For the best experience, open
https://m.punjabitribuneonline.com
on your mobile browser.
Advertisement

ਮਰ ਰਿਹਾ ਸਮੁੰਦਰ

06:16 AM Nov 18, 2023 IST
ਮਰ ਰਿਹਾ ਸਮੁੰਦਰ
Advertisement

ਦਵੀ ਦਵਿੰਦਰ ਕੌਰ 

Advertisement

ਨੈਸ਼ਨਲ ਐਵਾਰਡ ਜੇਤੂ ਫਿਲਮਸਾਜ਼ ਸਰਵਨਿਕ ਕੌਰ ਦੀ ਦਸਤਾਵੇਜ਼ੀ ਫਿਲਮ ‘ਅਗੇਂਸਟ ਦਿ ਟਾਈਡ’ ਨੇ ਸਨਡਾਂਸ ਫਿਲਮ ਫੈਸਟੀਵਲ ਵਿੱਚ ਸੱਤ ਪੁਰਸਕਾਰ ਹਾਸਲ ਕੀਤੇ ਹਨ। ਇਸ ਦਾ ਦੱਖਣੀ ਏਸ਼ੀਆ ਪ੍ਰੀਮੀਅਰ ਹਾਲ ਹੀ ਵਿੱਚ ਬੰਬਈ ਵਿੱਚ ਜੀਓ ਮਾਮੀ (Mami) ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਜਿਸ ਵਿੱਚ ਇਸ ਫਿਲਮ ਨੇ ਗੋਲਡਨ ਗੇਟਵੇਅ ਐਵਾਰਡ (ਸਰਵੋਤਮ ਫਿਲਮ ਪੁਰਸਕਾਰ) ਹਾਸਲ ਕੀਤਾ। ਇਸ ਨੇ ਇਸੇ ਦਿਨ ਏਸ਼ੀਆ ਪੈਸਿਫਿਕ ਸਕਰੀਨ ਐਵਾਰਡਜ਼ 2023 ਲਈ ਸਰਵੋਤਮ ਦਸਤਾਵੇਜ਼ੀ ਫਿਲਮ ਪੁਰਸਕਾਰ ਹਾਸਲ ਕੀਤਾ। ਸਰਵਨਿਕ ਕੌਰ ਤੇ ਕੋਵਿਲ ਭਾਟੀਆ ਵੱਲੋਂ ਬਣਾਈ ਇਹ ਫਿਲਮ ਲਗਾਤਾਰ ਚਰਚਾ ਵਿੱਚ ਹੈ। ਮਹਾਰਾਸ਼ਟਰ ਦੇ ਕੋਲੀ ਮਛੇਰਿਆਂ ਦੇ ਜੀਵਨ ’ਤੇ ਆਧਾਰਿਤ ਇਸ ਦਸਤਾਵੇਜ਼ੀ ਰਾਹੀਂ ਸਰਵਨਿਕ ਕੌਰ ਨੇ ਕਾਰਪੋਰੇਟ ਸੰਸਾਰ, ਵਿਕਾਸ, ਧਨ ਪ੍ਰਾਪਤੀ ਲਈ ਲੱਗੀ ਦੌੜ ਅਤੇ ਸਫਲਤਾ ਦੇ ਮਾਪਦੰਡਾਂ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:-


-ਤੁਹਾਡੀ ਪਹਿਲੀ ਫਿਲਮ ਕਸ਼ਮੀਰ ਉੱਤੇ ‘ਸੋਜ਼: ਏ ਬੈਲੇਡ ਆਫ ਮੈਲੇਡੀਜ਼’ (Soz: A Ballad of Maladies) ਸੀ। ਫਿਰ ਮਹਾਰਾਸ਼ਟਰ ਦੇ ਮਛੇਰਿਆਂ ’ਤੇ ਇਹ ਦਸਤਾਵੇਜ਼ੀ ਬਣਾਉਣ ਦਾ ਖਿਆਲ ਕਿਵੇਂ ਆਇਆ?
‘ਸੋਜ਼: ਏ ਬੈਲੇਡ ਆਫ ਮੈਲੇਡੀਜ਼’ ਦਾ ਵਿਸ਼ਾ ਲੋਕਾਂ ਦੇ ਦਰਦ ਤੇ ਦੁੱਖਾਂ ਨੂੰ ਸੰਗੀਤ ਤੇ ਕਵਿਤਾ ਵਿੱਚ ਬੰਨ੍ਹਣ ਦੀ ਕਹਾਣੀ ਹੈ। ਉੱਥੇ ਬੈਠਿਆਂ ਹੀ ਮੈਨੂੰ ਤੱਟੀ ਸੜਕ ਦੇ ਬਣਨ ਕਾਰਨ ਮੁੰਬਈ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਪੁਸ਼ਤੈਨੀ ਘਰਾਂ ਦੇ ਖੁੱਸਣ ਦੀ ਜਾਣਕਾਰੀ ਮਿਲੀ। ਮੈਨੂੰ ਲੱਗਿਆ ਕਿ ਕਸ਼ਮੀਰ ਵਿੱਚ ਰਾਸ਼ਟਰਵਾਦ ਤੇ ਗੜਬੜਗ੍ਰਸਤ ਇਲਾਕੇ ਦੇ ਨਾਮ ਉੱਤੇ ਅਤੇ ਮੁੰਬਈ ਵਿੱਚ ਵਿਕਾਸ ਦੇ ਨਾਮ ਉੱਤੇ ਆਮ ਆਦਮੀ ਨੂੰ ਜ਼ਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਇਹ ਰਾਸ਼ਟਰਵਾਦ ਤੇ ਵਿਕਾਸ ਜਿਹੇ ਸ਼ਬਦ ਆਪਸ ਵਿੱਚ ਥਾਂ ਬਦਲਦੇ ਰਹਿੰਦੇ ਹਨ ਤੇ ਇਤਿਹਾਸ ਵਿੱਚ ਵਿਅਕਤੀਗਤ ਕਹਾਣੀਆਂ ਦਾ ਕੋਈ ਸਥਾਨ ਨਹੀਂ ਹੁੰਦਾ।
ਭਾਵ ਕਿ ਮਨੁੱਖੀ ਉਜਾੜਾ ਕਿਤੇ ਨਾ ਕਿਤੇ ਤੁਹਾਡੇ ਮਨ ਨੂੰ ਠੇਸ ਪਹੁੰਚਾਉਂਦਾ ਹੈ?
1947 ਵਿੱਚ ਦੇਸ਼ ਦੀ ਵੰਡ ਵੇਲੇ ਮੇਰੇ ਦਾਦਾ ਜੀ ਉੱਧਰੋਂ ਉੱਜੜ ਕੇ ਦਿੱਲੀ ਆ ਵੱਸੇ ਸਨ। ਮੇਰਾ ਜਨਮ 1983 ਵਿੱਚ ਹੋਇਆ ਤੇ 1984 ਵਿੱਚ ਦਿੱਲੀ ਦੇ ਹਰੀਨਗਰ ਵਿੱਚ ਸਾਡਾ ਘਰ ਸਾੜ ਦਿੱਤਾ ਗਿਆ। ਮੇਰਾ ਪਾਲਣ-ਪੋਸ਼ਣ ਉਜਾੜੇ ਤੇ ਘਰ ਨਾ ਹੋਣ ਦੀਆਂ ਕਹਾਣੀਆਂ ਸੁਣਦਿਆਂ ਹੋਇਆ। ਸਾਨੂੰ ਪਾਲਿਆ ਪੋਸਿਆ ਤਾਂ ਸਬਰ-ਸੰਤੋਖ ਤੇ ਸਰਬੱਤ ਦਾ ਭਲਾ ਮੰਗਣ ਦੇ ਵਿਚਾਰ ਨਾਲ ਸੀ, ਪਰ ਦੁਨੀਆ ਬਿਲਕੁਲ ਉਲਟ ਸੀ। ਸੋ ਮੇਰਾ ਆਪਣੇ ਆਪ ਵਿੱਚੋਂ ਯਕੀਨ ਮੁੱਕ ਚੁੱਕਿਆ ਸੀ ਤੇ ਜਿਉਣ ਦਾ ਚਾਅ ਵੀ ਨਹੀਂ ਬਚਿਆ ਸੀ। ਮੈਂ ਆਪਣਾ ਕੈਮਰਾ ਚੁੱਕ ਕੇ ਕੋਲੀ ਮਛੇਰਾ ਔਰਤਾਂ ਦੇ ਇੱਕ ਗਰੁੱਪ ਕੋਲ ਜਾਣ ਲੱਗ ਪਈ। ਇਹ ਔਰਤਾਂ 175 ਸਾਲ ਪੁਰਾਣੀ ਇੱਕ ਮੰਡੀ ਵਿੱਚ ਰਾਤ ਨੂੰ ਮੱਛੀ ਵੇਚਿਆ ਕਰਦੀਆਂ ਸਨ, ਪਰ ਇਸ ਮੰਡੀ ’ਤੇ ਬੀਐੱਮਸੀ ਦੀ ਕਾਲੀ ਨਜ਼ਰ ਪੈ ਗਈ ਤੇ ਉਨ੍ਹਾਂ ਨੇ ਇੱਥੇ ਮਾਲ ਬਣਾਉਣ ਦਾ ਫੈਸਲਾ ਕਰ ਲਿਆ। ਮੁੰਬਈ ਵਿੱਚ ਪਲੀਆਂ ਔਰਤਾਂ ਜਾਣਦੀਆਂ ਸਨ ਕਿ ਇੱਕ ਵਾਰ ਉਨ੍ਹਾਂ ਤੋਂ ਇਹ ਟਿਕਾਣਾ ਖੁੱਸ ਗਿਆ ਤਾਂ ਮੁੜ ਕੇ ਇੱਥੇ ਉਨ੍ਹਾਂ ਨੂੰ ਕੁਝ ਨਹੀਂ ਮਿਲਣਾ। ਸੋ ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਮੈਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓਜ਼ ਬਣਾਉਣ ਲੱਗ ਪਈ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਇਨ੍ਹਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਸਕੇ। ਉਦੋਂ ਹੀ ਮੈਨੂੰ ਭਾਨੂੰ ਕੋਲੀ ਨਾਮ ਦੀ ਔਰਤ ਨੇ ਖਾਣੇ ਲਈ ਘਰ ਬੁਲਾਇਆ। ਰਾਕੇਸ਼ (ਫਿਲਮ ਦਾ ਮੁੱਖ ਪਾਤਰ) ਮੈਨੂੰ ਉੱਥੇ ਮਿਲਿਆ। ਮੈਂ ਉਸ ਨਾਲ ਮੱਛੀਆਂ ਫੜਨ ਜਾਣ ਲੱਗੀ ਤੇ ਮੇਰੇ ਮਨ ਵਿੱਚ ਫਿਲਮ ਬਣਾਉਣ ਦਾ ਖਿਆਲ ਆਉਣ ਲੱਗਿਆ।
-ਤੁਸੀਂ ਫਿਲਮ ਦੇ ਦੂਜੇ ਅਹਿਮ ਪਾਤਰ ਗਣੇਸ਼ ਨੂੰ ਕਿਵੇਂ ਮਿਲੇ?
ਮੈਂ ਰਾਜੇਸ਼ ਤੋਂ, ਉਸ ਦੇ ਸੋਚਣ ਦੇ ਢੰਗ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਤੇ ਹੁਣ ਵੀ ਹਾਂ। ਫਿਰ ਨਿਤਿਨ ਗਡਕਰੀ ਦੇ ਸੁਪਨ ਪ੍ਰਾਜੈਕਟ ਸਾਗਰ ਮਾਲਾ ਵਿਰੁੱਧ ਮਛੇਰਿਆਂ ਵਿੱਚ ਰੋਹ ਉੱਠਿਆ। ਮੰਤਰੀ ਦਾ ਮਨਸ਼ਾ ਸਾਰੀਆਂ ਬੰਦਰਗਾਹਾਂ ਨੂੰ ਜੋੜ ਕੇ ਮੱਛੀ ਫੜਨ ਦੇ ਕੰਮ ਦਾ ਸਨਅਤੀਕਰਨ ਕਰਨਾ ਸੀ। ਮਛੇਰਿਆਂ ਨੂੰ ਭਾਵੇਂ ਰੋਸ ਪ੍ਰਦਰਸ਼ਨ ਕਰਨ ਤੋਂ ਰੋਕ ਦਿੱਤਾ ਗਿਆ, ਪਰ ਉੱਥੇ ਮੈਨੂੰ ਗਣੇਸ਼ ਨਖਵਾ ਮਿਲਿਆ ਜੋ ਹੋਰ ਮਛੇਰਿਆਂ ਦੇ ਉਲਟ ਸਮੁੰਦਰੀ ਮੀਲਾਂ ’ਤੇ ਪ੍ਰਦੂਸ਼ਣ ਦੀ ਗੱਲ ਕਰ ਰਿਹਾ ਸੀ। ਉਹ ਸਕਾਟਲੈਂਡ ਤੋਂ ਫਾਇਨਾਂਸ ਵਿੱਚ ਮਾਸਟਰਜ਼ ਕਰਕੇ ਬੈਂਕ ਦੀ ਚੰਗੀ ਨੌਕਰੀ ਛੱਡ ਕੇ ਪਿਤਾ ਪੁਰਖੀ ਮੱਛੀਆਂ ਫੜਨ ਦਾ ਕੰਮ ਕਰਨ ਲਈ ਪਰਤ ਆਇਆ ਸੀ।
-ਕੀ ਫਿਲਮ ਦਾ ਅਸਲ ਸਰੂਪ ਤੇ ਵਿਸ਼ਾ ਤੁਹਾਨੂੰ ਪਹਿਲਾਂ ਹੀ ਸਪੱਸ਼ਟ ਸਨ?
