For the best experience, open
https://m.punjabitribuneonline.com
on your mobile browser.
Advertisement

ਚੋਣਾਂ ਸਬੰਧੀ ਪਾਰਟੀ ਜੋ ਡਿਊਟੀ ਲਾਏਗੀ ਉਹ ਸਿਰ ਮੱਥੇ: ਕਟਾਰੂਚੱਕ

07:55 AM Mar 15, 2024 IST
ਚੋਣਾਂ ਸਬੰਧੀ ਪਾਰਟੀ ਜੋ ਡਿਊਟੀ ਲਾਏਗੀ ਉਹ ਸਿਰ ਮੱਥੇ  ਕਟਾਰੂਚੱਕ
ਸੀਵਰੇਜ ਵਿਛਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।
Advertisement

ਐਨ.ਪੀ. ਧਵਨ
ਪਠਾਨਕੋਟ, 14 ਮਾਰਚ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, ‘‘ਮੈਂ ਤਾਂ ਪਾਰਟੀ ਦਾ ਸਿਪਾਹੀ ਹਾਂ। ਪਾਰਟੀ ਚੋਣਾਂ ਸਬੰਧੀ ਜੋ ਵੀ ਡਿਊਟੀ ਲਾਏਗੀ ਉਸ ਨੂੰ ਸਿਰ ਮੱਥੇ ਕਬੂਲਾਂਗਾ।’’ ਉਹ ਅੱਜ ਸ਼ਾਮ ਸੁਜਾਨਪੁਰ ਵਿੱਚ 38.16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਤੇ ਸੀਵਰੇਜ ਵਿਛਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਪੰਜਾਬ ’ਚ 13 ਵਿੱਚੋਂ ਅੱਠ ਲੋਕ ਸਭਾ ਸੀਟਾਂ ’ਤੇ ਐਲਾਨੇ ‘ਆਪ’ ਉਮੀਦਵਾਰਾਂ ਵਿੱਚੋਂ ਪੰਜ ਮੌਜੂਦਾ ਮੰਤਰੀ ਹੋਣ ਬਾਰੇ ਪੁੱਛਣ ’ਤੇ ਮੰਤਰੀ ਨੇ ਕਿਹਾ ਕਿ ਉਹ ਆਪਣੇ ਸਾਥੀ ਮੰਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਪੰਜਾਬ ਵਿੱਚ ‘ਆਪ’ ਸਰਕਾਰ ਹੈ ਅਤੇ ਜੇਕਰ ਐੱਮਪੀ ਵੀ ‘ਆਪ’ ਦੇ ਹੋਣ ਤਾਂ ਫਿਰ ਦੋਵੇਂ ਪਾਸਿਓਂ ਫੰਡ ਆਉਣ ਨਾਲ ਪੰਜਾਬ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਬਾਕੀ ਸੀਟਾਂ ’ਤੇ ਵੀ ਉਮੀਦਵਾਰਾਂ ਦਾ ਐਲਾਨ ਜਲਦੀ ਹੋ ਜਾਵੇਗਾ।
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ’ਤੇ ਸ਼ਬਦੀ ਹਮਲਾ ਕਰਦੇ ਹੋਏ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਭਾਜਪਾ ਨੇ ਸੰਨੀ ਦਿਓਲ ਨੂੰ ਲਿਆ ਕੇ ਇਸ ਹਲਕੇ ਦੇ ਲੋਕਾਂ ਨੂੰ ਠੱਗਿਆ ਹੈ ਅਤੇ ਇਸ ਵਾਰ ਹਲਕੇ ਦੇ ਲੋਕ ਨਵੇਂ ਰੁਖ਼ ਵਿੱਚ ਨਜ਼ਰ ਆ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਇਸ ਵਾਰ ਉਮੀਦਵਾਰ ਹਲਕੇ ਵਿੱਚੋਂ ਹੀ ਹੋਵੇ। ਉਨ੍ਹਾਂ ਕਿਹਾ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਵਿੱਚ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਮਹਿੰਗਾਈ ਹਰੇਕ ਵਰਗ ਦੇ ਲੋਕਾਂ ਨੂੰ ਇੱਕ ਬੋਝ ਨਜ਼ਰ ਆ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ, ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਕਾਰਜਸਾਧਕ ਅਫ਼ਸਰ ਮਨਜਿੰਦਰ ਸਿੰਘ ਬਦੇਸ਼ਾ, ਐਕਸੀਅਨ ਦਿਪੇਸ਼ ਵਿਰਦੀ, ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ, ਕੌਂਸਲਰ ਪੁਸ਼ਪਾ ਦੇਵੀ, ਮਹਿੰਦਰ ਬਾਲੀ, ਲਕਸ਼ਮੀ ਵਰਮਾ, ਸਰੋਜ ਬਾਲਾ ਤੇ ਰਾਜੇਸ਼ ਰਾਜੂ ਆਦਿ ਹਾਜ਼ਰ ਸਨ। ਮੰਤਰੀ ਨੇ ਕਿਹਾ ਕਿ ਸੁਜਾਨਪੁਰ ਸ਼ਹਿਰ ਲਈ ਅੱਜ ਇੱਕ ਇਤਿਹਾਸਕ ਦਿਨ ਹੈ ਕਿ ਸੁਜਾਨਪੁਰ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਨਾਲ-ਨਾਲ ਇੱਥੇ ਵਾਟਰ ਟਰੀਟਮੈਂਟ ਪਲਾਂਟ ਵੀ ਲੱਗ ਰਿਹਾ ਹੈ ਜੋ ਕਿ ਪਾਣੀ ਨੂੰ ਸ਼ੁੱਧ ਕਰੇਗਾ ਅਤੇ ਫਿਰ ਇਹ ਪਾਣੀ ਖੇਤੀਬਾੜੀ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲਾ ਮੌਕਾ ਹੈ ਕਿ ਸੁਜਾਨਪੁਰ ਸ਼ਹਿਰ ਅੰਦਰ ਸੀਵਰੇਜ ਸਿਸਟਮ ਵਿਛਾਇਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×