For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਧਾਨ ਸਭਾ ਵਿੱਚ ‘ਪੋਸਤ ਦੀ ਖੇਤੀ’ ਦੀ ਗੂੰਜ..!

08:44 AM Mar 08, 2024 IST
ਪੰਜਾਬ ਵਿਧਾਨ ਸਭਾ ਵਿੱਚ ‘ਪੋਸਤ ਦੀ ਖੇਤੀ’ ਦੀ ਗੂੰਜ
ਵਿਧਾਨ ਸਭਾ ਦਾ ਸੈਸ਼ਨ ਮੁੱਕਣ ਮਗਰੋਂ ਬਾਹਰ ਆਉਂਦੇ ਹੋਏ ਵਿਧਾਇਕ। -ਫੋਟੋ: ਵਿੱਕੀ ਘਾਰੂ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਮਾਰਚ
ਪੰਜਾਬ ਵਿਧਾਨ ਸਭਾ ਵਿੱਚ ਅੱਜ ‘ਪੋਸਤ ਦੀ ਖੇਤੀ’ ਦੀ ਗੂੰਜ ਪਈ। ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੌਰਾਨ ਇਹੋ ਮੁੱਦਾ ਛਾਇਆ ਰਿਹਾ। ਸੱਤਾਧਾਰੀ ਧਿਰ ਨੇ ‘ਪੋਸਤ ਦੀ ਖੇਤੀ’ ਦੇ ਨਫਿਆਂ ਬਾਰੇ ਚਰਚਾ ਕੀਤੀ ਜਦੋਂ ਕਿ ਵਿਰੋਧੀ ਧਿਰ ਵੱਲੋਂ ਕਿਸੇ ਵੀ ਵਿਧਾਇਕ ਨੇ ਇਸ ਮਾਮਲੇ ’ਤੇ ਮੂੰਹ ਨਹੀਂ ਖੋਲ੍ਹਿਆ। ‘ਆਪ’ ਵਿਧਾਇਕਾਂ ਨੇ ਸੂਬੇ ਵਿੱਚ ਪੋਸਤ ਦੀ ਖੇਤੀ ’ਤੇ ਪੰਜਾਬ ਸਰਕਾਰ ਨੂੰ ਗੌਰ ਕਰਨ ਵਾਸਤੇ ਕਿਹਾ।
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਅੱਜ ਪ੍ਰਸ਼ਨ ਕਾਲ ਦੌਰਾਨ ਪੋਸਤ ਦੀ ਖੇਤੀ ਬਾਰੇ ਸਵਾਲ ਕੀਤਾ ਜਿਸ ਦਾ ਜਵਾਬ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤਾ। ਖੇਤੀ ਮੰਤਰੀ ਨੇ ਕਿਹਾ ਕਿ ਪੋਸਤ ਦੀ ਖੇਤੀ ਦਾ ਸਵਾਲ ਆਉਣ ’ਤੇ ਸਭ ਦੇ ਚਿਹਰੇ ਖਿੜ ਗਏ ਹਨ। ਖੇਤੀ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਪੋਸਤ ਦੀ ਖੇਤੀ ਸ਼ੁਰੂ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ। ਵਿਧਾਇਕ ਪਠਾਨਮਾਜਰਾ ਨੇ ਦਲੀਲ ਦਿੱਤੀ ਕਿ ਸਿੰਥੈਟਿਕ ਨਸ਼ਿਆਂ ਦੀ ਰੋਕਥਾਮ ਲਈ ਪੋਸਤ ਦੀ ਖੇਤੀ ਸਹਾਈ ਹੋ ਸਕਦੀ ਹੈ। ਇਸ ਦੌਰਾਨ ਇਹ ਵੀ ਤਰਕ ਪੇਸ਼ ਹੋਏ ਕਿ ਅਫ਼ੀਮ ਜਾਂ ਪੋਸਤ ਕਦੇ ਜਾਨੀ ਨੁਕਸਾਨ ਨਹੀਂ ਕਰਦਾ ਹੈ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੋਸਤ ਦੀ ਖੇਤੀ ਦੀ ਤਾਈਦ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ ਅਤੇ ਸਿੰਥੈਟਿਕ ਨਸ਼ਾ ਇਨ੍ਹਾਂ ਮੌਤਾਂ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪੋਸਤ ਦੀ ਖੇਤੀ ਹੁੰਦੀ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਸਬੰਧੀ ਵਿਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਤ ਦੀ ਖੇਤੀ ਨਾਲ ਜਿੱਥੇ ਕਿਸਾਨ ਬਚੇਗਾ, ਉੱਥੇ ਹੀ ਜਵਾਨੀ ਵੀ ਬਚੇਗੀ। ਬਾਜ਼ੀਗਰ ਨੇ ਪੋਸਤ ਦੀ ਖੇਤੀ ਥਾਈਲੈਂਡ ਵਿੱਚ ਵੀ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਦਵਾਈਆਂ ਵਿੱਚ ਅਫ਼ੀਮ ਵਰਤੀ ਜਾਂਦੀ ਹੈ।
ਜਦੋਂ ਸਦਨ ਵਿੱਚ ਪੋਸਤ ਦੀ ਖੇਤੀ ਦਾ ਮੁੱਦਾ ਉੱਠਿਆ ਤਾਂ ਮਾਹੌਲ ਕਾਫੀ ਸੁਖਾਵਾਂ ਸੀ। ਇਸੇ ਦੌਰਾਨ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵੀ ਪੋਸਤ ਦੀ ਖੇਤੀ ਬਾਰੇ ਹੁੰਗਾਰਾ ਭਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੋਸਤ ਦੀ ਖੇਤੀ ਬਾਰੇ ਮਾਹਿਰਾਂ ਦੀ ਰਾਇ ਲੈ ਸਕਦੀ ਹੈ ਅਤੇ ਇਸ ਮੁੱਦੇ ’ਤੇ ਪਹਿਲਾਂ ਸੈਮੀਨਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਪੋਸਤ ਦੀ ਖੇਤੀ ਬਾਰੇ ਵਿਚਾਰ-ਚਰਚਾ ਹੋਵੇ। ਦੱਸਣਯੋਗ ਹੈ ਕਿ ਇਸ ਮਾਮਲੇ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੂੰਹ ਨਹੀਂ ਖੋਲ੍ਹਿਆ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੀ ਪਰਿਵਾਰਕ ਜੀਅ ਦੇ ਹਵਾਲੇ ਨਾਲ ਪੋਸਤ ਦੀ ਖੇਤੀ ਬਾਰੇ ਆਪਣੀ ਵੱਖਰੀ ਰਾਇ ਰੱਖੀ। ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੋਸਤ ਦੀ ਖੇਤੀ ਦੇ ਪੱਖ ਵਿੱਚ ਕਿਹਾ ਕਿ ਬਜ਼ੁਰਗ ਸਦੀਆਂ ਤੋਂ ਇਹ ਨਸ਼ਾ ਵਰਤਦੇ ਆ ਰਹੇ ਹਨ ਜਿਨ੍ਹਾਂ ਵੱਲੋਂ ਹੱਥੀਂ ਕੰਮ ਵੀ ਕੀਤਾ ਜਾਂਦਾ ਸੀ ਤੇ ਕਦੇ ਕੋਈ ਮੌਤ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਵੈਦ ਤੇ ਡਾਕਟਰ ਵੀ ਅਧਰੰਗ ਦੇ ਅਟੈਕ ਮੌਕੇ ਅਫ਼ੀਮ ਦੀ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਗ਼ੌਰ ਕਰਨੀ ਚਾਹੀਦੀ ਹੈ।

Advertisement

ਪੋਸਤ ਦੇ ਠੇਕੇ ਕਿਸ ਨੇ ਬੰਦ ਕਰਾਏ: ਕੁਲਤਾਰ ਸਿੰਘ ਸੰਧਵਾਂ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਚਾਰ-ਚਰਚਾ ਵਿੱਚ ਦਖ਼ਲ ਦਿੰਦਿਆਂ ਜਾਣਨਾ ਚਾਹਿਆ ਕਿ ਪਹਿਲਾਂ ਪੰਜਾਬ ਵਿੱਚ ਅਫ਼ੀਮ/ਪੋਸਤ ਦੇ ਜੋ ਠੇਕੇ ਹੁੰਦੇ ਸਨ ਉਹ ਕਦੋਂ ਬੰਦ ਹੋਏ। ਉਨ੍ਹਾਂ ਖੇਤੀ ਮੰਤਰੀ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ। ਵਿਧਾਇਕ ਫੌਜਾ ਸਿੰਘ ਸਰਾਰੀ ਨੇ ਸਪੀਕਰ ਦੇ ਸਵਾਲ ਵਾਰੇ ਕਿਹਾ ਕਿ ਜਦੋਂ ਸੂਬੇ ਵਿੱਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਇਹ ਠੇਕੇ ਬੰਦ ਕਰਵਾਏ ਸਨ। ਇਸੇ ਦੌਰਾਨ ਸਪੀਕਰ ਸੰਧਵਾਂ ਨੇ ਸਦਨ ਵਿਚ ਕੇਂਦਰ ਸਰਕਾਰ ਵੱਲੋਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਉੱਤੇ ਗੋਲੀਆਂ ਚਲਾਏ ਜਾਣ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅੰਨਦਾਤੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕੀਤਾ। ਡਾ. ਨਛੱਤਰਪਾਲ ਨੇ ਸਦਨ ਵਿਚ ਮੁਲਾਜ਼ਮ ਜਥੇਬੰਦੀਆਂ ਨੂੰ ਚੰਡੀਗੜ੍ਹ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ਦਾ ਮਾਮਲਾ ਉਠਾਇਆ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਮੀਨੀ ਪਾਣੀ ਬਚਾਉਣ ਲਈ ਮੱਕੀ ਕਦੇ ਬਦਲ ਨਹੀਂ ਬਣ ਸਕਦੀ।

