For the best experience, open
https://m.punjabitribuneonline.com
on your mobile browser.
Advertisement

ਸਾਡੇ ਦਿਲਾਂ ਦੇ ਬਨੇਰਿਆਂ ’ਤੇ ਬੈਠਾ ਘੁੱਗੀ

11:36 AM Nov 23, 2024 IST
ਸਾਡੇ ਦਿਲਾਂ ਦੇ ਬਨੇਰਿਆਂ ’ਤੇ ਬੈਠਾ ਘੁੱਗੀ
Advertisement

ਰਜਨੀ ਭਗਾਣੀਆ

ਗੁਰਪ੍ਰੀਤ ਘੁੱਗੀ ਉਰਫ਼ ਗੁਰਪ੍ਰੀਤ ਸਿੰਘ ਵੜੈਚ ਪੰਜਾਬੀ ਫਿਲਮ ਇੰਡਸਟਰੀ ਦਾ ਅਜਿਹਾ ਕਲਾਕਾਰ ਹੈ ਜਿਸ ਦੇ ਬਿਨਾਂ ਫਿਲਮ ਮੁਕੰਮਲ ਨਹੀਂ ਮੰਨੀ ਜਾਂਦੀ। ਉਸ ਨੂੰ ਦੇਖਣਾ ਦਰਸ਼ਕਾਂ ਦੀ ਆਦਤ ਜਿਹੀ ਬਣ ਚੁੱਕੀ ਹੈ। ਉਨ੍ਹਾਂ ਨੂੰ ਉਹ ਆਪਣਾ-ਆਪਣਾ ਲੱਗਦਾ ਹੈ। ਜਦੋਂ ਦਰਸ਼ਕਾਂ ਵਿੱਚ ਕਿਸੇ ਕਲਾਕਾਰ ਪ੍ਰਤੀ ਅਜਿਹੀ ਚਾਹਤ ਪੈਦਾ ਹੋ ਜਾਵੇ ਤਾਂ ਅਜਿਹੇ ਕਲਾਕਾਰ ਨੂੰ ਸੰਪੂਰਨ ਹੋਣ ਦਾ ਦਰਜਾ ਮਿਲ ਜਾਂਦਾ ਹੈ। ਗੁਰਪ੍ਰੀਤ ਘੁੁੱਗੀ ਨੇ ਇਹ ਮੁਕਾਮ ਇੱਕ ਦਿਨ ਵਿੱਚ ਹਾਸਲ ਨਹੀਂ ਕੀਤਾ, ਬਲਕਿ ਇਸ ਦੇ ਪਿੱਛੇ ਉਸ ਵੱਲੋਂ ਸਾਲਾਂਬੱਧੀ ਕੀਤੀ ਗਈ ਸਾਧਨਾ ਹੈ। ਕਾਮੇਡੀ ਅਤੇ ਅਦਾਕਾਰੀ ਪ੍ਰਤੀ ਆਪਣੇ ਜਨੂੰਨ ਕਾਰਨ ਉਹ ਲਗਾਤਾਰ ਇਸ ਖੇਤਰ ਵਿੱਚ ਅੱਗੇ ਵਧਦਾ ਗਿਆ। ਬੇਸ਼ੱਕ ਅਦਾਕਾਰੀ ਦੇ ਨਾਲ ਉਸ ਨੇ ਰਾਜਨੀਤੀ ਵਿੱਚ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਉਸ ਨੂੰ ਰਾਸ ਨਹੀਂ ਆਈ।
ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰੱਖਣ ਵਾਲੇ ਗੁਰਪ੍ਰੀਤ ਦੇ ਪਰਿਵਾਰ ਵਿੱਚ ਪਹਿਲਾਂ ਕਿਸੇ ਦਾ ਇਸ ਖੇਤਰ ਨਾਲ ਕੋਈ ਸਬੰਧ ਨਹੀਂ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਕਿਸੇ ਸਮੇਂ ਉਸ ਨੇ ਸਬ ਤਹਿਸੀਲ ਅੱਗੇ ਲੋਕਾਂ ਦੇ ਬਿਆਨ ਵੀ ਟਾਈਪ ਕੀਤੇ, ਪਰ ਸਖ਼ਤ ਮਿਹਨਤ ਵਿੱਚ ਰੁੱਝੇ ਹੋਣ ਦੇ ਬਾਵਜੂਦ ਉਸ ਨੇ ਅਦਾਕਾਰੀ ਦੀ ਚਿਣਗ ਨੂੰ ਕਦੇ ਮੱਧਮ ਨਹੀਂ ਪੈਣ ਦਿੱਤਾ। ਆਪਣੀ ਕਲਾ ਪ੍ਰਤੀ ਦ੍ਰਿੜ ਵਿਸ਼ਵਾਸ ਦੇ ਚੱਲਦਿਆਂ ਹੀ ਉਸ ਨੇ ਦੋਆਬਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਨੂੰ ਬਿਨਾਂ ਫੀਸ ਦਿੱਤੇ ਕਾਲਜ ਵਿੱਚ ਦਾਖਲਾ ਦੇਣ ਲਈ ਬੇਨਤੀ ਕਰ ਦਿੱਤੀ। ਹੋਇਆ ਇਸ ਤਰ੍ਹਾਂ ਕਿ ਉਸ ਨੇ ਸਰਕਾਰੀ ਸਕੂਲ ਤੋਂ ਦਸਵੀਂ ਜਮਾਤ ਤਾਂ ਪਾਸ ਕਰ ਲਈ, ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਕਾਲਜ ਨਾ ਜਾ ਸਕਿਆ। ਉਸ ਨੇ ਗਿਆਰਵੀਂ ਜਮਾਤ ਪ੍ਰਾਈਵੇਟ ਤੌਰ ’ਤੇ ਕਰ ਲਈ। ਲੋਕਾਂ ਦੇ ਬਿਆਨ ਟਾਈਪ ਕਰਦਿਆਂ ਉਸ ਅੰਦਰ ਅਦਾਕਾਰੀ ਦਾ ਸ਼ੌਕ ਵਲਵਲੇ ਲੈ ਰਿਹਾ ਸੀ, ਪਰ ਉਹ ਕਾਲਜ ਦੀ ਫੀਸ ਦੇਣ ਦੇ ਸਮਰੱਥ ਨਹੀਂ ਸੀ। ਇਸ ਲਈ ਉਸ ਨੇ ਦੋਆਬਾ ਕਾਲਜ ਦੇ ਪ੍ਰਿੰਸੀਪਲ ਅੱਗੇ ਫੀਸ ਮੁਆਫ਼ ਕਰਨ ਦੀ ਫਰਿਆਦ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਇਹ ਸਹੂਲਤ ਤਾਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਲਈ ਹੁੰਦੀ ਹੈ ਜਿਨ੍ਹਾਂ ਦੀ ਕੋਈ ਪ੍ਰਾਪਤੀ ਹੋਵੇ। ਉਸ ਸਮੇਂ ਗੁਰਪ੍ਰੀਤ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਜਿਸ ਨੂੰ ਪ੍ਰਾਪਤੀ ਹਾਸਲ ਹੋਣ ਵਾਲੀ ਹੋਵੇ, ਕੀ ਤੁਸੀਂ ਉਸ ਦੀ ਫੀਸ ਮੁਆਫ਼ ਨਹੀਂ ਕਰ ਸਕਦੇ। ਪ੍ਰਿੰਸੀਪਲ ਉਸ ਦੀ ਆਤਮਵਿਸ਼ਵਾਸ ਨਾਲ ਭਰਪੂਰ ਇਹ ਗੱਲ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਤੋਂ ਥੋੜ੍ਹੀ ਜਿਹੀ ਫੀਸ ਲੈ ਕੇ ਬਾਕੀ ਸਭ ਮੁਆਫ਼ ਕਰ ਦਿੱਤੀ। ਪ੍ਰਿੰਸੀਪਲ ਨੇ ਉਸ ਨੂੰ ਕਾਲਜ ਦੇ ਯੁਵਕ ਮੇਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਹੱਲਾਸ਼ੇਰੀ ਦਿੱਤੀ। ਇੱਥੋਂ ਹੀ ਉਸ ਦਾ ਕਾਮੇਡੀ ਅਤੇ ਅਦਾਕਾਰੀ ਦਾ ਲੰਬਾ ਸਫ਼ਰ ਸ਼ੁਰੂ ਹੋਇਆ ਜਿਸ ਨੇ ਉਸ ਨੂੰ ਗੁਰਪ੍ਰੀਤ ਸਿੰਘ ਵੜੈਚ ਤੋਂ ਗੁਰਪ੍ਰੀਤ ਘੁੱਗੀ ਬਣਾ ਦਿੱਤਾ। ਉਹ ਘੁੱਗੀ ਜੋ ਅੱਜ ਸਾਰੇ ਪੰਜਾਬੀਆਂ ਦੇ ਦਿਲਾਂ ਦੇ ਬਨੇਰਿਆਂ ’ਤੇ ਬੈਠਾ ਹੈ।
