ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੇਸ਼ ਵੰਡ ਦਾ ਸੁਫਨਾ ਅਤੇ ਹਕੀਕਤ

06:58 AM Aug 11, 2024 IST

ਕੁਲਦੀਪ ਨਈਅਰ

Advertisement

ਉੱਘੇ ਪੱਤਰਕਾਰ, ਲੇਖਕ ਅਤੇ ਸਿਆਸੀ ਟਿੱਪਣੀਕਾਰ ਕੁਲਦੀਪ ਨਈਅਰ ਨੇ ਆਪਣੇ 65 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਅਹਿਮ ਤੇ ਸਿਆਸੀ ਘਟਨਾਵਾਂ ਨੂੰ ਕੇਵਲ ਖ਼ਬਰ ਦਾ ਰੂਪ ਧਾਰਦਿਆਂ ਹੀ ਨਹੀਂ ਦੇਖਿਆ ਸਗੋਂ ਉਨ੍ਹਾਂ ਨਾਲ ਸਬੰਧਿਤ ਹਸਤੀਆਂ ਨੂੰ ਵੀ ਬਹੁਤ ਨੇੜਿਓਂ ਤੱਕਿਆ। ਇਹੀ ਕਾਰਨ ਹੈ ਕਿ ਜਦੋਂ ਉਨ੍ਹਾਂ ਕਿਸੇ ਅਜਿਹੀ ਇਤਿਹਾਸਕ ਜਾਂ ਸਿਆਸੀ ਘਟਨਾ ਬਾਰੇ ਲਿਖਿਆ ਜਿਸ ਦੇ ਉਹ ਖ਼ੁਦ ਗਵਾਹ ਰਹੇ ਸਨ ਤਾਂ ਉਨ੍ਹਾਂ ਦੀਆਂ ਨਿੱਜੀ ਟਿੱਪਣੀਆਂ ਅਤੇ ਵਿਸ਼ਲੇਸ਼ਣ ਨੇ ਉਨ੍ਹਾਂ ਦੀ ਲਿਖਤ ਨੂੰ ਵਿਲੱਖਣ ਅਤੇ ਪ੍ਰਮਾਣਿਕ ਬਣਾਇਆ। ਉਨ੍ਹਾਂ ਦੀ ਪੁਸਤਕ ‘ਸਕੂਪ’ ਵਿੱਚ ਸ਼ਾਮਲ ਇਹ ਲੇਖ ਦੇਸ਼ ਵੰਡ ਦੇ ਭਿਆਨਕ ਸਿੱਟਿਆਂ ਬਾਰੇ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੈ।

ਜਿਨਾਹ ਆਪਣੇ ਸਟਾਫ਼ ਨਾਲ ਖਾਣੇ ਦੀ ਮੇਜ਼ ’ਤੇ ਬੈਠਾ ਹੋਇਆ ਸੀ ਕਿ ਅਚਾਨਕ ਨੇਵਲ ਅਟੈਚੀ ਨੇ ਖਾਣਾ ਖਾਂਦਿਆਂ ਕਾਇਦੇ-ਆਜ਼ਮ ਨੂੰ ਪੁੱਛ ਲਿਆ, ‘‘ਸਰ, ਕੀ ਪਾਕਿਸਤਾਨ ਬਣਾਉਣਾ ਬਹੁਤ ਜ਼ਰੂਰੀ ਸੀ? ਇਸ ਕਾਰਨ ਲੋਕਾਂ ਨੂੰ ਜੋ ਦੁੱਖ ਅਤੇ ਸੰਤਾਪ ਹੰਢਾਉਣਾ ਪੈ ਰਿਹਾ ਹੈ ਉਹ ਤਾਂ ਕਲਪਨਾ ਤੋਂ ਵੀ ਪਰ੍ਹੇ ਹੈ ਅਤੇ ਪਤਾ ਨਹੀਂ ਭਵਿੱਖ ਕਿਹੋ ਜਿਹਾ ਹੋਵੇਗਾ?” ਉਸ ਦੀ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੱਕੇ-ਬੱਕੇ ਰਹਿ ਗਏ। ਉਸ ਦੇ ਸੁਆਲਾਂ ਮਗਰੋਂ ਚਾਰੇ ਪਾਸੇ ਇਕਦਮ ਖ਼ਾਮੋਸ਼ੀ ਛਾ ਗਈ। ਸਭ ਦੀਆਂ ਨਜ਼ਰਾਂ ਜਿਨਾਹ ’ਤੇ ਸਨ ਅਤੇ ਉਸ ਨੂੰ ਵੀ ਬੋਲਣ ਲਈ ਕੁਝ ਸਮਾਂ ਲੱਗਿਆ।
ਅਖ਼ੀਰ ਉਸ ਨੇ ਏਨਾ ਆਖਿਆ, ‘‘ਮੇਰੇ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ। ਅਸੀਂ ਸਾਰੇ ਇਸ ਘਟਨਾਕ੍ਰਮ ਨਾਲ ਨੇੜਿਓਂ ਜੁੜੇ ਹੋਏ ਹਾਂ, ਇਸ ਕਰਕੇ ਅਸੀਂ ਇਸ ਬਾਰੇ ਅਜੇ ਕੋਈ ਰਾਏ ਨਹੀਂ ਦੇ ਸਕਦੇ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੀ ਠੀਕ ਸੀ ਤੇ ਕੀ ਗ਼ਲਤ।”

Advertisement

ਕਹਿੰਦੇ ਨੇ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਦਾ ਇੱਕ ਨੌਜਵਾਨ ਨੇਵਲ ਅਟੈਚੀ ਵੰਡ ਮਗਰੋਂ ਵੱਡੇ ਪੱਧਰ ’ਤੇ ਹੋਈ ਹਿਜਰਤ ਅਤੇ ਖ਼ੂਨ-ਖਰਾਬੇ ਕਾਰਨ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਸੀ। ਕਿਸੇ ਨੂੰ ਵੀ ਇਸ ਕਿਸਮ ਦੇ ਕਤਲੇਆਮ ਦੀ ਉਮੀਦ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਚਾਹੁੰਦਾ ਸੀ ਪਰ ਸਾਰੇ ਹੀ ਬੇਵੱਸ ਸਨ। ਦੋਵੇਂ ਦੇਸ਼ ਇੱਕ-ਦੂਜੇ ਨੂੰ ਦੋਸ਼ੀ ਠਹਿਰਾ ਰਹੇ ਸਨ। ਹਿੰਦੂਆਂ ਅਤੇ ਮੁਸਲਮਾਨਾਂ ਦੀ ਹਿਜਰਤ ਲਗਾਤਾਰ ਜਾਰੀ ਸੀ। ਉਸ ਨੇਵਲ ਅਟੈਚੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਅਜਿਹੇ ਹਾਲਾਤ ਦੀ ਮਾਰ ਹੇਠ ਆ ਗਏ ਸਨ। ਉਸ ਦੇ ਮਨ ਵਿੱਚ ਵਾਰ-ਵਾਰ ਸੁਆਲ ਉੱਠਦਾ ਸੀ ਕਿ ਆਖ਼ਰ ਇਹ ਹਿਜਰਤ ਕਿਉਂ? ਕੀ ਇਸ ਖ਼ੂਨ-ਖ਼ਰਾਬੇ ਨੂੰ ਰੋਕਿਆ ਨਹੀਂ ਸੀ ਜਾ ਸਕਦਾ? ਹਜ਼ਾਰਾਂ ਬੇਗੁਨਾਹ ਜੋ ਦੇਸ਼ ਵੰਡ ਦੀ ਭੇਟ ਚੜ੍ਹ ਗਏ, ਆਖ਼ਰ ਉਨ੍ਹਾਂ ਦਾ ਕਸੂਰ ਕੀ ਸੀ? ਆਖ਼ਰ ਇਸ ਸਭ ਲਈ ਕੌਣ ਜ਼ਿੰਮੇਵਾਰ ਸੀ?
ਕਰਾਚੀ ਵਿੱਚ ਇੱਕ ਦਿਨ ਇਹ ਨੌਜਵਾਨ ਅਟੈਚੀ ਆਪਣੇ ਬੌਸ ਜਿਨਾਹ ਵੱਲੋਂ ਦਿੱਤੀ ਦਾਅਵਤ ਵਿੱਚ ਸ਼ਾਮਲ ਹੋਇਆ। ਜਿਨਾਹ ਵੀ ਆਪਣੇ ਸਟਾਫ਼ ਨਾਲ ਖਾਣੇ ਦੀ ਮੇਜ਼ ’ਤੇ ਬੈਠਾ ਹੋਇਆ ਸੀ ਕਿ ਅਚਾਨਕ ਇਸ ਨੇਵਲ ਅਟੈਚੀ ਨੇ ਖਾਣਾ ਖਾਂਦਿਆਂ ਕਾਇਦੇ-ਆਜ਼ਮ ਨੂੰ ਪੁੱਛ ਲਿਆ, ‘‘ਸਰ, ਕੀ ਪਾਕਿਸਤਾਨ ਬਣਾਉਣਾ ਬਹੁਤ ਜ਼ਰੂਰੀ ਸੀ? ਇਸ ਕਾਰਨ ਲੋਕਾਂ ਨੂੰ ਜੋ ਦੁੱਖ ਅਤੇ ਸੰਤਾਪ ਹੰਢਾਉਣਾ ਪੈ ਰਿਹਾ ਹੈ ਉਹ ਤਾਂ ਕਲਪਨਾ ਤੋਂ ਵੀ ਪਰ੍ਹੇ ਹੈ ਅਤੇ ਪਤਾ ਨਹੀਂ ਭਵਿੱਖ ਕਿਹੋ ਜਿਹਾ ਹੋਵੇਗਾ?” ਉਸ ਦੀ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੱਕੇ-ਬੱਕੇ ਰਹਿ ਗਏ। ਉਸ ਵੇਲੇ ਫਾਤਿਮਾ ਜਿਨਾਹ ਵੀ ਉੱਥੇ ਮੌਜੂਦ ਸੀ। ਉਸ ਦੇ ਸੁਆਲਾਂ ਮਗਰੋਂ ਚਾਰੇ ਪਾਸੇ ਇਕਦਮ ਖ਼ਾਮੋਸ਼ੀ ਛਾ ਗਈ। ਸਭ ਦੀਆਂ ਨਜ਼ਰਾਂ ਜਿਨਾਹ ’ਤੇ ਸਨ ਅਤੇ ਉਸ ਨੂੰ ਵੀ ਬੋਲਣ ਲਈ ਕੁਝ ਸਮਾਂ ਲੱਗਿਆ। ਅਖ਼ੀਰ ਉਸ ਨੇ ਏਨਾ ਆਖਿਆ, ‘‘ਮੇਰੇ ਕੋਲ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ। ਅਸੀਂ ਸਾਰੇ ਇਸ ਘਟਨਾਕ੍ਰਮ ਨਾਲ ਨੇੜਿਓਂ ਜੁੜੇ ਹੋਏ ਹਾਂ, ਇਸ ਕਰਕੇ ਅਸੀਂ ਇਸ ਬਾਰੇ ਅਜੇ ਕੋਈ ਰਾਏ ਨਹੀਂ ਦੇ ਸਕਦੇ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੀ ਠੀਕ ਸੀ ਤੇ ਕੀ ਗ਼ਲਤ।” ਏਨਾ ਕਹਿ ਕੇ ਜਿਨਾਹ ਖ਼ਾਮੋਸ਼ ਹੋ ਗਿਆ ਅਤੇ ਅਗਲੇ ਹੀ ਪਲ ਉਹ ਖਾਣੇ ਦੀ ਮੇਜ਼ ਤੋਂ ਉੱਠ ਕੇ ਚਲਾ ਗਿਆ।
ਇਸ ਤੋਂ ਮਗਰੋਂ ਜਦੋਂ ਦੰਗੇ ਫਸਾਦ ਨਾ ਰੁਕੇ ਤਾਂ ਜਿਨਾਹ ਨੇ ਸਿੱਖਾਂ ਖ਼ਿਲਾਫ਼ ਭੜਾਸ ਕੱਢਦਿਆਂ ਉਨ੍ਹਾਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਉਸ ਨੇ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ ਖ਼ੁਦ ਉਨ੍ਹਾਂ ’ਤੇ ਕਾਫ਼ੀ ਡੋਰੇ ਪਾਏ ਸਨ। ਉਸ ਨੇ ਸਿੱਖਾਂ ਨੂੰ ਇਸ ਗੱਲ ਦਾ ਵੀ ਲਾਲਚ ਦਿੱਤਾ ਸੀ ਕਿ ਜੇਕਰ ਉਹ, ਉਸ ਨਾਲ ਰਲ ਜਾਣ ਤਾਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਿੱਕਿਮ ਵਰਗਾ ਖ਼ੁਦਮੁਖਤਿਆਰ ਰਾਜ (ਆਜ਼ਾਦ ਪੰਜਾਬ) ਕਾਇਮ ਕੀਤਾ ਜਾ ਸਕਦਾ ਹੈ।
ਵਰ੍ਹਿਆਂ ਮਗਰੋਂ ਉਸ ਦੇ ਸਕੱਤਰ ਖੁਰਸ਼ੀਦ ਅਹਿਮਦ ਨੇ ਮੈਨੂੰ ਦੱਸਿਆ ਕਿ ਜਿਨਾਹ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਕਿਸਤਾਨ ਬਣਨ ਮਗਰੋਂ ਏਨੇ ਵੱਡੇ ਪੱਧਰ ’ਤੇ ਖ਼ੂਨ-ਖ਼ਰਾਬਾ ਹੋਵੇਗਾ। ਉਸ ਦਾ ਪਾਕਿਸਤਾਨ ਦਾ ਸੰਕਲਪ ਇੱਕ ਅਜਿਹੇ ਦੇਸ਼ ਦਾ ਸੀ ਜਿੱਥੇ ਸੰਸਦੀ ਜਮਹੂਰੀਅਤ ਹੋਵੇ ਅਤੇ ਮੁਸਲਮਾਨ ਤੇ ਗ਼ੈਰ-ਮੁਸਲਮਾਨ ਵਿਚਾਲੇ ਕੋਈ ਫ਼ਰਕ ਨਾ ਹੋਵੇ। ਦੋ ਕੌਮਾਂ ਦੇ ਸੰਕਲਪ ਦੀ ਪੈਰਵੀ ਕਰਨ ਵਾਲੇ ਆਗੂ (ਜਿਨਾਹ), ਜਿਸ ਨੂੰ ਮੁਸਲਮਾਨਾਂ ਲਈ ਪਾਕਿਸਤਾਨ ਦੀ ਕਾਇਮੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਸੀ, ਦੀ ਅਜਿਹੀ ਸੋਚ ਮੇਰੀ ਸਮਝ ਤੋਂ ਬਿਲਕੁਲ ਪਰ੍ਹੇ ਸੀ। ਉਧਰ ਭਾਰਤ ਵਿੱਚ ਵੀ ਸਰਦਾਰ ਪਟੇਲ ਵਰਗੇ ਆਗੂ ਮੌਜੂਦ ਸਨ ਜੋ ਇਹ ਚਾਹੁੰਦੇ ਸਨ ਕਿ ਸਾਰੇ ਹਿੰਦੂ ਅਤੇ ਸਿੱਖ ਪੱਛਮੀ ਪਾਕਿਸਤਾਨ ਛੱਡ ਦੇਣ। ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦੀ ਉਨ੍ਹਾਂ ਨੂੰ ਬਹੁਤੀ ਪ੍ਰਵਾਹ ਵੀ ਨਹੀਂ ਸੀ। ਉਹ ਚਾਹੁੰਦੇ ਸਨ ਕਿ ਸਾਰੇ ਮੁਸਲਮਾਨ ਭਾਰਤ ਛੱਡ ਕੇ ਚਲੇ ਜਾਣ। ਇਸ ਸਬੰਧੀ ਉਨ੍ਹਾਂ ਦੀ ਦਲੀਲ ਸੀ ਕਿ ‘ਪਾਕਿਸਤਾਨ’ ਹਾਸਲ ਕਰਨ ਦਾ ਉਨ੍ਹਾਂ ਦਾ (ਮੁਸਲਮਾਨਾਂ ਦਾ) ਜੋ ਸੁਫਨਾ ਸੀ, ਉਹ ਹੁਣ ਪੂਰਾ ਹੋ ਚੁੱਕਾ ਹੈ। ਜਿੱਥੋਂ ਤੱਕ ਜਵਾਹਰ ਲਾਲ ਨਹਿਰੂ ਦਾ ਸਵਾਲ ਹੈ, ਉਨ੍ਹਾਂ ਦਾ ਬਹੁਲਵਾਦ ਵਿੱਚ ਪੱਕਾ ਵਿਸ਼ਵਾਸ ਸੀ। ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟਣ ਵਾਲੇ ਹਿੰਦੂਆਂ ਨੂੰ ਭਜਾਉਣ ਲਈ ਉਹ ਖ਼ੁਦ ਦਿੱਲੀ ਦੀਆਂ ਗਲੀਆਂ ਵਿੱਚ ਜਾ ਸਕਦੇ ਸਨ। ਉਦੋਂ ਦੋਹਾਂ ਦੇਸ਼ਾਂ ਵਿੱਚੋਂ ਉੱਜੜ ਕੇ ਗਏ ਸ਼ਰਨਾਰਥੀਆਂ ਦੇ ਮਨਾਂ ਵਿੱਚ ਨਫਰਤ ਅਤੇ ਬਦਲੇ ਦੀਆਂ ਭਾਵਨਾਵਾਂ ਤੋਂ ਇਲਾਵਾ ਸੁਣਾਉਣ ਲਈ ਤਸ਼ੱਦਦ ਦੀਆਂ ਅਨੇਕ ਕਹਾਣੀਆਂ ਸਨ। ਸਭ ਤੋਂ ਦੁੱਖਦਾਈ ਗੱਲ ਇਹ ਸੀ ਕਿ ਇਨ੍ਹਾਂ ਲੋਕਾਂ ਨੂੰ ਉਸੇ ਥਾਂ ’ਤੇ ਜ਼ੁਲਮ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਜਿੱਥੇ ਉਹ ਸਦੀਆਂ ਤੋਂ ਇੱਕ ਦੂਜੇ ਨਾਲ ਸੁਖ-ਸ਼ਾਂਤੀ ਨਾਲ ਰਹਿ ਰਹੇ ਸਨ।
