For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ’ਚ ਪਈ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੂੰਜ

07:51 AM May 08, 2024 IST
ਲੋਕ ਸਭਾ ਚੋਣਾਂ ’ਚ ਪਈ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੂੰਜ
Advertisement

ਗਗਨਦੀਪ ਅਰੋੜਾ
ਲੁਧਿਆਣਾ, 7 ਮਈ
ਮਰਹੂਮ ਪੰਜਾਬੀ ਗਾਇਕ ਤੇ ਕਾਂਗਰਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਾਮ ਲੋਕ ਸਭਾ ਚੋਣਾਂ ਦੌਰਾਨ ਗੂੰਜ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਸਿੱਧੂ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਲੁਧਿਆਣਾ ਦੇ ਨਾਲ ਨਾਲ ਜਿੱਥੇ ਵੀ ਚੋਣ ਜਲਸਾ ਕਰਦੇ ਹਨ, ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ ਤੇ ਸਾਫ਼ ਤੌਰ ’ਤੇ ਦੋਸ਼ ਲਾਉਂਦੇ ਹਨ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਆਈ ਹੈ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਰਕਾਰ ਨੂੰ ਘੇਰਦੇ ਹੋਏ ਨਾਲ ਹੀ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ’ਤੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਤੋਂ ਪਿੱਛੇ ਹਟਣ ਦੇ ਦੋਸ਼ ਲਾਏ।
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਹਾਤੀ ਖੇਤਰਾਂ ਦੇ ਨਾਲ ਨਾਲ ਸ਼ਹਿਰੀ ਇਲਾਕਿਆਂ ’ਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਝਾੜੂ ਦੀ ਸਰਕਾਰ ਨੇ ਹੀ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਹੈ। ਹੁਣ ਉਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਤਾਂ ਸਰਕਾਰ ਨੇ ਪੁਲੀਸ ਭੇਜੀ ਤੇ ਪੁੱਛ-ਪੜਤਾਲ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਲੜਕਾ ਕਿਵੇਂ ਤੇ ਕਿਉਂ ਪੈਦਾ ਹੋਇਆ ਹੈ। ਇਸ ਸਮੇਂ ’ਚ ਕਿਵੇਂ ਬੱਚਾ ਪੈਦਾ ਹੋ ਸਕਦਾ ਹੈ। ਇਸ ਨਾਲ ਸਰਕਾਰ ਧੱਕੇਸ਼ਾਹੀ ਕਰਨ ਲੱਗ ਗਈ ਹੈ। ਉਹ ਲੋਕਾਂ ਨੂੰ ਆਖ ਰਹੇ ਹਨ ਕਿ ਕੇਂਦਰ ’ਚ ਜੇਕਰ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਧਰ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਰਕਾਰ ਅਤੇ ਕਾਂਗਰਸੀਆਂ ਨੂੰ ਘੇਰ ਰਹੇ ਹਨ।
ਉਹ ਆਖ ਰਹੇ ਹਨ ਕਿ ਕਾਂਗਰਸ ਆਗੂਆਂ ਕਾਰਨ ਹੀ ਇਨਸਾਫ਼ ਮਿਲਣ ਵਿਚ ਦੇਰੀ ਹੋ ਰਹੀ ਹੈ। ਬਿੱਟੂ ਆਖਦੇ ਹਨ ਕਿ ਕੇਂਦਰ ’ਚ ਮੋਦੀ ਸਰਕਾਰ ਆਉਣ ’ਤੇ ਚਾਰ ਜੂਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਉਹ ਖੁਦ ਲੈ ਕੇ ਜਾਣਗੇ ਅਤੇ ਇਨਸਾਫ਼ ਦਿਵਾਉਣਗੇ। ਉਧਰ, ਰਣਜੀਤ ਸਿੰਘ ਢਿੱਲੋਂ ਵੀ ਮਾਨ ਸਰਕਾਰ ਨੂੰ ਇਸ ਮੁੱਦੇ ’ਤੇ ਘੇਰ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×