ਦਾਣਾ ਮੰਡੀ ’ਚੋਂ ਗੰਦੇ ਪਾਣੀ ਦੀ ‘ਨਿਕਾਸੀ’ ਬਣੀ ਸਿਰਦਰਦੀ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 15 ਜੁਲਾਈ
ਜੀਟੀ ਰੋਡ ਉਪਰ ਸਥਿਤ ਸਥਾਨਕ ਅਨਾਜ ਮੰਡੀ ਵਿੱਚ ਕਿਸਾਨ ਕਣਕ, ਝੋਨਾ, ਸਰ੍ਹੋਂ ਤੇ ਮੱਕੀ ਤੋਂ ਇਲਾਵਾ ਹੋਰ ਕਈ ਫ਼ਸਲਾਂ ਲੈ ਕੇ ਆਉਂਦੇ ਹਨ। ਇਸੇ ਮੰਡੀ ਵਿੱਚ ਸਵੇਰੇ ਸਬਜ਼ੀ ਮੰਡੀ ਵੀ ਲੱਗਦੀ ਹੈ ਅਤੇ ਪੂਰੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਸਬਜ਼ੀ ਵਿਕਰੇਤਾ ਅਤੇ ਕਿਸਾਨ ਇੱਥੇ ਆਉਂਦੇ ਹਨ। ਇਸ ਸਭ ਦੇ ਬਾਵਜੂਦ ਇਸ ਮੰਡੀ ਵਿੱਚ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ।
ਦਾਣਾ ਮੰਡੀ ਦਾ ਗੇਟ ਨੰਬਰ 1 ਜਲੰਧਰ ਜਾਣ ਵਾਲੀ ਜੀਟੀ ਰੋਡ ਅਤੇ ਦੂਸਰਾ ਗੇਟ ਨੰਬਰ 2 ਜੰਡਿਆਲਾ ਗੁਰੂ ਤੋਂ ਪਿੰਡ ਗਹਿਰੀ ਮੰਡੀ ਨੂੰ ਜਾਣ ਵਾਲੀ ਸੜਕ ਉਪਰ ਖੁੱਲ੍ਹਦਾ ਹੈ। ਇਸ 2 ਨੰਬਰ ਗੇਟ ਉੱਪਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉੱਥੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇਸ ਗੰਦੇ ਪਾਣੀ ਦੀ ਬਦਬੂ ਕਾਰਨ ਰਾਹਗੀਰ, ਕਿਸਾਨਾਂ, ਦੁਕਾਨਦਾਰਾਂ ਅਤੇ ਖਰੀਦਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਇਸ ਸਬੰਧੀ ਸੁਰਜੀਤ ਸਿੰਘ ਬਲਵਿੰਦਰ ਸਿੰਘ ਰਮੇਸ਼ ਕੁਮਾਰ ਅਤੇ ਗੱਲ ਕਰਦਿਆਂ ਕਿਹਾ ਜੰਡਿਆਲਾ ਗੁਰੂ ਦੀ ਮਾਰਕੀਟ ਕਮੇਟੀ ਵੱਲੋਂ ਹਰ ਮਹੀਨੇ ਲੱਖਾਂ ਰੁਪਏ ਫੀਸ ਇਕੱਠੀ ਕੀਤੀ ਜਾਂਦੀ ਹੈ ਪਰ ਮੰਡੀ ਦੀ ਸਫ਼ਾਈ ਨਾਮਾਤਰ ਹੀ ਹੁੰਦੀ ਹੈ। ਪਾਣੀ ਖੜ੍ਹਾ ਹੋਣ ਨਾਲ ਅੱਜ-ਕੱਲ੍ਹ ਬਾਰਿਸ਼ ਦੇ ਮੌਸਮ ਵਿੱਚ ਮੱਛਰ ਪੈਦਾ ਹੋ ਰਿਹਾ ਹੈ, ਜਿਸ ਨਾਲ ਮਲੇਰੀਆ, ਡੇਂਗੂ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਪਾਣੀ ਦੀ ਨਿਕਾਸੀ ਦਾ ਹੱਲ ਜਲਦੀ ਕੱਢਾਂਗੇ: ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਅਨਾਜ ਮੰਡੀ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ ਮੰਡੀ ਤੋਂ ਬਾਹਰ ਕਿਤੇ ਵੀ ਸੀਵਰੇਜ ਨਹੀਂ ਹੈ ਜਿਸ ਕਾਰਨ ਮੰਡੀ ਦੇ ਸੀਵਰੇਜ ਨੂੰ ਅੱਗੇ ਕਿਤੇ ਨਿਕਾਸੀ ਵਾਸਤੇ ਜੋੜਿਆ ਨਹੀਂ ਜਾ ਸਕਿਆ, ਜਿਸ ਕਾਰਨ ਮੰਡੀ ਅੰਦਰ ਗੰਦਾ ਪਾਣੀ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸੀਵਰੇਜ ਵਾਸਤੇ ਨਿਸ਼ਾਨਦੇਹੀ ਕਰਵਾਉਣਗੇ ਅਤੇ ਜਲਦੀ ਹੀ ਪਾਣੀ ਦੀ ਨਿਕਾਸੀ ਦਾ ਹੱਲ ਕੱਢ ਦਿੱਤਾ ਜਾਵੇਗਾ।