ਭਾਰਤ ਤੇ ਪਾਕਿਸਤਾਨ ਨੇ ਕਾਗਜ਼ਾਂ ਵਿੱਚ ਤਾਂ ਇਸ ਗੱਲ ਦਾ ਐਲਾਨ ਕੀਤਾ ਕਿ 15 ਅਗਸਤ ਤੋਂ ਪਹਿਲਾਂ ਸਿਆਸੀ ਵਿਰੋਧੀ ਰਹੇ ਵਿਅਕਤੀਆਂ ਨਾਲ ਕੋਈ ਪੱਖਪਾਤ ਨਹੀਂ ਹੋਵੇਗਾ ਪਰ ਹਕੀਕਤ ਇਸ ਦੇ ਉਲਟ ਰਹੀ। ਕਿਸੇ ਨੇ ਵੀ ਕਿਸੇ ਨੂੰ ਮੁਆਫ਼ ਨਹੀਂ ਕੀਤਾ। ਦੋਵਾਂ ਦੇਸ਼ਾਂ ਨੇ ਮੁਸਲਿਮ ਲੀਗ ਅਤੇ ਕਾਂਗਰਸ ਪਾਰਟੀ ਵਜੋਂ ਹੀ ਵਿਹਾਰ ਕੀਤਾ ਜਿਵੇਂ ਇਹ ਵੰਡ ਤੋਂ ਪਹਿਲਾਂ ਕਰਦੇ ਆਏ ਸਨ। ਦੋਵਾਂ ਧਿਰਾਂ ਦਾ ਮਕਸਦ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਸੀ ਅਤੇ ਰਹਿੰਦੀ-ਖੂੰਹਦੀ ਕਸਰ ਲਗਾਤਾਰ ਜਾਰੀ ਕਤਲੇਆਮ, ਤਬਾਹੀ ਅਤੇ ਲੁੱਟਮਾਰ ਨੇ ਪੂਰੀ ਕਰ ਦਿੱਤੀ ਸੀ।
ਸਾਰੀ ਸਥਿਤੀ ਲਈ ਕਿਹੜੀ ਧਿਰ ਜ਼ਿੰਮੇਵਾਰ ਸੀ ਜਾਂ ਕਹਿ ਲਵੋ ਕਿ ਕੌਣ ਵੱਧ ਜ਼ਿੰਮੇਵਾਰ ਸੀ ਇਹ ਵੱਖਰੀ ਗੱਲ ਹੈ ਪਰ ਸਰਹੱਦ ਦੇ ਆਰ-ਪਾਰ ਕੁਝ ਹਫ਼ਤਿਆਂ ਲਈ ਝੁੱਲੀ ਇਸ ਫ਼ਿਰਕੂ ਹਨੇਰੀ ਨੇ ਦੋਵਾਂ ਦੇਸ਼ਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚਾਲੇ ਇੱਕ ਸਥਾਈ ਨਫ਼ਰਤ ਪੈਦਾ ਕਰ ਦਿੱਤੀ। ਹਰ ਮੁੱਦੇ ਅਤੇ ਹਰ ਕਦਮ ’ਤੇ ਦੋਵੇਂ ਦੇਸ਼ ਇੱਕ-ਦੂਜੇ ਦੇ ਖ਼ਿਲਾਫ਼ ਹੀ ਰਹੇ। ਖ਼ੌਫ ਅਤੇ ਬੇਭਰੋਸਗੀ ਕਾਰਨ ਦੋਹਾਂ ਦੇਸ਼ਾਂ ਵਿਚਲੇ ਛੋਟੇ-ਛੋਟੇ ਮਾਮਲੇ ਵੀ ਵੱਡੇ ਮਸਲੇ ਬਣ ਗਏ। ਇੱਕ ਵੇਲਾ ਅਜਿਹਾ ਵੀ ਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਪਾੜਾ ਏਨਾ ਵਧ ਗਿਆ ਕਿ ਮੁਹੰਮਦ ਅਲੀ ਜਿਨਾਹ ਨੇ ਭਾਰਤ ਨਾਲ ਸਫ਼ਾਰਤੀ ਸਬੰਧ ਤੋੜਨ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ। ਸਤੰਬਰ 1947 ਵਿੱਚ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਬਰਤਾਨਵੀ ਅਧਿਕਾਰੀ ਲਾਰਡ ਇਸਮੇਅ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਜਿਨਾਹ ਨੇ ਕਿਹਾ ਸੀ, ‘‘ਮੇਰੇ ਕੋਲ ਭਾਰਤ ਦਾ ਟਾਕਰਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ।’’ ਜਿਨਾਹ ਨੂੰ ਅੰਦਰੋਂ ਇਹ ਮਹਿਸੂਸ ਹੁੰਦਾ ਸੀ ਕਿ ਭਾਰਤ ਉਸ ਦੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦਾ ਹੈ। ਅੱਜ ਏਨੇ ਵਰ੍ਹਿਆਂ ਮਗਰੋਂ ਵੀ ਪਾਕਿਸਤਾਨ ਅੰਦਰੋਂ ਇਹ ਖ਼ੌਫ਼ ਗਿਆ ਨਹੀਂ ਹੈ।