ਨਹੀਂ! ਮੈਨੂੰ ਚਾਰ ਸਾਲ ਤਾਂ ਖੋਜ ਕਾਰਜ ਵਿੱਚ ਲੱਗੇ ਸਨ। ਦੋ ਸਾਲ ਮੈਂ ਪਹਿਲਾਂ ਹੀ ਲਾ ਚੁੱਕੀ ਸੀ ਤੇ ਰਹਿੰਦੇ ਸਮੇਂ ਦੌਰਾਨ ਮੈਂ ਮਛੇਰਿਆਂ ਦੇ ਪਰਿਵਾਰਾਂ ਵਿੱਚ ਰਹਿ ਕੇ ਸਾਰਾ ਕੁਝ ਵਾਪਰਦਾ ਦੇਖਿਆ। ਕੋਲੀ ਮਛੇਰਿਆਂ ਨੂੰ ਆਪਣੀ ਰੋਟੀ-ਰੋਜ਼ੀ ’ਤੇ ਬਹੁਤ ਭਰੋਸਾ ਹੈ। ਮੈਂ ਗਣੇਸ਼ ਨਾਲ ਸਮੂਨ ਬੰਦਰਗਾਹ ’ਤੇ ਜਾ ਕੇ ਕਾਰੋਬਾਰ ਨੂੰ ਸਮਝਣ ਦਾ ਯਤਨ ਕੀਤਾ। ਫਿਰ ਇੱਕ ਦਿਨ ਮੈਂ ਇਨ੍ਹਾਂ ਦੋਵਾਂ ਨੂੰ ਇਕੱਠੇ ਬੈਠ ਕੇ ਮੱਛੀ ਖਾਂਦੇ ਤੇ ਵਿਸਕੀ ਪੀਂਦੇ ਗੱਲਾਂ ਕਰਦੇ ਦੇਖਿਆ। ਮੇਰੀ ਫਿਲਮ ਨੇ ਅਗਲੀ ਪੁਲਾਂਘ ਪੁੱਟੀ। ਮੈਂ ਦੋਵਾਂ ਦੇ ਘਰਾਂ ਵਿੱਚ ਕੈਮਰਾ ਲਾ ਦਿੰਦੀ। ਘੰਟਿਆਂਬੱਧੀ ਰਿਕਾਰਡਿੰਗ ਕੀਤੀ।
-ਦੋਵੇਂ ਪਾਤਰਾਂ ਵਿੱਚ ਤੁਹਾਨੂੰ ਕੀ ਫ਼ਰਕ ਲੱਗਿਆ?
