ਪ੍ਰਕਾਸ਼ ਦਾ ਦੂਹਰਾ ਸੁਭਾਅ: ਕਣ ਜਾਂ ਤਰੰਗ
ਪ੍ਰਕਾਸ਼ ਸਾਡੇ ਆਸ-ਪਾਸ ਅਤੇ ਪੂਰੇ ਬ੍ਰਹਿਮੰਡ ਵਿੱਚ ਫੈਲਿਆ ਹੋਇਆ ਹੈ, ਜਿਸ ਕਰਕੇ ਅਸੀਂ ਇਸ ਨੂੰ ਦੇਖ ਸਕਦੇ ਹਾਂ ਪਰ ਇਹ ਹੈ ਕੀ? ਕਣ ਜਾਂ ਤਰੰਗ? ਸਤ੍ਵਾਰਵੀਂ ਸਦੀ ਦੌਰਾਨ ਨਿਊਟਨ ਦਾ ਮੰਨਣਾ ਸੀ ਕਿ ਪ੍ਰਕਾਸ਼ ਕਣਾਂ ਦਾ ਬਣਿਆ ਹੁੰਦਾ ਹੈ ਜਦਕਿ ਇੱਕ ਹੋਰ ਵਿਗਿਆਨੀ ਕ੍ਰਿਸਟੀਅਨ ਹਿਊਜੇਨਸ ਦਾ ਕਹਿਣਾ ਸੀ ਕਿ ਪ੍ਰਕਾਸ਼ ਤਰੰਗਾਂ ਦਾ ਬਣਿਆ ਹੁੰਦਾ ਹੈ। ਉੱਨ੍ਹੀਵੀਂ ਸਦੀ ਤੱਕ ਨਿਊਟਨ ਦੀ ਗੱਲ ਨੂੰ ਹੀ ਸੱਚ ਮੰਨਿਆ ਜਾਂਦਾ ਸੀ। ਫਿਰ ਥਾਮਸ ਯੰਗ ਨਾਮ ਦੇ ਵਿਗਿਆਨੀ ਨੇ ਆਪਣੇ ਪ੍ਰਯੋਗ ਨਾਲ ਸਿੱਧ ਕੀਤਾ ਕਿ ਪ੍ਰਕਾਸ਼ ਤਰੰਗਾਂ ਦਾ ਬਣਿਆ ਹੁੰਦਾ ਹੈ। ਇਸ ਪ੍ਰਯੋਗ ਨੂੰ ‘ਯੰਗ’ਜ਼ ਡਬਲ ਸਲਿਟ ਐਕਸਪੈਰੀਮੈਂਟ (Young’s double slit experiment) ਕਹਿੰਦੇ ਹਨ|
ਯੰਗ ਦਾ ਪ੍ਰਯੋਗ ਬਹੁਤ ਸੌਖਾ ਸੀ ਜਿਸ ਨੂੰ ਤੁਸੀਂ ਵੀ ਬੜੇ ਆਰਾਮ ਨਾਲ ਕਰ ਸਕਦੇ ਹੋ। ਇਸੇ ਸਰਲਤਾ ਕਰਕੇ ਇਸ ਨੂੰ ਬਹੁਤ ਸਾਰੇ ਵਿਗਿਆਨੀ ਖ਼ੁਦ ਕਰਕੇ ਦੇਖ ਸਕੇ ਪਰ ਫਿਰ ਵੀ ਲੋਕਾਂ ਨੂੰ ਯੰਗ ਦੀ ਗੱਲ ਨੂੰ ਪਚਾਉਣ ’ਚ ਥੋੜ੍ਹਾ ਸਮਾਂ ਲੱਗਿਆ। ਇਸ ਪ੍ਰਯੋਗ ਲਈ ਦੋ ਬਹੁਤ ਬਾਰੀਕ ਝੀਥਾਂ ਵਾਲੀ ਇੱਕ ਪਲੇਟ, ਇੱਕ ਪ੍ਰਕਾਸ਼ ਸਰੋਤ ਅਤੇ ਇੱਕ ਸਕਰੀਨ ਚਾਹੀਦੀ ਹੈ। ਪ੍ਰਕਾਸ਼ ਸਰੋਤ ਜੇਕਰ ਚਿੱਟੇ ਰੰਗ ਦੀ ਥਾਂ ’ਤੇ ਕਿਸੇ ਹੋਰ ਰੰਗ ਦਾ ਹੋਵੇ ਤਾਂ ਬਿਹਤਰ ਹੋਵੇਗਾ। ਚਿੱਟੇ ਰੰਗ ’ਚ ਸਾਰੇ ਰੰਗ ਘੁਲੇ ਹੋਣ ਕਰਕੇ ਸਕਰੀਨ ’ਤੇ ਰੰਗ ਖਿੰਡ ਜਾਂਦੇ ਹਨ ਅਤੇ ਤਸਵੀਰ ਸਾਫ਼ ਨਹੀਂ ਬਣਦੀ। ਪ੍ਰਕਾਸ਼ ਦੀਆਂ ਕਿਰਨਾਂ ਦੋ ਝੀਥਾਂ ਵਿਚਦੀ ਲੰਘਾ ਕੇ ਸਕਰੀਨ ’ਤੇ ਸੁੱਟੀਆਂ ਜਾਂਦੀਆਂ ਹਨ। ਤੁਸੀਂ ਇੱਕ ਝੀਥ ਬੰਦ ਵੀ ਕਰ ਸਕਦੇ ਹੋ ਅਤੇ ਦੋਵੇਂ ਝੀਥਾਂ ਖੁੱਲ੍ਹੀਆਂ ਵੀ ਰੱਖ ਸਕਦੇ ਹੋ।
ਇੱਕ ਝੀਥ ਬੰਦ ਰੱਖ ਕੇ ਜਦੋਂ ਪ੍ਰਕਾਸ਼ ਸੁੱਟਿਆ ਜਾਂਦਾ ਹੈ ਤਾਂ ਸਕਰੀਨ ’ਤੇ ਇੱਕ ਲਕੀਰ ਬਣਦੀ ਹੈ ਤੇ ਬਣਨੀ ਵੀ ਚਾਹੀਦੀ ਹੈ। ਇਸ ਤਰ੍ਹਾਂ ਹੀ ਦੋਵੇਂ ਝੀਥਾਂ ਖੋਲ੍ਹ ਕੇ ਪ੍ਰਕਾਸ਼ ਸੁੱਟਣ ’ਤੇ ਕੀ ਹੋਵੇਗਾ? ਫਿਰ ਦੋ ਲਕੀਰਾਂ ਬਣਨਗੀਆਂ, ਜਿਵੇਂ ਰੇਤੇ ਜਾਂ ਮਿੱਟੀ ਦੇ ਕਣ ਇਨ੍ਹਾਂ ਝੀਥਾਂ ਰਾਹੀਂ ਸਕਰੀਨ ਉੱਤੇ ਸੁੱਟਣ ’ਤੇ ਬਣਨੀਆਂ ਸਨ| ਪ੍ਰਕਾਸ਼ ਜੇਕਰ ਕਣਾਂ ਦਾ ਬਣਿਆ ਹੋਇਆ ਹੁੰਦਾ ਤਾਂ ਇਹੋ ਹੋਣਾ ਚਾਹੀਦਾ ਸੀ, ਪਰ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।
ਅਸਲ ਵਿੱਚ ਕੀ ਹੁੰਦਾ ਹੈ ਕਿ ਸਕਰੀਨ ’ਤੇ ਪੈਣ ਵਾਲਾ ਪ੍ਰਕਾਸ਼ ਕਈ ਚਮਕਦਾਰ ਅਤੇ ਗੂੜ੍ਹੀਆਂ ਲਕੀਰਾਂ ਵਿੱਚ ਟੁੱਟ ਜਾਂਦਾ ਹੈ। (ਰੈਫਰੈਂਸ ਲਈ ਹਥਲੀ ਤਸਵੀਰ ਦੇਖੋ) ਇਹ ਨਤੀਜੇ ਦਰਸਾਉਂਦੇ ਹਨ ਕਿ ਪ੍ਰਕਾਸ਼ ਇੱਕ ਤਰੰਗ ਵਾਂਗ ਚੱਲਦਾ ਹੈ ਅਤੇ ਇਹ ਤਰੰਗਾਂ ਜਦੋਂ ਸਕਰੀਨ ਵੱਲ ਜਾ ਰਹੀਆਂ ਹੁੰਦੀਆਂ ਹਨ ਤਾਂ ਆਪਸ ਵਿੱਚ ਮਿਲ ਕੇ (ਵਿਗਿਆਨਕ ਭਾਸ਼ਾ ਵਿੱਚ ਇੰਟਰਫੀਅਰ-interfere ਕਰ ਕੇ) ਸਕਰੀਨ ’ਤੇ ਗੂੜ੍ਹੀਆਂ ਤੇ ਚਮਕਦਾਰ ਲਕੀਰਾਂ ਬਣਾਉਂਦੀਆਂ ਹਨ। ਪ੍ਰਕਾਸ਼ ਜਦੋਂ ਦੋ ਝੀਥਾਂ ਵਿੱਚੋਂ ਲੰਘਦਾ ਹੈ ਤਾਂ ਹਰੇਕ ਝੀਥ ’ਤੇ ਇੱਕ ਨਵੀਂ ਤਰੰਗ ਬਣਦੀ ਹੈ। ਇਹ ਤਰੰਗਾਂ ਫੈਲਦੇ ਹੋਏ ਅੱਗੇ ਵਧਦੀਆਂ ਹਨ ਅਤੇ ਆਪਸ ਵਿੱਚ ਟਕਰਾਉਂਦੀਆਂ ਹਨ। ਇਸ ਨੂੰ ਸਮਝਣ ਲਈ ਇੱਕ ਉਦਾਹਰਨ ਦਾ ਸਹਾਰਾ ਲੈ ਸਕਦੇ ਹਾਂ। ਕਿਸੇ ਵੀ ਛੱਪੜ ਜਾਂ ਟੋਭੇ ’ਚ ਇੱਕ ਪੱਥਰ ਸੁੱਟਣ ’ਤੇ ਉਸ ਦੀ ਸਤ੍ਵਾ ’ਤੇ ਤਰੰਗਾਂ ਬਣਦੀਆਂ ਹਨ। ਇਨ੍ਹਾਂ ਤਰੰਗਾਂ ਵਿੱਚ ਕ੍ਰਮਵਾਰ ਕਈ ਉਚਾਈਆਂ (ਕ੍ਰੈਸਟ-crest) ਅਤੇ ਨਿਵਾਣਾਂ (ਟ੍ਰਫ-trough) ਹੁੰਦੀਆਂ ਹਨ| ਜੇਕਰ ਤੁਸੀਂ ਦੋ ਪੱਥਰ ਇੱਕੋ ਸਮੇਂ ਸੁੱਟੋ ਤਾਂ ਬਣਨ ਵਾਲੀਆਂ ਤਰੰਗਾਂ ਆਪਸ ਵਿੱਚ ਮਿਲ ਕੇ ਕਿਤੇ ਤਰੰਗ ਦੀ ਉਚਾਈ ਨੂੰ ਵਧਾਉਣਗੀਆਂ ਅਤੇ ਕਿਤੇ ਘਟਾ ਦੇਣਗੀਆਂ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ਸੁਪਰਪੁਜ਼ੀਸ਼ਨ (superposition) ਕਹਿੰਦੇ ਹਨ। ਜਿਸ ਜਗ੍ਹਾ ’ਤੇ ਕ੍ਰੈਸਟ ਨਾਲ ਕ੍ਰੈਸਟ ਜਾਂ ਟ੍ਰਫ ਨਾਲ ਟ੍ਰਫ ਮਿਲਦੀ ਹੈ, ਉੱਥੇ ਤਰੰਗ ਦੀ ਉਚਾਈ ਵਧ ਜਾਂਦੀ ਹੈ| ਸਕਰੀਨ ’ਤੇ ਇਹ ਚਮਕਦਾਰ ਲਕੀਰ ਵਾਲੀ ਜਗ੍ਹਾ ’ਤੇ ਹੁੰਦਾ ਹੈ| ਇਸ ਤੋਂ ਉਲਟ ਜੇਕਰ ਕ੍ਰੈਸਟ ਨਾਲ ਟ੍ਰਫ ਜਾਂ ਟ੍ਰਫ ਨਾਲ ਕ੍ਰੈਸਟ ਮਿਲ ਜਾਵੇ ਤਾਂ ਦੋਵੇਂ ਇੱਕ ਦੂਜੇ ਨੂੰ ਮਿਟਾ ਦੇਣਗੀਆਂ ਅਤੇ ਸਕਰੀਨ ’ਤੇ ਗੂੜ੍ਹੀ ਲਕੀਰ ਦਿਖੇਗੀ| ਇਸ ਸੁਪਰਪੁਜ਼ੀਸ਼ਨ ਕਰਕੇ ਹੀ ਤੁਹਾਨੂੰ ਸਕਰੀਨ ’ਤੇ ਚਮਕਦਾਰ ਅਤੇ ਗੂੜ੍ਹੀਆਂ ਲਕੀਰਾਂ ਦੀ ਕਤਾਰ ਦਿਖਦੀ ਹੈ ਜੋ ਪ੍ਰਕਾਸ਼ ਦੇ ਤਰੰਗ ਹੋਣ ਦੀ ਪੁਸ਼ਟੀ ਕਰਦੀ ਹੈ|
ਇਸ ਤੋਂ ਬਾਅਦ ਇਹ ਪ੍ਰਯੋਗ ਇਲੈੱਕਟ੍ਰੋਨਾਂ ਨਾਲ ਵੀ ਕੀਤੇ ਗਏ| ਜਦੋਂ ਇਲੈੱਕਟ੍ਰੋਨਾਂ ਨੂੰ ਇੱਕ ਝੀਥ ਵਿੱਚੋਂ ਲੰਘਾਇਆ ਗਿਆ ਤਾਂ ਸਕਰੀਨ ’ਤੇ ਸਿਰਫ਼ ਇੱਕ ਲਕੀਰ ਬਣੀ ਪਰ ਜਦੋਂ ਇਨ੍ਹਾਂ ਨੂੰ ਦੋ ਝੀਥਾਂ ਵਿੱਚੋਂ ਲੰਘਾਇਆ ਗਿਆ ਤਾਂ ਪ੍ਰਕਾਸ਼ ਵਾਂਗ ਹੀ ਗੂੜ੍ਹੀਆਂ ਅਤੇ ਚਮਕਦਾਰ ਲਕੀਰਾਂ ਦੇਖਣ ਨੂੰ ਮਿਲੀਆਂ ਜਿਸ ਦਾ ਮਤਲਬ ਸੀ ਕਿ ਇਲੈੱਕਟ੍ਰੋਨ ਵੀ ਕਿਵੇਂ ਨਾ ਕਿਵੇਂ ਤਰੰਗਾਂ ਵਾਂਗ ਵਿਚਰਦੇ ਹਨ| ਇੱਥੋਂ ਤੱਕ ਗੱਲ ਫਿਰ ਵੀ ਕੁਝ ਸਮਝ ’ਚ ਆਉਂਦੀ ਹੈ ਕਿ ਪ੍ਰਕਾਸ਼ ਵਾਂਗ ਇਲੈੱਕਟ੍ਰੋਨ ਵੀ ਤਰੰਗਾਂ ਹੋ ਸਕਦੇ ਹਨ ਪਰ ਚੀਜ਼ਾਂ ਹੋਰ ਦਿਲਚਸਪ ਹੋ ਗਈਆਂ ਜਦੋਂ ਵਿਗਿਆਨੀਆਂ ਨੇ ਇਲੈੱਕਟ੍ਰੋਨਾਂ ਨੂੰ ਇੱਕ-ਇੱਕ ਕਰਕੇ ਛੱਡਿਆ| ਮਤਲਬ ਦੋ ਇਲੈੱਕਟ੍ਰੋਨ ਇੱਕੋ ਸਮੇਂ ਮੌਜੂਦ ਹੀ ਨਹੀਂ ਹਨ ਸੋ ਸਾਨੂੰ ਪੈਟਰਨ ਨਹੀਂ ਮਿਲਣਾ ਚਾਹੀਦਾ ਸਗੋਂ ਦੋ ਲਕੀਰਾਂ ਦਿਖਣੀਆਂ ਚਾਹੀਦੀਆਂ ਹਨ| ਸ਼ੁਰੂਆਤ ਵਿੱਚ ਸਕ੍ਰੀਨ ’ਤੇ ਉਘੜ-ਦੁੱਘੜ ਤਰੀਕੇ ਨਾਲ ਲਕੀਰਾਂ ਬਣਨੀਆਂ ਸ਼ੁਰੂ ਹੋਈਆਂ ਪਰ ਜਦੋਂ ਹੋਰ ਇਲੈੱਕਟ੍ਰੋਨ ਸੁੱਟੇ ਗਏ ਤਾਂ ਉਹੀ ਪੁਰਾਣਾ ਗੂੜ੍ਹੀਆਂ ਅਤੇ ਚਮਕਦਾਰ ਲਕੀਰਾਂ ਵਾਲਾ ਪੈਟਰਨ ਬਣਨ ਲੱਗਿਆ| ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਲੈੱਕਟ੍ਰੋਨ ਆਪਣੇ ਆਪ ਨਾਲ ਇੰਟਰਫੀਅਰ (interfere) ਕਰ ਰਹੇ ਹਨ| ਇਹ ਗੱਲ ਸਮਝ ਤੋਂ ਬਾਹਰ ਸੀ|
ਇਸ ਨੂੰ ਸਮਝਣ ਲਈ ਵਿਗਿਆਨੀ ਇੱਕ ਕਦਮ ਹੋਰ ਅੱਗੇ ਗਏ| ਉਨ੍ਹਾਂ ਨੇ ਝੀਥਾਂ ਦੇ ਅੱਗੇ ਇਲੈੱਕਟ੍ਰੋਨਾਂ ਦਾ ਪਤਾ ਲਾਉਣ ਵਾਲੇ ਯੰਤਰ ਲਗਾ ਦਿੱਤੇ ਤਾਂ ਕਿ ਪਤਾ ਲੱਗ ਸਕੇ ਕਿ ਇਲੈੱਕਟ੍ਰੋਨ ਕਿਸ ਝੀਥ ਥਾਣੀ ਲੰਘਿਆ ਹੈ| ਇਸ ਯੰਤਰ ਨੇ ਦਿਖਾਇਆ ਕਿ ਅੱਧੇ ਇਲੈੱਕਟ੍ਰੋਨ ਇੱਕ ਝੀਥ ਵਿੱਚੋਂ ਤੇ ਅੱਧੇ ਦੂਜੀ ਝੀਥ ਵਿੱਚੋਂ ਲੰਘੇ ਸਨ ਪਰ ਇੱਕ ਹੋਰ ਚੀਜ਼ ਜੋ ਉਨ੍ਹਾਂ ਨੇ ਦੇਖੀ ਕਿ ਇਹ ਯੰਤਰ ਲਗਾਉਣ ਤੋਂ ਬਾਅਦ ਸਕਰੀਨ ’ਤੇ ਸਿਰਫ਼ ਦੋ ਲਕੀਰਾਂ ਹੀ ਬਣੀਆਂ, ਜਿਵੇਂ ਕਿ ਝੀਥਾਂ ਵਿੱਚੋਂ ਤਰੰਗਾਂ ਨਹੀਂ ਕਣ ਲੰਘੇ ਹੋਣ| ਕਿਸੇ ਅਣਜਾਣ ਕਾਰਨ ਕਰ ਕੇ, ਜੇਕਰ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਸਾਂ ਕਿ ਇਲੈੱਕਟ੍ਰੋਨ ਕਿਸ ਝੀਥ ਵਿੱਚੋਂ ਲੰਘੇ ਹਨ ਤਾਂ ਸਕਰੀਨ ’ਤੇ ਸਿਰਫ਼ ਦੋ ਲਕੀਰਾਂ ਨਜ਼ਰ ਆਉਂਦੀਆਂ ਸਨ, ਯਾਨੀ ਇਲੈੱਕਟ੍ਰੋਨ ਕਣਾਂ ਵਾਂਗ ਕੰਮ ਕਰਨ ਲੱਗਦੇ ਸਨ| ਪਰ ਜੇ ਅਸੀਂ ਨਹੀਂ ਦੇਖਦੇ ਤਾਂ ਇਹ ਫਿਰ ਤਰੰਗਾਂ ਦੀ ਤਰ੍ਹਾਂ ਕੰਮ ਕਰਨ ਲੱਗਦੇ ਸਨ ਅਤੇ ਸਕਰੀਨ ’ਤੇ ਗੂੜ੍ਹੀਆਂ/ਚਮਕਦਾਰ ਲਕੀਰਾਂ ਨਜ਼ਰ ਆਉਂਦੀਆਂ ਸਨ|
