੂੰ 2047 ਤੱਕ ਵਿਕਸਤ ਅਰਥਚਾਰਾ ਬਣਾਉਣ ਦੇ ਸੁਝਾਅ ਵੀ ਦਿੱਤੇ। ਉਨ੍ਹਾਂ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਲਈ ਵਪਾਰ ਕਰਨ ਦੀ ਲਾਗਤ ਘੱਟ ਕਰਨ ਅਤੇ ਫਿਨਟੈੱਕ, ਸੂਚਨਾ ਤਕਨਲੋਜੀ, ਆਟੋਮੋਬਾਈਲ ਅਤੇ ਨਵਿਆਉਣਯੋਗ ਊਰਜਾ ਜਿਹੇ ਖੇਤਰਾਂ ’ਚ ਆਲਮੀ ਪੱਧਰ ’ਤੇ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਸਮਰੱਥਾ ਵਧਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਚੈਂਬਰ ਨੇ ਸੈਮੀਕੰਡਕਟਰ ਇੰਡਸਟਰੀ ਦੇ ਵਿਕਾਸ ’ਤੇ ਉਚੇਚੇ ਤੌਰ ’ਤੇ ਧਿਆਨ ਦੇਣ ਦਾ ਵੀ ਸੁਝਾਅ ਦਿੱਤਾ। -ਪੀਟੀਆਈ