ਪਾਕਿਸਤਾਨ ਦਾ ਦੋਸ਼ ਸੀ ਕਿ ਭਾਰਤ ਉਸ ਦੀ ਵੱਖਰੀ ਹਸਤੀ, ਵੱਖਰੀ ਹੋਂਦ ਦੀ ਸਥਾਪਨਾ ਦੇ ਰਾਹ ਵਿੱਚ ਰੋੜੇ ਅਟਕਾ ਰਿਹਾ ਹੈ। ਫ਼ਿਰਕੂ ਦੰਗਿਆਂ ਕਾਰਨ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਰੇਲ ਸੇਵਾ ਬੰਦ ਕਰਨੀ ਪਈ ਤਾਂ ਨਵੀਂ ਦਿੱਲੀ ਤੋਂ ਕਰਾਚੀ ਭੇਜਿਆ ਜਾਣ ਵਾਲਾ ਕਾਫ਼ੀ ਸਾਰਾ ਸਰਕਾਰੀ ਰਿਕਾਰਡ ਰੁਕ ਗਿਆ। ਪਾਕਿਸਤਾਨ ਨੂੰ ਲਗਦਾ ਸੀ ਕਿ ਭਾਰਤ, ਉਸ ਦੇ ਪ੍ਰਸ਼ਾਸਨ ਨੂੰ ਸਾਬੋਤਾਜ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ‘ਜਾਇੰਟ ਡਿਫੈਂਸ ਕੌਂਸਲ’ ਮਿਥੇ ਸਮੇਂ ਤੋਂ ਚਾਰ ਮਹੀਨੇ ਪਹਿਲਾਂ 30 ਨਵੰਬਰ 1947 ਨੂੰ ਭੰਗ ਕਰ ਦਿੱਤੀ ਗਈ ਤਾਂ ਪਾਕਿਸਤਾਨ ਸਰਕਾਰ ਦਾ ਕਹਿਣਾ ਸੀ ਕਿ ਇਹ ਭਾਰਤ ਦੀ ਉਸ ਦੇ ਹਿੱਸੇ ਦੇ ਫ਼ੌਜੀ ਸਾਜ਼ੋ-ਸਾਮਾਨ ਅਤੇ ਭੰਡਾਰ ਨਾ ਦੇਣ ਦੀ ਇੱਕ ਚਾਲ ਹੈ।
ਇੱਥੇ ਇਹ ਵੀ ਇੱਕ ਹਕੀਕਤ ਹੈ ਕਿ ਨਵੀਂ ਦਿੱਲੀ ਨੇ ਪਾਕਿਸਤਾਨ ਨੂੰ ਉਹ ਸਾਰਾ ਫ਼ੌਜੀ ਸਾਜ਼ੋ-ਸਾਮਾਨ ਅਤੇ ਭੰਡਾਰ ਨਹੀਂ ਦਿੱਤੇ ਜੋ ਉਸ ਨੇ ਦੇਣੇ ਸਨ। ਪਾਕਿਸਤਾਨੀ ਫ਼ੌੌਜ ਦੇ ਮੁਖੀ ਫੀਲਡ ਮਾਰਸ਼ਲ ਕਲਾਊਡ ਅਚੂਨੀਲੈੱਕ ਨੇ ਵੀ ਭਾਰਤ ’ਤੇ ਇਹ ਦੋਸ਼ ਲਾਇਆ ਸੀ ਕਿ ਪਾਕਿਸਤਾਨ ਦੇ ਸਹਿਯੋਗੀ ਰਵੱਈਏ ਦੇ ਬਾਵਜੂਦ ਭਾਰਤ ਦਾ ਮਨਸੂਬਾ ਪਾਕਿਸਤਾਨ ਨੂੰ ਉਸ ਦਾ ਭਾਰਤ ਵਿਚਲੇ ਭੰਡਾਰਾਂ, ਹਥਿਆਰਾਂ ਅਤੇ ਹੋਰ ਸਾਜ਼ੋ-ਸਾਮਾਨ ਵਿਚਲਾ ਬਣਦਾ ਨਿਆਂਉਚਿਤ ਹੱਕ ਹਾਸਲ ਕਰਨ ਤੋਂ ਰੋਕਣਾ ਹੈ। ਅਸਲ ਵਿੱਚ ਇਸ ਵੇਲੇ ਤੱਕ ਕਸ਼ਮੀਰ ਵਿੱਚ ਜੰਗ ਛਿੜ ਚੁੱਕੀ ਸੀ ਅਤੇ ਪਾਕਿਸਤਾਨੀ ਫ਼ੌਜ ਕਬਾਇਲੀਆਂ ਦੇ ਭੇਸ ਵਿੱਚ ਸ੍ਰੀਨਗਰ ਵੱਲ ਵਧ ਰਹੀ ਸੀ। ਸਾਰੇ ਹਾਲਾਤ ਦੇ ਮੱਦੇਨਜ਼ਰ ਕਸ਼ਮੀਰ ਦਾ ਮਹਾਰਾਜਾ ਹਰੀ ਸਿੰਘ ਭਾਰਤ ਨਾਲ ਸੰਧੀ ਕਰਕੇ ਇਸ ਦੀ ਸ਼ਰਨ ਵਿੱਚ ਆ ਗਿਆ ਸੀ ਅਤੇ ਇਸ ਸੂਰਤ ਵਿੱਚ ਪਾਕਿਸਤਾਨ ਵੱਲੋਂ ਭਾਰਤ ਤੋਂ ਹਥਿਆਰ ਅਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਦਿੱਤੇ ਜਾਣ ਦੀ ਤਵੱਕੋ ਕਰਨਾ ਹੀ ਬੇਵਕੂਫ਼ੀ ਵਾਲੀ ਗੱਲ ਸੀ।
ਅਣਵੰਡੇ ਭਾਰਤ ਦੇ ਖ਼ਜ਼ਾਨੇ ਵਿਚਲਾ ਪਾਕਿਸਤਾਨ ਦਾ ਬਣਦਾ ਹਿੱਸਾ ਦੇਣ ਦੇ ਰਾਹ ਵਿੱਚ ਇੱਕ ਵਾਰ ਫੇਰ ਕਸ਼ਮੀਰ ਅੜਿੱਕਾ ਬਣ ਗਿਆ ਸੀ। ਆਰਬਿਟਰੇਸ਼ਨ ਟ੍ਰਿਬਿਊਨਲ ਨੇ ਖ਼ਜ਼ਾਨੇ ਵਿੱਚ ਪਾਕਿਸਤਾਨ ਦਾ ਹਿੱਸਾ 75 ਕਰੋੜ ਰੁਪਏ ਮਿਥਿਆ ਸੀ ਪਰ ਭਾਰਤ ਨੇ ਉਸ ਨੂੰ ਸਿਰਫ਼ 20 ਕਰੋੜ ਰੁਪਏ ਹੀ ਅਦਾ ਕੀਤੇ। ਬਾਕੀ ਦੀ ਅਦਾਇਗੀ ਰੋਕ ਲਈ ਗਈ। ਪਟੇਲ ਦਾ ਕਹਿਣਾ ਸੀ, “ਜਿਸ ਦੇਸ਼ ਨੇ ਭਾਰਤ ਨਾਲ ਜੰਗ ਛੇੜੀ ਹੋਈ ਹੋਵੇ ਉਸ ਨੂੰ (ਪਾਕਿਸਤਾਨ) ਧਨ ਦੇਣ ਲਈ ਭਾਰਤ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।’’ ਇਸ ਦੇ ਜਵਾਬ ਵਿੱਚ ਪਾਕਿਸਤਾਨ ਦੀ ਦਲੀਲ ਸੀ ਕਿ ਕਸ਼ਮੀਰ ਮਾਮਲੇ ਦਾ ਇਸ ਅਦਾਇਗੀ ਨਾਲ ਕੋਈ ਸਬੰਧ ਹੀ ਨਹੀਂ ਹੈ ਅਤੇ ਇਹ ਗੈਰ-ਦੋਸਤਾਨਾ ਕਾਰਵਾਈ ਹੈ।
ਭਾਰਤ ਸਰਕਾਰ ਵਿਚਲਾ ਇੱਕ ਮਹੱਤਵਪੂਰਨ ਵਰਗ ਚਾਹੁੰਦਾ ਸੀ ਕਿ ਇਸ ਅਦਾਇਗੀ ਦੇ ਬਦਲੇ ਭਾਰਤ ਹਿੰਦੂਆਂ ਅਤੇ ਸਿੱਖਾਂ ਦੀ ਪਾਕਿਸਤਾਨ ਵਿੱਚ ਰਹਿ ਗਈ ਜਾਇਦਾਦ ਪਾਕਿਸਤਾਨ ਨੂੰ ਛੱਡ ਦੇਵੇ। ਪਾਕਿਸਤਾਨ ਵਿੱਚ ਰਹਿ ਗਈ ਹਿੰਦੂਆਂ ਅਤੇ ਸਿੱਖਾਂ ਦੀ ਜਾਇਦਾਦ ਦਾ ਮੁੱਲ ਕੋਈ 500 ਕਰੋੜ ਰੁਪਏ ਦੇ ਕਰੀਬ ਸੀ ਜਦੋਂਕਿ ਮੁਸਲਮਾਨਾਂ ਦੀ ਭਾਰਤ ਵਿੱਚ ਰਹਿ ਗਈ ਜਾਇਦਾਦ ਦਾ ਮੁੱਲ 100 ਕਰੋੜ ਰੁਪਏ ਸੀ। ਭਾਰਤ ਵਿੱਚ ਮੁਸਲਮਾਨਾਂ ਦੀ 4,800,000 ਏਕੜ ਖੇਤੀਬਾੜੀ ਵਾਲੀ ਜ਼ਮੀਨ ਰਹਿ ਗਈ ਸੀ ਜਦੋਂਕਿ ਪਾਕਿਸਤਾਨ ਵਿੱਚ ਹਿੰਦੂਆਂ ਦੀ 3,139,000 ਏਕੜ ਜ਼ਮੀਨ ਰਹਿ ਗਈ ਸੀ।
ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਪਾਕਿਸਤਾਨ ਨੂੰ ਭਾਰਤ ਉਸਦੀ ਬਣਦੀ ਅਦਾਇਗੀ ਕਰੇ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਅਜਿਹਾ ਨਾ ਕਰਨ ਨਾਲ ਇੱਕ ਪਾਸੇ ਜਿੱਥੇ ਭਾਰਤ ਦੀ ਬਦਨਾਮੀ ਹੋਵੇਗੀ, ਉੱਥੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਹੋਰ ਵੀ ਵਧ ਜਾਵੇਗਾ। ਪਾਕਿਸਤਾਨ ਨੂੰ ਬਣਦੀ ਅਦਾਇਗੀ ਨਾ ਕਰਨ ਵਿਰੁੱਧ ਰੋਸ ਵਜੋਂ ਉਹ ਮਰਨ ਵਰਤ ’ਤੇ ਬੈਠ ਗਏ ਤਾਂ ਜਾ ਕੇ ਭਾਰਤ ਨੇ ਪਾਕਿਸਤਾਨ ਨੂੰ ਉਸ ਦੀ ਬਣਦੀ ਅਦਾਇਗੀ ਕੀਤੀ ਪਰ ਪਟੇਲ ਨੇ ਮਹਾਤਮਾ ਨੂੰ ਕਦੇ ਵੀ ਇਸ ਦੇ ਲਈ ਮੁਆਫ਼ ਨਾ ਕੀਤਾ ਅਤੇ ਨਾ ਹੀ ਹਿੰਦੂ ਕੱਟੜਪੰਥੀਆਂ ਨੇ। ਅਜਿਹੇ ਹੀ ਇੱਕ ਕੱਟੜਪੰਥੀ ਨੇ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ।
ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਵੀ ਕਾਇਮ ਨਾ ਹੋ ਸਕੇ ਕਿਉਂਕਿ ਦੋਵੇਂ ਦੇਸ਼ ਇੱਕ-ਦੂਜੇ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ ’ਤੇ ਕਸਟਮ ਡਿਊਟੀ ਤੋਂ ਛੋਟ ਦੇਣ ਸਬੰਧੀ ਪਹਿਲਾਂ ਹੋਏ ਸਮਝੌਤੇ ਤੋਂ ਪਿੱਛੇ ਹਟ ਗਏ। ਦੋਵਾਂ ਨੇ ਕਸਟਮ ਤੇ ਐਕਸਾਈਜ਼ ਡਿਊਟੀ ਲਾਉਣ ਲਈ ਇੱਕ ਦੂਜੇ ਨੂੰ ‘ਦੂਜੇ ਦੇਸ਼’ ਦਾ ਦਰਜਾ ਦੇ
ਦਿੱਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਨੇ ਕਪਾਹ ਮਿਸਰ ਤੋਂ ਮੰਗਵਾਉਣੀ ਸ਼ੁਰੂ ਕਰ ਦਿੱਤੀ ਜੋ ਬਿਲਕੁਲ ਸਰਹੱਦ ਪਾਰੋਂ ਹਾਸਲ ਕੀਤੀ ਜਾ ਸਕਦੀ ਸੀ ਅਤੇ ਪਾਕਿਸਤਾਨ ਨੇ ਵੀ ਕੋਲਾ ਬਰਤਾਨੀਆ ਅਤੇ ਅਮਰੀਕਾ ਤੋਂ ਮੰਗਵਾਉਣਾ ਸ਼ੁਰੂ ਕਰ ਦਿੱਤਾ ਜੋ ਨੇੜੇ ਹੀ ਬਿਹਾਰ ਦੀਆਂ ਖਾਣਾਂ ਤੋਂ ਮੰਗਵਾਇਆ ਜਾ ਸਕਦਾ ਸੀ।
ਜੇਕਰ ਦੋਵੇਂ ਧਿਰਾਂ ਵੰਡ ਦੀ ਹਕੀਕਤ ਨੂੰ ਪ੍ਰਵਾਨ ਕਰਕੇ ਸਹਿਜ ਰਹਿੰਦੀਆਂ ਤਾਂ ਸ਼ਾਇਦ ਹਾਲਾਤ ਵੱਖਰੇ ਹੁੰਦੇ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇਂ
ਰਹਿੰਦੇ ਪਰ ਅਫ਼ਸੋਸ ਅਜਿਹਾ ਨਾ ਹੋ ਸਕਿਆ ਅਤੇ ਉਸ ਵੇਲੇ ਉਪ ਮਹਾਂਦੀਪ ਵਿੱਚ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਭਾਰੀ ਸੀ।

Advertisement
Advertisement