ਇਹ ਪ੍ਰਯੋਗ ਪ੍ਰਕਾਸ਼ ਨਾਲ ਵੀ ਦੁਹਰਾ ਕੇ ਦੇਖੇ ਗਏ, ਜਿੱਥੇ ਫੋਟੋਨ (ਪ੍ਰਕਾਸ਼ ਦੀ ਛੋਟੀ ਤੋਂ ਛੋਟੀ ਇਕਾਈ) ਇੱਕ-ਇੱਕ ਕਰਕੇ ਛੱਡੇ ਗਏ ਅਤੇ ਉੱਥੇ ਵੀ ਉਹੀ ਵਰਤਾਰਾ ਵੇਖਣ ਨੂੰ ਮਿਲਿਆ| ਕਵਾਂਟਮ ਮੈਕੇਨਿਕਸ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ ਸਭ ਕਣਾਂ ਅਤੇ ਪ੍ਰਕਾਸ਼ ਦਾ ਇੱਕ ਗੁਣ ਹੁੰਦਾ ਹੈ ਜਿਸ ਨੂੰ ਤਰੰਗ-ਕਣ ਦਵੰਦ (wave-particle duality) ਕਹਿੰਦੇ ਹਨ| ਇਹ ਸਾਰੇ ਕਣ ਅਤੇ ਪ੍ਰਕਾਸ਼ ਆਪਣੀ ਮਰਜ਼ੀ ਨਾਲ ਹਾਲਾਤ ਮੁਤਾਬਕ ਕਣ ਜਾਂ ਤਰੰਗ ਵਾਂਗ ਕੰਮ ਕਰ ਸਕਦੇ ਹਨ|
ਯੰਗ ਦੇ ਪ੍ਰਯੋਗ ਨੂੰ ਵਿਗਿਆਨੀਆਂ ਨੇ ਇੱਕ ਹੋਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿੱਚ ਇਲੈੱਕਟ੍ਰੋਨ ਕਿਸ ਝੀਥ ਵਿੱਚੋਂ ਗਿਆ, ਦਾ ਪਤਾ ਲਗਾਉਣ ਦਾ ਫ਼ੈਸਲਾ ਇਲੈੱਕਟ੍ਰੋਨ ਦੇ ਝੀਥਾਂ ਵਿੱਚੋਂ ਲੰਘਣ ਤੋਂ ਬਾਅਦ ਲਿਆ ਜਾਂਦਾ ਸੀ ਪਰ ਨਤੀਜਾ ਫਿਰ ਵੀ ਉਹੋ ਰਿਹਾ| ਸੋ ਅੰਤ ਵਿੱਚ ਅਸੀਂ ਇਹੋ ਕਹਿ ਸਕਦੇ ਹਾਂ ਕਿ ਪ੍ਰਕਾਸ਼ ਜਾਂ ਹੋਰ ਸੂਖਮ ਕਣ ਇੱਕੋ ਸਮੇਂ ਤਰੰਗ ਅਤੇ ਕਣ ਵਾਂਗ ਕੰਮ ਕਰ ਸਕਦੇ ਹਨ, ਪਰ ਕਿਵੇਂ, ਇਸ ’ਤੇ ਖੋਜ ਹਾਲੇ ਵੀ ਜਾਰੀ ਹੈ|
*ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095