ਪੱਛਮ ’ਤੇ ਭਾਰੀ ਪੈਣ ਲੱਗਾ ਪੂਰਬ
ਪੱਛਮ ਅਤੇ ਬਾਕੀ ਦੁਨੀਆ ਵਿਚਕਾਰ ਤਣਾਤਣੀ ਤਿੱਖੀ ਹੋ ਰਹੀ ਹੈ। ਹੁਣ ਸਪੱਸ਼ਟ ਹੋ ਗਿਆ ਹੈ ਕਿ ਪੱਛਮ ਭਾਵੇਂ ਜ਼ੋਰਦਾਰ ਢੰਗ ਨਾਲ ਮੁੱਕੇ ਜੜ ਰਿਹਾ ਹੈ ਪਰ ਇਹ ਛਿੱਥਾ ਪੈ ਰਿਹਾ ਹੈ। ਕਿਸੇ ਵੇਲੇ ਏਸ਼ੀਆ ਪ੍ਰਸ਼ਾਂਤ ਖਿੱਤੇ ਅੰਦਰ ਅਮਰੀਕੀ ਜਲ ਸੈਨਾ ਦਾ ਦਬਦਬਾ ਸੀ, ਹੁਣ ਇਸ ਨੇ ਡਰਾਵੇ (ਡੈਟਰੈਂਸ) ਵਾਲਾ ਪੈਂਤੜਾ ਅਪਣਾ ਲਿਆ ਹੈ। ਆਰਥਿਕ ਖੇਤਰ ਵਿਚ ਹੀ ਅਮਰੀਕਾ ਨੇ ਹਮਲਾਵਰ ਰੁਖ਼ ਛੱਡ ਕੇ (ਪਾਬੰਦੀਆਂ) ਬਚਾਅ ਦੀ ਮੁਦਰਾ (ਅਮਰੀਕੀ ਮੰਡੀਆਂ ਦੁਆਲੇ ਮਹਿਸੂਲਾਂ ਦੀ ਕੰਧ ਖੜ੍ਹੀ ਕਰ ਕੇ) ਅਖ਼ਤਿਆਰ ਕਰ ਲਈ ਹੈ ਅਤੇ ਯੂਕਰੇਨ ਦੇ ਹੱਕ ਵਿੱਚ ਪੱਛਮ ਦੀ ਇਮਦਾਦ ਰੂਸ ਨੂੰ ਡੱਕ ਨਹੀਂ ਪਾਈ। ਮਾਓ ਜ਼ੇ ਤੁੰਗ ਨੇ ਕਾਫ਼ੀ ਚਿਰ ਪਹਿਲਾਂ ਕਿਹਾ ਸੀ ਕਿ ਪੂਰਬ ਦੀ ਪੌਣ ਪੱਛਮ ’ਤੇ ਭਾਰੂ ਹੋ ਗਈ ਹੈ, ਇਹ ਸ਼ਾਇਦ ਹੁਣ ਵਾਪਰਨਾ ਸ਼ੁਰੂ ਹੋ ਗਿਆ ਹੈ।
ਕਈ ਸਾਲਾਂ ਤੱਕ ਪੱਛਮੀ ਵਿਸ਼ਲੇਸ਼ਕ ਅਤੇ ਪੱਤਰਕਾਰ ਚੀਨ ਤੇ ਰੂਸ ਬਾਰੇ ਗ਼ਲਤ ਪੜ੍ਹਤ ਲੈਂਦੇ ਰਹੇ ਹਨ। ਰੂਸ ਨੂੰ ਇੰਝ ਪੇਸ਼ ਕੀਤਾ ਜਾਂਦਾ ਰਿਹਾ ਕਿ ਇਹ ਆਰਥਿਕ ਤੌਰ ’ਤੇ ਅਸਥਿਰ ਹੈ; ਵਲਾਦੀਮੀਰ ਪੂਤਿਨ ਨੂੰ ਸਿਆਸੀ ਚੁਣੌਤੀਆਂ ਵਿੱਚ ਘਿਰਿਆ ਅਤੇ ਸ਼ਾਇਦ ਗੰਭੀਰ ਰੂਪ ’ਚ ਬਿਮਾਰ ਆਗੂ ਆਖਿਆ ਜਾਂਦਾ ਰਿਹਾ। ਚੀਨ ਦੇ ਚੌਫ਼ਾਲ ਡਿੱਗਣ ਦੇ ਕਿਆਫ਼ੇ ਦੋ ਦਹਾਕਿਆਂ ਤੋਂ ਲਾਏ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਇਹ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਫਿਰ ਵੀ ਰੂਸ ਨੇ ਹੈਰਾਨਕੁਨ ਢੰਗ ਨਾਲ ਪੱਛਮੀ ਪਾਬੰਦੀਆਂ ਦਾ ਸਾਹਮਣਾ ਕੀਤਾ। ਇਸ ਨੇ ਯੂਕਰੇਨ ਵਿੱਚ ਆਪਣਾ ਹੱਥ ਉਤਾਂਹ ਕਰ ਲਿਆ ਅਤੇ ਪੂਤਿਨ ਨੂੰ ਇੱਕ ਹੋਰ ਕਾਰਜਕਾਲ ਲਈ ਚੁਣ ਲਿਆ ਗਿਆ। ਇਸ ਦੌਰਾਨ ਚੀਨ ਆਪਣੇ ਹਾਣੀ ਆਮਦਨ ਪੱਧਰਾਂ ਵਾਲੇ ਅਰਥਚਾਰਿਆਂ ’ਚੋਂ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਅਰਥਚਾਰਾ ਬਣਿਆ ਹੋਇਆ ਹੈ।
ਹਾਲ ਹੀ ਵਿੱਚ ਅਮਰੀਕਾ ਨੇ ਚੀਨ ਦੀਆਂ ਕੁਝ ਵਸਤਾਂ ਉਪਰ ਮਹਿਸੂਲ ਦਰਾਂ ਵਿੱਚ ਜੋ ਤਿੱਖਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਉਹ ਕੋਈ ਮੁਕੰਮਲ ਵਪਾਰ ਯੁੱਧ ਦਾ ਸੰਕੇਤ ਨਹੀਂ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਉਨ੍ਹਾਂ ਚੀਜ਼ਾਂ ’ਤੇ ਹੈ ਜੋ ਚੀਨ ਅਮਰੀਕਾ ਵਿਚ ਬਹੁਤਾ ਵੇਚ ਹੀ ਨਹੀਂ ਰਿਹਾ। ਇਸ ਕਿਸਮ ਦੇ ਬਚਾਓਵਾਦੀ ਹਥਕੰਡੇ ਪਹਿਲਾਂ ਵਾਲੀਆਂ ਜ਼ਾਹਿਰਾਨਾ ਪੇਸ਼ਕਦਮੀਆਂ ’ਤੇ ਦਿੱਤੇ ਜਾਂਦੇ ਜ਼ੋਰ ਨਾਲ ਮੇਲ ਨਹੀਂ ਖਾਂਦੇ। ਉਮੀਦ ਕੀਤੀ ਜਾਂਦੀ ਸੀ ਕਿ ਉਨ੍ਹਾਂ ਜ਼ਾਹਿਰਾਨਾ ਪੇਸ਼ਕਦਮੀਆਂ ਨਾਲ ਅਮਰੀਕਾ ਦੇ ਦੁਸ਼ਮਣਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਵੇਗੀ। ਇਸ ਲਈ ਇਸ ਸੰਕੇਤ ਦਾ ਧੁਰਾ ਮੁੱਖ ਤੌਰ ’ਤੇ ਰਾਸ਼ਟਰਪਤੀ ਜੋਅ ਬਾਇਡਨ ਦਾ ਘਰੋਗੀ ਸਿਆਸੀ ਆਧਾਰ ਹੈ। ਇਸ ਦੇ ਹੁੰਦਿਆਂ-ਸੁੰਦਿਆਂ ਚੀਨ ਨਿਸ਼ਾਨੇ ’ਤੇ ਰੱਖੀਆਂ ਜਿ਼ਆਦਾਤਰ ਵਸਤੂਆਂ ਦਾ ਮੁੱਖ ਉਤਪਾਦਕ ਹੈ ਅਤੇ ਇਹ ਹੋਰ ਮੰਡੀਆਂ ਲੱਭ ਸਕਦਾ ਹੈ। ਇਸ ਦਾ ਖਮਿਆਜ਼ਾ ਅਮਰੀਕੀ ਦਰਾਮਦਕਾਰਾਂ ਨੂੰ ਭੁਗਤਣਾ ਪਵੇਗਾ ਜਿਨ੍ਹਾਂ ਨੂੰ ਕੁਝ ਆਈਟਮਾਂ ਦੀ ਸਪਲਾਈ ਦਾ ਬਦਲਵਾਂ ਸਰੋਤ ਨਹੀਂ ਮਿਲ ਸਕਣਾ। ਚੀਨ ਤੀਜੀ ਦੁਨੀਆ ਦੇ ਦੇਸ਼ਾਂ ਵਿਚਲੀਆਂ ਫੈਕਟਰੀਆਂ ਰਾਹੀਂ ਵੀ ਸਪਲਾਈ ਭੇਜ ਸਕਦਾ ਹੈ। ਇਸ ਦੌਰਾਨ ਅਮਰੀਕੀ ਖਪਤਕਾਰਾਂ ਨੂੰ ਮਹਿੰਗਾਈ ਦਰ ਦੀ ਕੀਮਤ ਤਾਰਨੀ ਪਵੇਗੀ। ਬਿਨਾਂ ਸ਼ੱਕ ਪਾਬੰਦੀਆਂ ਨੇ ਸੱਟ ਮਾਰੀ ਸੀ ਪਰ ਇਸ ਦਾ ਅਸਰ ਅੰਸ਼ਕ ਸਾਬਿਤ ਹੋਇਆ। ਰੂਸ ਨੇ ਆਪਣੇ ਤੇਲ ਤੇ ਗੈਸ ਦੇ ਨਵੇਂ ਗਾਹਕ ਲੱਭ ਲਏ; ਯੂਰੋਪ ਨੇ ਸਸਤੀ ਊਰਜਾ ਦਾ ਅਹਿਮ ਸਰੋਤ ਗੁਆ ਲਿਆ ਜਿਸ ਕਰ ਕੇ ਜਰਮਨੀ ਜਿਹੇ ਕਈ ਅਰਥਚਾਰੇ ਡਾਵਾਂਡੋਲ ਹੋ ਗਏ। ਇਸ ਦੌਰਾਨ ਰੂਸੀ ਅਰਥਚਾਰੇ ਅਜੇ ਵੀ ਪ੍ਰਫੁੱਲਤ ਹੋ ਰਿਹਾ ਹੈ।
ਰੂਸ ਅਤੇ ਚੀਨ ਨੇ ਅਜਿਹੀਆਂ ਅਦਾਇਗੀ ਪ੍ਰਣਾਲੀਆਂ ਵਿਕਸਤ ਕਰ ਲਈਆਂ ਜੋ ਡਾਲਰ (ਰੂਸ ਤੇ ਚੀਨ ਦਾ 95 ਫ਼ੀਸਦ ਵਪਾਰ ਇਸ ਵੇਲੇ ਮੁਕਾਮੀ ਕਰੰਸੀਆਂ ਵਿੱਚ ਹੋ ਰਿਹਾ ਹੈ) ਅਤੇ ਇੱਥੋਂ ਤੱਕ ‘ਸਵਿਫਟ’ ਜਿਹੀਆਂ ਬੈਂਕਿੰਗ ਸੰਚਾਰ ਪ੍ਰਣਾਲੀਆਂ ਨੂੰ ਵੀ ਬਾਈਪਾਸ ਕਰਦੀਆਂ ਹਨ। ਰੂਸ ਦੇ ਰਾਖਵੇਂ ਭੰਡਾਰਾਂ ਵਿੱਚ ਇਸ ਸਮੇਂ ਡਾਲਰ ਨਾਲੋਂ ਰੈੱਨਮਿਨਬੀਜ਼ (ਚੀਨੀ ਕਰੰਸੀ ਯੁਆਨ ਦਾ ਇੱਕ ਹੋਰ ਨਾਂ) ਜਿ਼ਆਦਾ ਹਨ ਤੇ ਚੀਨ ਨੇ ਪਿਛਲੇ ਅਠਾਰਾਂ ਕੁ ਮਹੀਨਿਆਂ ਤੋਂ ਭਾਰੀ ਮਾਤਰਾ ਵਿੱਚ ਸੋਨਾ ਖਰੀਦਿਆ ਹੈ। ਪੀਪਲਜ਼ ਬੈਂਕ ਆਫ ਚਾਈਨਾ ਕੋਲ ਪਿਆ 2250 ਟਨ ਸੋਨਾ ਆਪਣੇ ਉਚਤਮ ਪੱਧਰ ’ਤੇ ਹੈ, ਫਿਰ ਵੀ ਇਹ ਇਸ ਦੇ ਕੁੱਲ ਭੰਡਾਰਾਂ ਦੇ ਪੰਜ ਫ਼ੀਸਦ ਹਿੱਸੇ ਤੋਂ ਵੀ ਘੱਟ ਹੈ।
ਜਿੱਥੋਂ ਤੱਕ ਤਕਨਾਲੋਜੀ ਦਾ ਸਵਾਲ ਹੈ, ਚੀਨ ਪਹਿਲਾਂ ਅੱਗੇ ਚੱਲ ਰਿਹਾ ਹੈ ਅਤੇ ਇਹ ਹੋਰ ਮੁਲਕਾਂ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਨੇ ਬਿਜਲਈ ਵਾਹਨਾਂ, ਸੌਰ ਊਰਜਾ ਅਤੇ ਲਿਥੀਅਮ ਬੈਟਰੀਆਂ ਦੇ ਸਵੱਛ ਊਰਜਾ ਖੇਤਰ ਵਿਚ ਮੋਹਰੀ ਪੁਜ਼ੀਸ਼ਨ ਬਣਾ ਲਈ ਹੈ। ਚੀਨ ਇਨ੍ਹਾਂ ਸਨਅਤਾਂ ਲਈ ਵਿਸ਼ੇਸ਼ ਪਦਾਰਥਾਂ ਦੀ ਸਪਲਾਈ ਯਕੀਨੀ ਬਣਾਉਣ ਵਿਚ ਬਾਕੀਆਂ ਨਾਲੋਂ ਕਾਫ਼ੀ ਅੱਗੇ ਹੈ ਅਤੇ ਉਨ੍ਹਾਂ ’ਚੋਂ ਕੁਝ ਮੰਡੀਆਂ ’ਤੇ ਇਸ ਦੀ ਅਜਾਰੇਦਾਰੀ ਬਣ ਚੁੱਕੀ ਹੈ। ਇਹ ਹੁਣ ਇਲੈਕਟ੍ਰੌਨਿਕਸ, ਜੀਵ ਵਿਗਿਆਨਾਂ ਅਤੇ ਰੱਖਿਆ ਉਤਪਾਦਨ ਵਿੱਚ ਤਕਨੀਕੀ ਮਾਅਰਕੇ ਮਾਰਨ ਦੀ ਤਿਆਰੀ ਕਰ ਰਿਹਾ ਹੈ। ਮਿਸਾਲ ਦੇ ਤੌਰ ’ਤੇ ਹੁਆਵੇ ਨੇ ਹਾਲ ਹੀ ਵਿੱਚ 7-ਐੱਨਐੱਮ (ਨੈਨੋਮੀਟਰ) ਚਿੱਪਾਂ ਵਾਲਾਂ ਸਮਾਰਟਫੋਨ ਤਿਆਰ ਕਰ ਕੇ ਪੱਛਮ ਨੂੰ ਦੰਗ ਕਰ ਦਿੱਤਾ ਹੈ; ਇਹ ਹੁਣ 5 ਐੱਨਐੱਮ ਚਿੱਪਾਂ ਵਾਲਾ ਸਮਾਰਟਫੋਨ ਬਣਾਉਣ ਦੀ ਤਿਆਰੀ ਵਿੱਚ ਹੈ। ਚੀਨ ਨੇ ਅਗਲੇ ਸਾਲ ਤੱਕ ਚਿੱਪ ਨਿਰਮਾਣ ਵਿੱਚ 70 ਫ਼ੀਸਦੀ ਆਤਮ-ਨਿਰਭਰਤਾ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਇਸ ਦੌਰਾਨ ਪੱਛਮੀ ਦੇਸ਼ਾਂ ਦੀਆਂ ਦਵਾ ਬਣਾਉਣ ਵਾਲੀਆਂ ਕੰਪਨੀਆਂ ਨੇ ਬਾਇਓਬੇਅ (ਸ਼ੰਘਾਈ ਨੇੜੇ ਸੂਚਾਓ ਵਿਖੇ ਨਵੀਨ ਕਾਢਾਂ ਲਈ ਬਣੀ ਮੈਗਾ ਹੱਬ) ਜਿਹੀਆਂ ਥਾਵਾਂ ’ਚ ਬਾਇਓਫਾਰਮਾ ਅਤੇ ਜੀਵ ਵਿਗਿਆਨਾਂ ਵਿੱਚ ਚੀਨ ਦੀ ਅਗਵਾਈ ਪ੍ਰਵਾਨ ਕਰ ਲਈ ਹੈ। ਰੱਖਿਆ ਖੇਤਰ ਵਿੱਚ ਚੀਨ ਚੌਥੇ ਵਿਮਾਨ ਵਾਹਕ ਬੇੜੇ ਦਾ ਨਿਰਮਾਣ ਕਰ ਰਿਹਾ ਹੈ ਜੋ ਪਰਮਾਣੂ ਉੂਰਜਾ ਨਾਲ ਚੱਲੇਗਾ। ਇਹ ਨਵੀਂ ਤਕਨਾਲੋਜੀ ਦਾ ਉਭਾਰ ਹੋਵੇਗਾ। ਹੁਣ ਤੱਥ ਇਹ ਹੈ ਕਿ ਚੀਨ ਲਈ ਤਕਨਾਲੋਜੀ ਦੇ ਬੂਹੇ ਭੇੜਨ ਵਿਚ ਹੁਣ ਬਹੁਤ ਦੇਰ ਹੋ ਚੁੱਕੀ ਹੈ।
ਸੁਰੱਖਿਆ ਮੁਹਾਜ਼ ’ਤੇ ਪੱਛਮੀ ਸਮੀਖਿਅਕਾਂ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਜੇ ਰੂਸ ਯੂਕਰੇਨ ’ਤੇ ਭਾਰੀ ਪੈ ਗਿਆ ਅਤੇ ਅੱਧਿਓਂ ਵੱਧ ਤਬਾਹ ਹੋ ਚੁੱਕੇ ਇਸ ਮੁਲਕ ਦਾ ਹੋਰ ਹਿੱਸਾ ਹੜੱਪ ਲੈਂਦਾ ਹੈ ਤਾਂ ਇਸ ਦੇ ਕਿਹੋ ਜਿਹੇ ਸਿੱਟੇ ਨਿਕਲਣਗੇ। ਜੇ ਡੋਨਲਡ ਟਰੰਪ ਅਮਰੀਕਾ ਵਿਚ ਰਾਸ਼ਟਰਪਤੀ ਬਣ ਕੇ ਵਾਪਸੀ ਕਰਦੇ ਹਨ ਅਤੇ ‘ਨਾਟੋ’ ਨੂੰ ਲੰਗੜਾ ਬਣਾ ਦੇਣ ਦੀ ਆਪਣੀ ਧਮਕੀ ਅਮਲ ਵਿਚ ਲਿਆਉਂਦੇ ਹਨ ਤਾਂ ਹਾਲਾਤ ਹੋਰ ਜਿ਼ਆਦਾ ਵਿਗੜ ਸਕਦੇ ਹਨ। ਯੂਰੋਪੀਅਨ ਰੱਖਿਆ ਦਸਤਿਆਂ ਕੋਲ ਮੌਜੂਦਾ ਨਫ਼ਰੀ, ਸਾਜ਼ੋ-ਸਾਮਾਨ, ਲੜਾਕੂ ਕੁੱਵਤਾਂ ਅਤੇ ਰੱਖਿਆ ਉਤਪਾਦਕ ਸਮਰੱਥਾਵਾਂ ਦੀਆਂ ਸ਼ਦੀਦ ਸੀਮਤਾਈਆਂ ਦੇ ਮੱਦੇਨਜ਼ਰ ਸਮੁੱਚਾ ਯੂਰੋਪ ਅਚਨਚੇਤ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈ। ਯੂਰੋਪੀਅਨ ਰੱਖਿਆ ਬਜਟਾਂ ਵਿਚ ਵਾਧਾ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦੇ ਦੋ ਫ਼ੀਸਦ ਦੇ ਟੀਚੇ ਤੱਕ ਪਹੁੰਚ ਗਿਆ ਹੈ ਪਰ ਇਸ ਨੂੰ ਅਮਰੀਕੀ ਇਮਦਾਦ ਤੋਂ ਬਗ਼ੈਰ ਆਪਣੀ ਰੱਖਿਆ ਦੇ ਯੋਗ ਬਣਨ ਵਿਚ ਘੱਟੋ-ਘੱਟ ਇਕ ਦਹਾਕਾ ਲੱਗ ਜਾਵੇਗਾ।
ਦੂਜੇ ਬੰਨੇ, ਰੂਸ ਤੇ ਚੀਨ ਇਕ ਦੂਜੇ ਦੇ ਕਾਫ਼ੀ ਕਰੀਬ ਆ ਚੁੱਕੇ ਹਨ ਅਤੇ ਦੁਨੀਆ ਦੇ ਕਈ ਖੇਤਰਾਂ ਵਿਚ ਕੂਟਨੀਤਕ ਜਿੱਤਾਂ ਵੀ ਦਰਜ ਕਰ ਰਹੇ ਹਨ। ਰੂਸ ਨੇ ਸੀਰੀਆ ਵਿਚ ਆਪਣਾ ਪੱਤਾ ਬਾਖੂਬੀ ਵਰਤਿਆ ਹੈ ਅਤੇ ਹੁਣ ਇਸ ਨੂੰ ਇਰਾਨ ਤੋਂ ਡਰੋਨ ਮਿਲ ਰਹੇ ਹਨ। ਪਿਛਲੇ ਸਾਲ ਚੀਨ ਨੇ ਇਰਾਨ ਅਤੇ ਸਾਊਦੀ ਅਰਬ ਵਿਚਕਾਰ ਸੁਲ੍ਹਾ ਕਰਵਾ ਕੇ ਇਨ੍ਹਾਂ ਦੇ ਦੁਵੱਲੇ ਸਬੰਧ ਆਮ ਵਰਗੇ ਬਣਾ ਦਿੱਤੇ ਹਨ। ਅਫਰੀਕੀ ਮਹਾਂਦੀਪ ਵਿੱਚ ਇਸ ਵਕਤ ਚੀਨ ਅਮਰੀਕਾ ਨਾਲੋਂ ਜਿ਼ਆਦਾ ਖਰਚਾ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੀ ਲੋੜ ਵੀ ਹੈ; ਇੱਕ ਤੋਂ ਬਾਅਦ ਇੱਕ ਮੁਲਕ ਫਰਾਂਸੀਸੀ ਅਤੇ ਅਮਰੀਕੀ ਫ਼ੌਜੀਆਂ ਨੂੰ ਦੁਤਕਾਰ ਰਹੇ ਹਨ ਤੇ ਸੁਰੱਖਿਆ ਇਮਦਾਦ ਲਈ ਰੂਸੀ ਫ਼ੌਜੀਆਂ ਨੂੰ ਸੱਦਿਆ ਜਾ ਰਿਹਾ ਹੈ। ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਜਿਨ੍ਹਾਂ ਦੇ ਅਰਥਚਾਰੇ ਚੀਨ ਦੇ ਅਰਥਚਾਰੇ ਨਾਲ ਨੇਡਿ਼ਓਂ ਜੁੜੇ ਹੋਏ ਹਨ ਅਤੇ ਹੋਰ ਜਿ਼ਆਦਾ ਜੁੜ ਰਹੇ ਹਨ, ਵਿੱਚ ਵੀ ਹੁਣ ਅਮਰੀਕਾ ਤੇ ਚੀਨ ’ਚੋਂ ਕਿਸੇ ਇੱਕ ਦੀ ਚੋਣ ਨਹੀਂ ਕਰਨਾ ਚਾਹ ਰਹੇ। ਅਮਰੀਕਾ ਨੇ ਵਾਰ-ਵਾਰ ਦਿਖਾਇਆ ਹੈ ਕਿ ਉਹ ਇਮਦਾਦ ਲਈ ਗ਼ੈਰ-ਭਰੋਸੇਮੰਦ ਹੈ; ਜਿਵੇਂ ਹਾਲ ਹੀ ਵਿਚ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਤੋਂ ਜ਼ਾਹਿਰ ਹੋਇਆ ਹੈ; ਜਦੋਂ ਇਹ ਯੂਕਰੇਨ ਤੇ ਗਾਜ਼ਾ ਬਾਰੇ ਆਪਾ-ਵਿਰੋਧੀ ਪੈਂਤੜੇ ਅਖਤਿਆਰ ਕਰਦਾ ਹੈ, ਇਸ ਨਾਲ ਪੱਛਮ ਦੀ ਕੋਈ ਭਰੋਸੇਯੋਗਤਾ ਨਹੀਂ ਬਣਦੀ।
ਪੱਛਮੀ ਟਿੱਪਣੀਕਾਰਾਂ ਦੀ ਇਹ ਦਲੀਲ ਹੈ ਕਿ ਚੀਨ ਪਿਛਲੇ ਲੰਮੇ ਅਰਸੇ ਤੋਂ ਭਾਰੀ ਸਰਕਾਰੀ ਸਹਾਇਤਾ ਨਾਲ ਸਨਅਤਾਂ ਪ੍ਰਫੁੱਲਤ ਕਰ ਕੇ ਅਤੇ ਆਪਣੀ ਕਰੰਸੀ ਦਾ ਮੁੱਲ ਵਾਧਾ ਹੋਣ ਦੀ ਆਗਿਆ ਦਿੱਤੇ ਬਿਨਾਂ ਆਪਣੇ ਜ਼ਬਰਦਸਤ ਵਪਾਰਕ ਮੁਨਾਫਿ਼ਆਂ ਜ਼ਰੀਏ ਤਜਾਰਤੀ ਰਾਹ ’ਤੇ ਚਲ ਰਿਹਾ ਹੈ; ਤੇ ਇਹ ਵੀ ਕਿ ਚੀਨ ਪੱਛਮੀ ਦੇਸ਼ਾਂ ਨੂੰ ਮੋੜਵੇਂ ਉਪਰਾਲੇ ਕਰਨ ਲਈ ਉਕਸਾ ਰਿਹਾ ਹੈ। ਇੱਥੋਂ ਤੱਕ ਉਨ੍ਹਾਂ ਦੀ ਗੱਲ ਸਹੀ ਹੈ ਪਰ ਉਹ ਅਗਾਂਹ ਇਹ ਨਹੀਂ ਦੱਸਦੇ ਕਿ ਚੀਨ ਦੀਆਂ ਘਰੋਗੀ ਮੰਡੀਆਂ ਵਿਚ ਮੁਕਾਬਲੇ ਦਾ ਪੱਧਰ ਬਹੁਤ ਜਿ਼ਆਦਾ ਉੱਚਾ ਹੈ। ਮਸਲਨ, ਇਲੈਕਟ੍ਰਿਕ ਵਾਹਨਾਂ ਦੀਆਂ 139 ਦੇ ਕਰੀਬ ਕੰਪਨੀਆਂ ਉਭਰ ਆਈਆਂ ਹਨ ਪਰ ਇਨ੍ਹਾਂ ’ਚੋਂ ਕੁਝ ਕੁ ਸਭ ਤੋਂ ਵੱਧ ਯੋਗ ਕੰਪਨੀਆਂ ਹੀ ਮੈਦਾਨ ਵਿਚ ਟਿਕਣਗੀਆਂ, ਸੰਭਾਵੀ ਤੌਰ ’ਤੇ ਬੀਵਾਈਡੀ ਜਿਹੀਆਂ ਕੰਪਨੀਆਂ ਹੀ ਦੁਨੀਆ ਭਰ ’ਚ ਆਪਣਾ ਪਰਚਮ ਲਹਿਰਾ ਸਕਣਗੀਆਂ।
*ਲੇਖਕ ਸੀਨੀਅਰ ਪੱਤਰਕਾਰ ਹੈ।