ਆਪਣੇ ਸਫ਼ਰ ਬਾਰੇ ਘੁੱਗੀ ਨੇ ਦੱਸਿਆ, ‘‘ਜਦੋਂ ਮੈਂ ਆਪਣੇ ਸਕੂਲ ਦੀ ਬਾਲ ਸਭਾ ਵਿੱਚ ਕੋਈ ਪੇਸ਼ਕਾਰੀ ਦਿੰਦਾ ਸੀ ਤਾਂ ਮੈਨੂੰ ਵਾਹ-ਵਾਹ ਮਿਲਦੀ ਸੀ। ਇਹ ਹੱਲਾਸ਼ੇਰੀ ਮੇਰੇ ਜਨੂੰਨ ਨੂੰ ਖੰਭ ਲਾ ਰਹੀ ਸੀ, ਪਰ ਜਦੋਂ ਮੈਂ ਦਸਵੀਂ ਕਲਾਸ ਵਿੱਚ ਹੋਇਆ ਤਾਂ ਪਿਤਾ ਜੀ ਨੂੰ ਕਾਰੋਬਾਰ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ। ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਮੈਂ ਘਰ ਵਿੱਚ ਸਭ ਤੋਂ ਵੱਡਾ ਸੀ ਤਾਂ ਘਰ ਦੀ ਜ਼ਿੰਮੇਵਾਰੀ ਲਈ ਪਿਤਾ ਦਾ ਸਾਥ ਦੇਣ ਲੱਗਾ ਤੇ ਸਬ ਤਹਿਸੀਲ ਕਰਤਾਰਪੁਰ ਵਿਖੇ 7 ਰੁਪਏ ਦਿਹਾੜੀ ’ਤੇ ਕੰਮ ਕਰਨਾ ਸ਼ੁਰੂ ਕੀਤਾ। ਉੱਥੇ ਮੈਂ ਲੋਕਾਂ ਦੇ ਬਿਆਨ ਟਾਈਪ ਕਰਦਾ ਹੁੰਦਾ ਸੀ। ਇਸ ਦੌਰਾਨ ਮੈਂ ਘਰ ਦੀ ਜ਼ਿੰਮੇਵਾਰੀ ਤੇ ਪੜ੍ਹਾਈ ਵਿੱਚ ਉਲਝਿਆ ਹੋਇਆ ਜ਼ਰੂਰ ਸੀ, ਪਰ ਮੈਂ ਆਪਣੇ ਸ਼ੌਕ ਦਾ ਪੱਲਾ ਨਹੀਂ ਛੱਡਿਆ। ਉਦੋਂ ਹੀ ਮੈਂ ਫ਼ੈਸਲਾ ਕਰ ਲਿਆ ਕਿ ਕਾਲਜ ਦੀ ਪੜ੍ਹਾਈ ਜ਼ਰੂਰ ਕਰਾਂਗਾ। ਇਸ ਪਿੱਛੇ ਮੇਰਾ ਮਕਸਦ ਯੁਵਕ ਮੇਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਨੂੰ ਲੋਕਾਂ ਸਾਹਮਣੇ ਲਿਆਉਣਾ ਸੀ। ਉਦੋਂ ਆਪਣੇ ਦੋਸਤਾਂ ਨਾਲ ਮਿਲ ਕੇ ਮੈਂ ਇੱਕ ‘ਰਹਿਨੁਮਾ’ ਨਾਮ ਦਾ ਥੀਏਟਰ ਗਰੁੱਪ ਬਣਾਇਆ, ਜਿਸ ਵਿੱਚ ਅਸੀਂ ਸ਼ਾਮ ਨੂੰ ਮਿਲ ਕੇ ਨਾਟਕ ਦੀ ਪ੍ਰੈਕਟਿਸ ਕਰਦੇ ਹੁੰਦੇ ਸੀ। ਫਿਰ ਕਾਲਜ ਪ੍ਰਿੰਸੀਪਲ ਨੂੰ ਕੀਤੀ ਬੇਨਤੀ ਪ੍ਰਵਾਨ ਹੋ ਗਈ ਅਤੇ ਮੈਂ ਕਾਲਜ ਵਿੱਚ ਦਾਖਲ ਹੋ ਕੇ ਯੁਵਕ ਮੇਲਿਆਂ ਵਿੱਚ ਅਦਾਕਾਰੀ, ਸਕਿੱਟ ਪੇਸ਼ਕਾਰੀ ਅਤੇ ਮੋਨੋ ਐਕਟਿੰਗ ਵਿੱਚ ਪਹਿਲੇ ਨੰਬਰ ’ਤੇ ਆਇਆ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ। ਉਹੀ ਕੰਮ ਮੈਂ ਆਪਣੇ ਸ਼ਹਿਰ ਵਿੱਚ ਆ ਕੇ ਕੀਤਾ। ਮੇਰੀ ਕਾਮੇਡੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ।’’
ਸ਼ੁਰੂਆਤ ਵਿੱਚ ਉਸ ਨੇ ਆਲ ਇੰਡੀਆ ਰੇਡੀਓ ’ਤੇ ਕੈਜ਼ੂਅਲ ਅਨਾਊਂਸਰ ਵਜੋਂ ਨੌਕਰੀ ਵੀ ਕੀਤੀ। ਉਸ ਦੇ ਉਸਤਾਦ ਸਨ ਚਾਚਾ ਰੌਣਕੀ ਰਾਮ (ਬਲਵਿੰਦਰ ਵਿੱਕੀ) ਤੇ ਅਸ਼ਵਨੀ ਭਰਦਵਾਜ, ਜਿਨ੍ਹਾਂ ਤੋਂ ਉਸ ਨੇ ਬਹੁਤ ਕੁਝ ਸਿੱਖਿਆ। 1990 ਵਿੱਚ ਉਸ ਨੇ ਥੀਏਟਰ ਕੀਤਾ, ਫਿਰ ਦੂਰਦਰਸ਼ਨ ’ਤੇ ਕੰਮ ਮਿਲਣਾ ਸ਼ੁਰੂ ਹੋਇਆ। ਉਸ ਨੂੰ ਪਛਾਣ ਚਾਚਾ ਰੌਣਕੀ ਰਾਮ ਦੇ ਸ਼ੋਅ ‘ਰੌਣਕ ਮੇਲਾ’ (ਦੂਰਦਰਸ਼ਨ) ਤੋਂ ਮਿਲੀ ਜੋ ਉਸ ਸਮੇਂ ਬਹੁਤ ਹਿੱਟ ਸ਼ੋਅ ਸੀ। ਚਾਚਾ ਰੌਣਕੀ ਰਾਮ ਨੇ ਹੀ ਉਸ ਦਾ ਨਾਂ ‘ਘੁੱਗੀ’ ਰੱਖਿਆ। ਇਸ ਦੇ ਬਾਅਦ ਜਲੰਧਰ ਦੂਰਦਰਸ਼ਨ ਕੇਂਦਰ ਦੇ ਲੜੀਵਾਰ ‘ਲੋਰੀ’ ਵਿੱਚ ਉਸ ਵੱਲੋਂ ਨਿਭਾਏ ਮੰਦਬੁੱਧੀ ਬੱਚੇ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਉਸ ਤੋਂ ਬਾਅਦ ਉਸ ਨੇ ‘ਪਰਛਾਵੇਂ’, ‘ਘੁੱਗੀ ਔਨ ਲਾਈਨ’ ਅਤੇ ‘ਘੁੱਗੀ ਐਕਸਪ੍ਰੈੱਸ’ ਵਰਗੇ ਸ਼ੋਅ’ਜ਼ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ।
ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦਾ ਬਤੌਰ ਕਾਮੇਡੀਅਨ ਸਫ਼ਰ ਸ਼ੁਰੂ ਹੋਇਆ ਜਿਸ ਵਿੱਚ ‘ਤੋਹਫੇ ਘੁੱਗੀ ਦੇ’ (2002), ‘ਘੁੱਗੀ ਜੰਕਸ਼ਨ’, ‘ਘੁੱਗੀ ਦੇ ਬੱਚੇ’ (2003), ‘ਘੁੱਗੀ ਦਾ ਵਿਆਹ’, ‘ਘੁੱਗੀ ਛੂਹ ਮੰਤਰ’ (2004), ‘ਤਮਾਸ਼ਾ ਘੁੱਗੀ ਦਾ’ ਅਤੇ ਹੋਰ ਬਹੁਤ ਸਾਰੀਆਂ ਐਲਬਮਾਂ ਸਰੋਤਿਆਂ ਅੱਗੇ ਆਈਆਂ ਜਿਨ੍ਹਾਂ ਵਿੱਚ ਘੁੱਗੀ ਦੀ ਕਾਮੇਡੀ ਨੂੰ ਦਰਸ਼ਕਾਂ ਵਿੱਚ ਬਹੁਤ ਮਕਬੂਲੀਅਤ ਮਿਲੀ ਅਤੇ ਉਸ ਨੇ ਕਾਮੇਡੀ ਨੂੰ ਇੱਕ ਨਵੀਂ ਪਛਾਣ ਦਿੱਤੀ। ਆਪਣੀ ਮਿਹਨਤ ਸਦਕਾ ਜਦੋਂ ਗੁਰਪ੍ਰੀਤ ਘੁੱਗੀ ਨੂੰ ਕਾਮੇਡੀ ਕੈਸੇਟਾਂ ਵਿੱਚ ਸਫਲਤਾ ਪ੍ਰਾਪਤ ਹੋਈ ਤਾਂ ਉਸ ਲਈ ਫਿਲਮਾਂ ਦੇ ਦੁਆਰ ਵੀ ਖੁੱਲ੍ਹ ਗਏ। ‘ਜੀ ਆਇਆ ਨੂੰ’ (2002) ਉਸ ਦੀ ਪਹਿਲੀ ਫਿਲਮ ਰਹੀ, ਜਿਸ ਵਿੱਚ ਉਸ ਨੇ ਟਰੈਵਲ ਏਜੰਟ ਦੀ ਭੂਮਿਕਾ ਨਿਭਾਈ। ਦਰਸ਼ਕਾਂ ਨੇ ਇਸ ਨੂੰ ਭਰਪੂਰ ਹੁੰਗਾਰਾ ਦਿੱਤਾ। ਉਸ ਤੋਂ ਬਾਅਦ ਘੁੱਗੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ‘ਪਿੰਡ ਦੀ ਕੁੜੀ’ (2003), ‘ਅਸਾਂ ਨੂੰ ਮਾਣ ਵਤਨਾਂ ਦਾ’ (2004), ‘ਨਲਾਇਕ’, ‘ਜੀਜਾ ਜੀ’, ‘ਦਿਲ ਆਪਣਾ ਪੰਜਾਬੀ’, ‘ਹਮ ਕੋ ਦੀਵਾਨਾ ਕਰ ਗਏ’ (ਹਿੰਦੀ), ‘ਯਾਰਾਂ ਨਾਲ ਬਹਾਰਾਂ’ (2005), ‘ਇੱਕ ਜਿੰਦ ਇੱਕ ਜਾਨ’, ‘ਰੱਬ ਨੇ ਬਣਾਈਆਂ ਜੋੜੀਆਂ’ (2006), ‘ਮਿੱਟੀ ’ਵਾਜ਼ਾਂ ਮਾਰਦੀ’, ‘ਨਮਸਤੇ ਲੰਡਨ’ (ਹਿੰਦੀ) (2007), ‘ਸਿੰਘ ਇਜ਼ ਕਿੰਗ’ (ਹਿੰਦੀ), ‘ਖਿਲਾੜੀ 786’ (ਹਿੰਦੀ), ‘ਸਿੰਘ ਇਜ਼ ਬਲਿੰਗ’ (ਹਿੰਦੀ) ਅਤੇ ‘ਅਰਦਾਸ’ ਆਦਿ ਅਨੇਕਾਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਤੇ ਦਰਸ਼ਕਾਂ ਦਾ ਦਿਲ ਜਿੱਤਿਆ।
ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ, ‘‘ਦਰਸ਼ਕਾਂ ਨੇ ਮੈਨੂੰ ਹਮੇਸ਼ਾ ਕਾਮੇਡੀਅਨ ਦੇ ਰੂਪ ਵਿੱਚ ਵੇਖਿਆ, ਪਰ ਮੈਂ ਸੰਜੀਦਾ ਕਿਰਦਾਰ ਵੀ ਕਰਨੇ ਸ਼ੁਰੂ ਕੀਤੇ। ਮੈਂ ਆਪਣੇ ਅੰਦਰ ਦੇ ਅਲੱਗ ਕਲਾਕਾਰ ਨੂੰ ਵੀ ਮੌਕਾ ਦਿੱਤਾ। ਜਿਵੇਂ, ‘ਇੱਕ ਕੁੜੀ ਪੰਜਾਬ ਦੀ’, ‘ਜੱਟ ਜੇਮਸ ਬੌਂਡ’, ‘ਅਰਦਾਸ’, ‘ਦਾਣਾ ਪਾਣੀ’, ‘ਅਰਦਾਸ ਕਰਾਂ’ ਆਦਿ ਫਿਲਮਾਂ ਵਿੱਚ ਸੰਜੀਦਾ ਕਿਰਦਾਰ ਨਿਭਾਏ, ਉਸ ਨਾਲ ਵੀ ਮੈਨੂੰ ਦਰਸ਼ਕਾਂ ਦਾ ਪਿਆਰ ਮਿਲਿਆ। ਪੰਜਾਬੀ ਦਰਸ਼ਕ ਹਰ ਤਰ੍ਹਾਂ ਦੀ ਫਿਲਮ ਦੇਖਣਾ ਪਸੰਦ ਕਰਦੇ ਹਨ। ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਜਦੋਂ ਵੀ ਕੋਈ ਕਿਰਦਾਰ ਨਿਭਾਉਂਦਾ ਹਾਂ ਤਾਂ ਪਹਿਲਾਂ ਉਸ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਹਾਂ। ਤੁਹਾਡੇ ਕਿਰਦਾਰ ਤੇ ਅਦਾਕਾਰੀ ਵਿੱਚ ਹਕੀਕਤ ਦਿਸਣੀ ਚਾਹੀਦੀ ਹੈ ਤਾਂ ਹੀ ਕੋਈ ਕਲਾਕਾਰ ਬਿਹਤਰ ਅਖਵਾਉਂਦਾ ਹੈ। ਮੈਂ ਬਚਪਨ ਤੋਂ ਹੀ ਜ਼ਿੰਦਗੀ ਦੀਆਂ ਖੱਜਲ ਖੁਆਰੀਆਂ ਨੂੰ ਦੇਖਿਆ ਤੇ ਝੇਲਿਆ ਹੈ, ਹਰ ਉਸ ਚੀਜ਼ ਨੂੰ ਮਹਿਸੂਸ ਕੀਤਾ ਹੈ ਜੋ ਅੱਜ ਮੇਰੇ ਕਿਰਦਾਰਾਂ ਵਿੱਚ ਝਲਕਦੇ ਹਨ।’’
ਗੁਰਪ੍ਰੀਤ ਘੁੱਗੀ ਹੁਣ ਬਤੌਰ ਨਿਰਮਾਤਾ ਵੀ ਸਾਹਮਣੇ ਆ ਗਿਆ ਹੈ। ਉਸ ਨੇ ਪਹਿਲਾਂ ਅਦਾਕਾਰ ਅਕਸ਼ੈ ਕੁਮਾਰ ਨਾਲ ਮਿਲ ਕੇ ‘ਭਾਜੀ ਇਨ ਪ੍ਰੌਬਲਮ’ (2013) ਫਿਲਮ ਪੇਸ਼ ਕੀਤੀ ਸੀ। ਆਉਣ ਵਾਲੇ ਸਮੇਂ ਵਿੱਚ ਉਸ ਦੀਆਂ ਨਿਰਮਾਤਾ ਵਜੋਂ ਹੋਰ ਵੀ ਫਿਲਮਾਂ ਦੇਖਣ ਨੂੰ ਮਿਲਣਗੀਆਂ। ਘੁੱਗੀ ਦੇ ਬਤੌਰ ਕਾਮੇਡੀਅਨ ਅਤੇ ਅਦਾਕਾਰੀ ਦੇ ਸਫ਼ਰ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਉਹ ਪੰਜਾਬੀ ਸਿਨੇਮਾ ਦਾ ਇੱਕ ਖ਼ੂਬਸੂਰਤ ਸਤੰਭ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਨਵੇਂ ਕਲਾਕਾਰਾਂ ਨੂੰ ਵੀ ਕੁਝ ਸਿੱਖਣ ਤੇ ਕਰਨ ਦਾ ਮੌਕਾ ਮਿਲ ਰਿਹਾ ਹੈ। ਗੁਰਪ੍ਰੀਤ ਘੁੱਗੀ ਧਰਤੀ ਨਾਲ ਜੁੜਿਆ ਤੇ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਹੈ। ਸ਼ਾਲਾ! ਆਪਣੀ ਅਦਾਕਾਰੀ ਸਦਕਾ ਉਹ ਪੰਜਾਬੀ ਸਿਨੇਮਾ ਦੀ ਸ਼ਾਨ ਬਣਿਆ ਰਹੇ।

Advertisement

ਸੰਪਰਕ: 79736-67793

Advertisement

Advertisement
Author Image

sukhwinder singh

View all posts

Advertisement