1.12 ਲੱਖ ਕਿਸਾਨਾਂ ਕੋਲ ਪੋਸਤ ਦੀ ਖੇਤੀ ਦੇ ਲਾਇਸੈਂਸ

ਕੇਂਦਰ ਸਰਕਾਰ ਵੱਲੋਂ ਸਾਲ 2023-24 ਲਈ ਪੋਸਤ ਦੀ ਖੇਤੀ ਵਾਸਤੇ ਤਿੰਨ ਸੂਬਿਆਂ ਦੇ 1.12 ਲੱਖ ਕਿਸਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਮੱਧ ਪ੍ਰਦੇਸ਼ ਦੇ 54,500 ਕਿਸਾਨਾਂ, ਰਾਜਸਥਾਨ ਦੇ 47 ਹਜ਼ਾਰ ਕਿਸਾਨਾਂ ਅਤੇ ਉੱਤਰ ਪ੍ਰਦੇਸ਼ ਦੇ 10 ਹਜ਼ਾਰ ਕਿਸਾਨਾਂ ਨੂੰ ਪੋਸਤ ਦੀ ਕਾਸ਼ਤ ਕਰਨ ਲਈ ਲਾਇਸੈਂਸ ਜਾਰੀ ਹੋਏ ਹਨ। ਕੇਂਦਰ ਸਰਕਾਰ ਆਉਂਦੇ ਤਿੰਨ ਵਰ੍ਹਿਆਂ ਵਿੱਚ ਪੋਸਤ ਦੀ ਮੰਗ ਅਤੇ ਪ੍ਰੋਸੈਸਿੰਗ ਸਮਰੱਥਾ ਨੂੰ ਦੇਖਦੇ ਹੋਏ ਮੁਲਕ ਵਿੱਚ 1.45 ਲੱਖ ਕਿਸਾਨਾਂ ਨੂੰ ਲਾਇਸੈਂਸ ਜਾਰੀ ਕਰਨ ਬਾਰੇ ਯੋਜਨਾ ਬਣਾ ਰਹੀ ਹੈ।

ਮਾਣੂੰਕੇ ਵੱਲੋਂ ਤੰਬਾਕੂ ਦਾ ਵਿਰੋਧ

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸੂਬੇ ਵਿੱਚ ਤੰਬਾਕੂ ਦੀ ਵਰਤੋਂ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਧਾਰਮਿਕ ਸਥਾਨਾਂ ਲਾਗੇ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਤੰਬਾਕੂ ਵੇਚ ਵੀ ਰਹੇ ਹਨ ਅਤੇ ਉਸ ਦਾ ਸੇਵਨ ਵੀ ਕਰ ਰਹੇ ਹਨ ਜੋ ਕਿ ਆਉਣ ਵਾਲੀਆਂ ਨਸਲਾਂ ਲਈ ਵੱਡੀ ਚੁਣੌਤੀ ਹੈ। ਇਸੇ ਦੌਰਾਨ ਵਿਧਾਇਕਾ ਮਾਣੰੂਕੇ ਨੇ ਜਗਰਾਉਂ ਹਲਕੇ ਦੇ ਪਿੰਡ ਅਖਾੜਾ ਵਿਚਲੇ ਨਹਿਰੀ ਅਰਾਮਘਰ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਦਾ ਮਾਮਲਾ ਚੁੱਕਿਆ, ਜਿਸ ਸਬੰਧੀ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ 231 ਨਹਿਰੀ ਅਰਾਮਘਰ ਖਸਤਾ ਹਾਲਤ ਵਿੱਚ ਹਨ, ਜਿਨ੍ਹਾਂ ’ਚੋਂ ਸੱਤ ਨਹਿਰੀ ਅਰਾਮਘਰਾਂ ਨੂੰ ਵਿਕਸਿਤ ਕੀਤਾ ਜਾਣਾ ਹੈ। ਸਪੀਕਰ ਕੁਲਤਾਰ ਸੰਧਵਾਂ ਨੇ ਦਖਲ ਦਿੰਦਿਆਂ ਕਿਹਾ ਕਿ ਜੇਕਰ ਸਾਰੇ ਨਹਿਰੀ ਅਰਾਮਘਰਾਂ ਦਾ ਨਵੀਨੀਕਰਨ ਕਰ ਦਿੱਤਾ ਹੈ ਤਾਂ ਇਸ ਨਾਲ ਸੈਰ ਸਪਾਟਾ ਪ੍ਰਫੁੱਲਤ ਹੋਵੇਗਾ।

Advertisement
Author Image

sukhwinder singh

View all posts

Advertisement
Advertisement
×