ਰਾਸ਼ਟਰੀ ਏਕਤਾ ਤੇ ਅਖੰਡਤਾ ਦਾ ਸੰਦੇਸ਼ ਦਿੰਦਾ ਨਾਟਕ ਮੇਲਾ ਸਮਾਪਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅੱਜ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ਵਿੱਚ ਸਵ: ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ 15ਵੇਂ ਦਿਨ ਅਲੰਕਾਰ ਥੀਏਟਰ ਗਰੁੱਪ ਚੰਡੀਗੜ੍ਹ ਵੱਲੋਂ ਭਗਵਤੀ ਚਰਨ ਵਰਮਾ ਦਾ ਲਿਖਿਆ ਤੇ ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਨਾਟਕ ‘ਅਵਾਰੇ’ ਪੇਸ਼ ਕੀਤਾ ਗਿਆ।
ਇਹ ਨਾਟਕ 5 ਨੌਜਵਾਨ ਮੁੰਡਿਆਂ ਦੇ ਆਲੇ-ਦੁਆਲੇ ਘੁੰਮਦਾ ਹੈ ਜੋ ਵਰਤਮਾਨ ਵਿੱਚ ਪੰਜਾਬ, ਹਿਮਾਚਲ, ਬਨਾਰਸ, ਅਤੇ ਹਰਿਆਣੇ ਦੇ ਬੰਬਈ ਵਿੱਚ ਰਹਿ ਰਹੇ ਹਨ। ਸਾਰੇ ਕਿਸੇ ਨਾ ਕਿਸੇ ਦਿਨ ਅਭਿਨੇਤਾ ਬਣਨ ਦੀ ਉਮੀਦ ਨਾਲ ਬੰਬਈ ਆਏ ਸਨ ਪਰ ਕਿਸੇ ਦਿਨ ਕੰਮ ਮਿਲਣ ਅਤੇ ਹੋਰ ਦਿਨ ਉਸੇ ਰੁਟੀਨ ਨਾਲ ਰਹਿਣ ਲਈ ਰੋਜ਼ਾਨਾ ਸੰਘਰਸ਼ ਕਰ ਰਹੇ ਹਨ। ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੇ ਦੱਸਿਆ ਕਿ 15 ਦਿਨਾਂ ਦੌਰਾਨ ਇਸ ਨਾਟਕ ਸਮਾਰੋਹ ਵਿੱਚ ਹੁਣ ਤੱਕ 24 ਨਾਟਕ ਪੇਸ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 14 ਰਾਜਾਂ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਨਾਟਕਾ ਦੀਆਂ ਸਫਲ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ.ਸਿੰਘ ਓਬਰਾਏ ਨੇ ਸਮੁੱਚੇ ਨਾਟਕ ਮੇਲੇ ਦੀ ਸਫਲਤਾ ਲਈ ਫੈਸਟੀਵਲ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੂੰ ਜਿੱਥੇ ਵਧਾਈ ਉੱਥੇ ਨਾਲ ਹੀ ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਇਸ ਮੇਲੇ ਵਿਚ ਪਹਿਲੀ ਵਾਰ 14 ਰਾਜਾਂ ਦੀਆਂ 5 ਮਹਿਲਾ ਨਿਰਦੇਸ਼ਕਾਂ ਸਮੇਤ 25 ਥੀਏਟਰ ਗਰੁੱਪਾਂ ਨੂੰ ਆਪਣੀਆਂ ਪੇਸ਼ਕਾਰੀਆਂ ਕਰਨ ਦਾ ਅਵਸਰ ਮਿਲਿਆ। ਜਿਸ ਵਿਚ 400 ਤੋਂ ਵੱਧ ਕਲਾਕਾਰ ਅਤੇ ਪ੍ਰਬੰਧਕ ਸ਼ਾਮਿਲ ਹੋਏ। ਮੁੜ ਤੋਂ ਇਹ ਨਾਟਕ ਮੇਲਾ ਸਾਲ 2024 ਵਿਚ 16 ਨਵੰਬਰ ਤੋਂ 30 ਨਵੰਬਰ ਤਕ ਹੋਵੇਗਾ।