ਮਾਲਕ ਦੀ ਕਾਰ ’ਚੋਂ ਦੋ ਲੱਖ ਚੋਰੀ ਕਰਨ ਵਾਲਾ ਡਰਾਈਵਰ ਕਾਬੂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਸਤੰਬਰ
ਕਾਰ ਵਿੱਚ ਰੱਖਿਆ ਬੈਗ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਵਾਸੀ ਮਲੋਟ ਵਜੋਂ ਹੋਈ ਹੈ। ਉਸ ਕੋਲੋਂ ਦੋ ਲੱਖ ਸੱਤ ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਸ ਸਬੰਧ ਵਿੱਚ ਥਾਣਾ ਏ ਡਿਵੀਜ਼ਨ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ। ਇੰਸਪੈਕਟਰ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ।
ਉਹ ਰੋਪੜ ਦੀ ਇੱਕ ਕੰਪਨੀ ਵਿੱਚ ਮਾਰਕੀਟ ਵਿੱਚੋਂ ਰਿਕਵਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਅਤੇ ਸਾਹਿਲ ਜੈਨ ਆਪਣੀ ਕਾਰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਰਕਮ ਦੀ ਰਿਕਵਰੀ ਲਈ ਆਏ ਸਨ । ਉਨ੍ਹਾਂ ਦੇ ਨਾਲ ਕਾਰ ਦਾ ਚਾਲਕ ਲਖਬੀਰ ਸਿੰਘ ਵੀ ਸ਼ਾਮਲ ਸੀ। ਉਹ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਕਾਰ ਨੂੰ ਮਹਾਂ ਸਿੰਘ ਗੇਟ ਵਿਖੇ ਖੜ੍ਹੀ ਕਰਨ ਲਈ ਆਖਿਆ ਅਤੇ ਖ਼ੁਦ ਚੀਲ ਮੰਡੀ ਵਿੱਚ ਰਕਮ ਲੈਣ ਲਈ ਚਲੇ ਗਏ। ਜਦੋਂ ਵਾਪਸ ਆਏ ਤਾਂ ਡਰਾਈਵਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਦਵਾਈ ਲੈਣ ਚਲਾ ਗਿਆ ਸੀ ਅਤੇ ਪਿੱਛੋਂ ਕਿਸੇ ਅਣਪਛਾਤੇ ਵਿਅਕਤੀ ਨੇ ਗੱਡੀ ਵਿਚੋਂ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ ਹੈ।
ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲੀਸ ਨੇ ਜਾਂਚ ਦੌਰਾਨ ਡਰਾਈਵਰ ਲਖਵੀਰ ਸਿੰਘ ਕੋਲੋਂ ਚੋਰੀ ਕੀਤਾ ਹੋਇਆ ਪੈਸਿਆਂ ਵਾਲਾ ਬੈਗ ਅਤੇ 2 ਲੱਖ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।