ਪਿਤਾ ਨਾਲ ਸਕਰੀਨ ਸਾਂਝੀ ਕਰਨ ਦਾ ਸੁਫ਼ਨਾ ਸਾਕਾਰ ਹੋਇਆ: ਅੰਗਦ ਬੇਦੀ
ਮੁੰਬਈ: ਨਿਰਦੇਸ਼ਕ ਆਰ ਬਾਲਕੀ ਦੀ ਨਵੀਂ ਫਿਲਮ ‘ਘੂਮਰ’ ਕ੍ਰਿਕਟ ਪ੍ਰੇਮੀਆਂ ਲਈ ਸੌਗਾਤ ਲੈ ਕੇ ਆਈ ਹੈ। ਇਹ ਫਿਲਮ ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਇੱਕ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਜੀਵਨ ਦੁਆਲੇ ਘੁੰਮਦੀ ਹੈ ਜੋ ਅਧਰੰਗ ਦੇ ਬਾਵਜੂਦ ਆਪਣੀ ਖੇਡ ਜਾਰੀ ਰੱਖਦੀ ਹੈ ਜਿਸ ਦਾ ਕਿਰਦਾਰ ਸਿਆਮੀ ਖੇਰ ਨੇ ਨਿਭਾਇਆ ਹੈ। ਇਸ ਫਿਲਮ ’ਚ ਅਭਿਸ਼ੇਕ ਬੱਚਨ ਤੇ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ ਵਿਚ ਹਨ। ਅਭਿਸ਼ੇਕ ਨੇ ਇਸ ਵਿਚ ਸਿਆਮੀ ਦੇ ਕੋਚ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਵਿੱਚ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਵੀ ਹਨ। ਇਸ ਫਿਲਮ ਵਿਚ ਬਿਸ਼ਨ ਸਿੰਘ ਬੇਦੀ ਦੇ ਲੜਕੇ ਅੰਗਦ ਬੇਦੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਿਸ ਨੇ ਆਪਣੇ ਪਿਤਾ ਬਿਸ਼ਨ ਸਿੰਘ ਬੇਦੀ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਆਪਣੇ ਪਿਤਾ ਨਾਲ ਫਿਲਮ ਵਿਚ ਕੰਮ ਕਰ ਕੇ ਉਸ ਦਾ ਸੁਫ਼ਨਾ ਸਾਕਾਰ ਹੋਇਆ ਹੈ। ਅੰਗਦ ਨੇ ਕਿਹਾ,‘ਮੇਰੇ ਪਿਤਾ ਨਾ ਸਿਰਫ ਮਹਾਨ ਕ੍ਰਿਕਟਰ ਹਨ, ਸਗੋਂ ਸ਼ਾਨਦਾਰ ਇਨਸਾਨ ਵੀ ਹਨ, ਉਨ੍ਹਾਂ ਨਾਲ ਇਕ ਹੀ ਫਿਲਮ ਵਿਚ ਇਕੱਠੇ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। -ਏਐੱਨਆਈ