ਦੋਵੇਂ ਭਾਵੇਂ ਗੱਲਾਂ ਕਰਦੇ ਲੜਦੇ ਝਗੜਦੇ ਤੇ ਰੁੱਸ ਜਾਂਦੇ, ਫਿਰ ਇਕੱਠੇ ਹੋ ਜਾਂਦੇ। ਉਹ ਭਿੰਨ ਦਿਸਦੇ ਵੀ ਅੰਦਰੋਂ ਇੱਕ ਸਨ। ਦੋਵਾਂ ਨੂੰ ਸਮੁੰਦਰ ਨਾਲ ਤੇ ਮੱਛੀਆਂ ਫੜਨ ਨਾਲ ਪਿਆਰ ਹੈ। ਬਸ ਫ਼ਰਕ ਇਹ ਸੀ ਕਿ ਰਾਕੇਸ਼ ਛੋਟੀ ਕਿਸ਼ਤੀ ਨਾਲ ਘੱਟ ਡੂੰਘੇ ਪਾਣੀ ਵਿੱਚ ਤੇ ਗਣੇਸ਼ ਮੋਟਰ ਬੋਟ ਨਾਲ ਡੂੰਘੇ ਪਾਣੀ ਵਿੱਚ ਜਾਂਦਾ ਸੀ। ਦੋਵਾਂ ਨੂੰ ਦੁਨੀਆ ਦੇ ਦੋਹਰੇਪਣ ਦਾ ਇਲਮ ਸੀ। ਰਾਕੇਸ਼ ਕਦੇ ਵੀ ਕੁਦਰਤ ਦੇ ਨਾ ਖ਼ਿਲਾਫ਼ ਸੀ ਤੇ ਨਾ ਉਸ ਨੂੰ ਕਦੇ ਗਿਲਾ ਹੁੰਦਾ। ਸਮੁੰਦਰ ਵਿੱਚ ਕਿਸ਼ਤੀ ਠੱਲ੍ਹਦਿਆਂ ਹੀ ਉਸ ਦੀ ਦੇਹ ਵਿੱਚ ਤਰਲ ਜਿਹੀ ਲਚਕ ਆ ਜਾਂਦੀ ਤੇ ਉਹ ਲਹਿਰਾਂ ਨਾਲ ਲਹਿਰ ਹੋ ਜਾਂਦਾ। ਉਸ ਨੂੰ ਸਮੁੰਦਰ ਵਿੱਚੋਂ ਮੱਛੀਆਂ ਨਾਲ ਮਿਲਦੇ ਬਹੁਤ ਸਾਰੇ ਪਲਾਸਟਿਕ ਬਾਰੇ ਵੀ ਆਸ ਸੀ ਕਿ ਅੱਜ ਇਹ ਹੈ ਭਲਕੇ ਨਹੀਂ ਰਹੇਗਾ। ਭਾਵੇਂ ਇਹ ‘ਭਲਕ’ ਉਸ ਦੇ ਜਿਉਂਦੇ ਜੀਅ ਆਵੇ ਜਾਂ ਨਾ। ਦੂਜੇ ਪਾਸੇ ਗਣੇਸ਼ ਨੂੰ ਪੈਸੇ ਕਮਾਉਣ ਦੀ ਵੱਡੀ ਚਾਹ ਸੀ, ਪਰ ਸਮੁੰਦਰ ਨਾਲ ਮੁਹੱਬਤ ਦੋਵਾਂ ਨੂੰ ਸੀ ਤੇ ਦੋਵਾਂ ਨਾਲ ਜਾ ਕੇ ਮੈਂ ਦੇਖਿਆ ਕਿ ਸਮੁੰਦਰ ਸੱਚਮੁਚ ਬਿਮਾਰ ਹੈ। ਵਿਗਿਆਨੀਆਂ ਮੁਤਾਬਕ ਅਰਬ ਸਾਗਰ ਜਲਦੀ ਹੀ ਮਰ (ਖ਼ਤਮ) ਜਾਵੇਗਾ। ਸਮੁੰਦਰ ਦੇ ਮਰਨ ਦਾ ਅਸਰ ਦੋਵਾਂ ਦੇ ਪਰਿਵਾਰਾਂ ’ਤੇ, ਵਿੱਤੀ ਹਾਲਾਤ ਉੱਤੇ ਪ੍ਰਤੱਖ ਦਿਸਦਾ ਹੈ।
-ਤੁਸੀਂ ਫਿਲਮ ਬਣਾ ਕੇ ਕੀ ਮਹਿਸੂਸ ਕੀਤਾ?
