ਸਵਾਰੀਆਂ ਤੋਂ ਬੱਸ ਨੂੰ ਧੱਕਾ ਲਵਾਉਣ ਵਾਲਾ ਡਰਾਈਵਰ ਮੁਅੱਤਲ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 29 ਨਵੰਬਰ
ਹਰਿਆਣਾ ਦੇ ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੱਜ ਸ਼ਾਮ ਕੈਥਲ ਬੱਸ ਅੱਡੇ ਦਾ ਅਚਨਚੇਤ ਜਾਇਜ਼ਾ ਲਿਆ। ਉਹ ਸਿਰਸਾ ਤੋਂ ਚੰਡੀਗੜ੍ਹ ਜਾਂਦੇ ਸਮੇਂ ਅਚਾਨਕ ਕੈਥਲ ਬੱਸ ਅੱਡੇ ’ਤੇ ਰੁਕ ਗਏ। ਇੱਥੇ ਉਨ੍ਹਾਂ ਸਵਾਰੀਆਂ ਨੂੰ ਬੱਸ ਨੂੰ ਧੱਕਾ ਲਗਾ ਕੇ ਸਟਾਰਟ ਕਰਦਿਆਂ ਦੇਖਿਆ। ਇਸ ਮਗਰੋਂ ਉਨ੍ਹਾਂ ਸੰਸਥਾ ਦੇ ਮੈਨੇਜਰ ਦੇ ਦਫ਼ਤਰ ਦਾ ਨਿਰੀਖਣ ਕੀਤਾ, ਜਿੱਥੇ ਸਬੰਧਤ ਕਰਮਚਾਰੀ ਡਿਊਟੀ ’ਤੇ ਨਹੀਂ ਪਾਏ ਗਏ। ਉਨ੍ਹਾਂ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਪ੍ਰਾਈਵੇਟ ਬੱਸਾਂ ਦੀਆਂ ਟਿਕਟਾਂ ਵੀ ਚੈੱਕ ਕੀਤੀਆਂ ਜਾਣ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਬੱਸ ਅੱਡੇ ’ਤੇ ਚਲਾਈਆਂ ਜਾ ਰਹੀਆਂ ਦੁਕਾਨਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ, ਯਾਤਰੀਆਂ ਨੂੰ ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਸੰਸਥਾ ਦੇ ਮੈਨੇਜਰ ਸੁਨੀਲ ਕੁਮਾਰ ਨੂੰ ਪਖਾਨੇ ਵਿੱਚ ਸਫ਼ਾਈ ਨਾ ਹੋਣ ਕਾਰਨ ਅਤੇ ਬੱਸ ਡਰਾਈਵਰ ਮੋਨੂੰ ਨੂੰ ਸਵਾਰੀਆਂ ਕੋਲੋਂ ਧੱਕਾ ਲਾ ਕੇ ਬੱਸ ਸਟਾਰਟ ਕਰਵਾਉਣ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਵਰਕਸ਼ਾਪ ਦੇ ਮੁਲਾਜ਼ਮਾਂ ਖ਼ਿਲਾਫ਼ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਨੇ ਕੰਡਮ ਬੱਸ ਨੂੰ ਰੂਟ ’ਤੇ ਭੇਜਿਆ। ਇਸ ਦੇ ਨਾਲ ਹੀ ਨਿਰੀਖਣ ਦੌਰਾਨ ਵੀਟਾ ਬੂਥ ਨੂੰ ਬੰਦ ਕਰਨ ਦੀ ਸੂਚਨਾ ਮਿਲਦਿਆਂ ਹੀ ਟਰਾਂਸਪੋਰਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੈਂਪਲ ਲੈਣ ਦੇ ਹੁਕਮ ਵੀ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।