ਰਾਕੇਸ਼ ਨਾਲ ਕੰਮ ਕਰਨ ਮਗਰੋਂ ਮੈਨੂੰ ਸਮਝ ਆਇਆ ਕਿ ਛੋਟੇ ਕਿਸਾਨ ਤੇ ਛੋਟੇ ਮਛੇਰੇ (ਘੱਟ ਡੂੰਘੇ ਪਾਣੀ ਵਿੱਚ ਜਾਣ ਵਾਲੇ) 70 ਫੀਸਦੀ ਆਬਾਦੀ ਦਾ ਢਿੱਡ ਭਰਦੇ ਹਨ, ਜਦਕਿ ਇੰਡਸਟ੍ਰੀਅਲ ਫਾਰਮਿੰਗ ਤੇ ਫਿਸ਼ਿੰਗ ਤੇਜ਼ੀ ਨਾਲ ਸਾਧਨਾਂ ਦਾ ਉਜਾੜਾ ਕਰ ਰਹੀ ਹੈ। ਛੋਟੇ ਉਤਪਾਦਕਾਂ ਦੀ ਵਿਕਾਸ ਦੇ ਨਾਮ ’ਤੇ ਕਾਰਪੋਰੇਟਾਂ ਵੱਲੋਂ ਬਾਂਹ ਮਰੋੜੀ ਜਾ ਰਹੀ ਹੈ। ਉਹ ਆਪਣੀ ਸਾਰੀ ਪਿਤਾ ਪੁਰਖੀ ਸਿਆਣਪ ਸੂਝਬੂਝ ਦੇ ਬਾਵਜੂਦ ਥੁੜ੍ਹਾਂ ਵਿੱਚ ਹਨ। ਸਿਆਸੀ ਤੌਰ ’ਤੇ ਵਿਰੋਧ ਕਰਨਾ ਮੁਹਾਲ ਕਰ ਦਿੱਤਾ ਗਿਆ ਹੈ ਕਿਉਂਕਿ ਝੱਟ ਹੀ ਰਾਸ਼ਟਰ ਵਿਰੋਧੀ ਹੋਣ ਦਾ ਲਕਬ ਦੇ ਦਿੱਤਾ ਜਾਂਦਾ ਹੈ। ਬਹੁਤੇ ਲੋਕਾਂ ਵਿੱਚ ਬੇਗਾਨੇਪਣ ਦਾ ਅਹਿਸਾਸ ਹੋ ਰਿਹਾ ਹੈ।
-ਤੁਹਾਨੂੰ ਫਿਲਮ ਬਣਾਉਣ ਮਗਰੋਂ ਲੰਮਾ ਸਮਾਂ ਇਨ੍ਹਾਂ ਲੋਕਾਂ ਵਿੱਚ ਰਹਿਣ ਮਗਰੋਂ ਇਸ ਸਾਰੇ ਕੁਝ ਦਾ ਕੀ ਹੱਲ ਜਾਪਦਾ ਹੈ?
ਮਨੁੱਖ ਅਸਲ ਵਿੱਚ ਬਹੁਤ ਭੋਲਾ ਤੇ ਸਿੱਧਾ ਪ੍ਰਾਣੀ ਹੈ, ਪਰ ਅਸੀਂ ਸੰਵਾਦ ਬੰਦ ਕਰ ਦਿੱਤਾ ਹੈ। ਰਾਕੇਸ਼ ਤੇ ਗਣੇਸ਼ ਆਪਸੀ ਸੰਵਾਦ ਦੇ ਕਾਰਨ ਸਭ ਦੁੱਖਾਂ-ਸੰਕਟਾਂ ਵਿੱਚ ਵੀ ਡਟੇ ਹੋਏ ਹਨ। ਅਸੀਂ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ ਤੇ ਕੰਪਿਊਟਰ, ਰੇਡੀਓ, ਟੀਵੀ, ਅਖ਼ਬਾਰ ਰੋਜ਼ ਸਾਨੂੰ ਝੂਠ ਦੱਸਦੇ ਹਨ। ਮੇਰਾ ਜ਼ਿੰਦਗੀ ਵਿੱਚੋਂ ਭਰੋਸਾ ਉੱਠ ਗਿਆ ਸੀ, ਮੈਂ ਤਾਂ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ। ਮੈਂ ਘਰੋਂ ਨਿਕਲੀ ਤਾਂ ਮੈਨੂੰ ਰਾਕੇਸ਼ ਮਿਲਿਆ, ਗਣੇਸ਼ ਮਿਲਿਆ, ਦੋਵਾਂ ਦੇ ਟੱਬਰਾਂ ਨੇ ਮੇਰੇ ਅੱਗੇ ਘਰ ਤੇ ਦਿਲ ਖੋਲ੍ਹ ਦਿੱਤੇ ਤੇ ਤਮਾਮ ਕਹਾਣੀਆਂ ਸੁਣਾਈਆਂ। ਅਸੀਂ ਸਵਾਲ ਕਰਨੇ ਛੱਡ ਦਿੱਤੇ। ਸਕੂਲਾਂ ਕਾਲਜਾਂ ਨੇ ਸਾਨੂੰ ਬੇਵਕੂਫ, ਵਰਕਲੋਅ ਤੇ ਰੋਬੋਟ ਬਣਾ ਧਾਰਿਆ ਹੈ। ਮੈਂ ਗਣੇਸ਼ ਨਾਲ ਡੂੰਘੇ ਪਾਣੀਆਂ ਵਿੱਚ ਜਾ ਕੇ ਦੇਖਿਆ। ਸਮੁੰਦਰ ਵਿੱਚ ਜੈਲੀਫਿਸ਼, ਪਲਾਸਟਿਕ, ਕਚਰੇ ਤੇ ਕੰਡੋਮਾਂ ਦੀਆਂ ਲਹਿਰਾਂ ਹਨ। ਪਾਣੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੱਛੀਆਂ ਬਹੁਤ ਹੇਠਾਂ ਠੰਢੇ ਪਾਣੀ ਵਿੱਚ ਚਲੀਆਂ ਜਾਂਦੀਆਂ ਹਨ। ਸਮੁੰਦਰ ਵਿੱਚ ਡੂੰਘੇ ਪਾਣੀਆਂ ਵਿੱਚ ਧੁਰ ਅੰਦਰ ਇੱਕ ਵਾਰ ਜਾਣ ਲਈ 3000 ਲਿਟਰ ਡੀਜ਼ਲ ਲੱਗਦਾ ਹੈ।
-ਕੀ ਸ਼ੂਟਿੰਗ ਦੌਰਾਨ ਕੋਈ ਦਿਲ ਦੁਖਾਊ ਘਟਨਾ ਵਾਪਰੀ ਸੀ?
ਹਾਂ ਜੀ, ਕਚਰਾ ਤੇ ਪਲਾਸਟਿਕ, ਜੈਲੀਫਿਸ਼ ਦੇਖ ਕੇ ਮੱਛੀਆਂ ਦੀ ਘਟਦੀ ਗਿਣਤੀ ਦੇਖ ਕੇ ਦੁੱਖ ਹੁੰਦਾ, ਪਰ ਬਹੁਤ ਭਾਵੁਕ ਪਲ ਉਹ ਸਨ ਜਦੋਂ ਗਣੇਸ਼ ਨਾਲ ਮੈਂ ਆਪਣੀ ਪੂਰੀ ਟੀਮ ਲੈ ਕੇ ਸਮੁੰਦਰ ਦੇ ਧੁਰ ਅੰਦਰ ਬਹੁਤ ਦੂਰ ਗਏ, ਪਰ ਮੱਛੀਆਂ ਬਿਲਕੁਲ ਨਾ ਮਿਲੀਆਂ। ਗਣੇਸ਼ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ ਤੇ ਐਤਕੀਂ ਉਸ ਨੇ ਆਖਰੀ ਵਾਰ ਕਰਜ਼ਾ ਲੈ ਕੇ ਵੱਡਾ ਦਾਅ ਖੇਡਿਆ ਸੀ, ਪਰ ਟੈਕਨਾਲੋਜੀ ਦਾ ਕੀ ਕਰੋਗੇ ਜੇ ਮੱਛੀਆਂ ਹੀ ਨਹੀਂ ਮਿਲ ਰਹੀਆਂ। ਮੇਰਾ ਉਦੋਂ ਕੈਮਰਾ ਲਾਉਣ ਨੂੰ ਦਿਲ ਨਾ ਕਰੇ, ਜਦੋਂ ਮੈਨੂੰ ਪਤਾ ਲੱਗਿਆ ਕਿ ਗਣੇਸ਼ ਕੈਬਿਨ ਵਿੱਚ ਜਾ ਕੇ ਕੁਝ ਮਿੰਟ ਇਕੱਲਾ ਅੰਦਰ ਵੜ ਕੇ ਰੋਇਆ।
ਸੰਪਰਕ: 98760-82982

Advertisement
Author Image

Advertisement
Advertisement
×