ਬੇਸਹਾਰਿਆਂ ਲਈ ਰੈਣ-ਬਸੇਰੇ ਦੇ ਦਰਵਾਜ਼ੇ ਹੋਏ ‘ਬੰਦ’
ਸੰਜੀਵ ਤੇਜਪਾਲ
ਮੋਰਿੰਡਾ, 15 ਜਨਵਰੀ
ਨਗਰ ਕੌਂਸਲ ਮੋਰਿੰਡਾ ਵੱਲੋਂ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਬਣਾਇਆ ਰੈਣ-ਬਸੇਰਾ ਖਾਨਾਪੂਰਤੀ ਬਣ ਕੇ ਰਹਿ ਗਿਆ ਹੈ। ਇਸ ਰੈਣ-ਬਸੇਰੇ ਨੂੰ ਅਕਸਰ ਤਾਲੇ ਲੱਗੇ ਰਹਿੰਦੇ ਹਨ, ਜਦਕਿ ਲੋੜਵੰਦ ਕੜਾਕੇ ਦੀ ਠੰਢ ਵਿੱਚ ਦੁਕਾਨਾਂ ਦੇ ਬਾਹਰ ਸੌਣ ਲਈ ਮਜਬੂਰ ਹਨ।
ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਆਦੇਸ਼ਾਂ ’ਤੇ ਵਾਰਡ ਨੰਬਰ 8 ਵਿੱਚ ਸਥਿਤ ਕਮਿਊਨਿਟੀ ਸੈਂਟਰ ਵਿੱਚ ਬੇਘਰੇ ਤੇ ਬੇਸਹਾਰਾ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਰੈਣ-ਬਸੇਰਾ ਬਣਾਇਆ ਗਿਆ ਹੈ ਤਾਂ ਜੋ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ’ਤੇ ਇਸ ਤਿੱਖੀ ਠੰਢ ਵਿੱਚ ਰਾਤਾਂ ਗੁਜ਼ਾਰ ਰਹੇ ਬੇਘਰੇ ਅਤੇ ਲੋੜਵੰਦ ਲੋਕ ਇੱਥੇ ਰਾਤ ਗੁਜ਼ਾਰ ਸਕਣ। ਹਾਲਾਂਕਿ, ਇਹ ਰੈਣ-ਬਸੇਰਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਦੂਰ ਹੋਣ ਕਾਰਨ ਸ਼ਹਿਰ ਵਿੱਚ ਮੰਗਣ ਵਾਲੇ ਕਈ ਮੰਗਤੇ, ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਪਾਏ ਸ਼ੈੱਡਾਂ ਦੇ ਹੇਠਾਂ ਕਹਿਰ ਦੀ ਠੰਢ ਵਿੱਚ ਰਾਤਾਂ ਗੁਜ਼ਾਰ ਰਹੇ ਹਨ। ਸਥਾਨਕ ਗੁਰਦੁਆਰਾ ਬਾਜ਼ਾਰ ਵਿੱਚ ਸਥਿਤ ਹਿੰਦੂ ਧਰਮਸ਼ਾਲਾ ਦੇ ਬਾਹਰ ਬਣੀਆਂ ਦੁਕਾਨਾਂ ਦੇ ਸ਼ੈੱਡਾਂ ਅੰਦਰ ਠੰਢੇ ਫਰਸ਼ ਅਤੇ ਫਟੇ ਪੁਰਾਣੇ ਕੰਬਲਾਂ ਵਿੱਚ ਰਾਤ ਕੱਟ ਰਹੇ ਤਿੰਨ ਬੇਸਹਾਰਾ ਵਿਅਕਤੀਆਂ ਨੇ ਦੱਸਿਆ ਕਿ ਰੈਣ-ਬਸੇਰਾ ਦੂਰ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਪਹੁੰਚਣ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਉਹ ਪਹਿਲਾਂ ਪੁਰਾਣੀ ਆਈਟੀਆਈ ਦੇ ਕਮਰੇ ਵਿੱਚ ਲੰਮੇ ਸਮੇਂ ਤੋਂ ਰਾਤਾਂ ਕੱਟਦੇ ਆ ਰਹੇ ਸਨ, ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਬੀਤੇ ਹਫ਼ਤੇ ਇਸ ਬਿਲਡਿੰਗ ਨੂੰ ਢਾਹ ਦੇਣ ਕਾਰਨ ਉਹ ਦੁਕਾਨਾਂ ਦੇ ਬਾਹਰ ਸੌਂ ਰਹੇ ਹਨ। ਨਗਰ ਕੌਂਸਲ ਵੱਲੋਂ ਬਣਾਏ ਰੈਣ-ਬਸੇਰੇ ਬਾਰੇ ਪੁੱਛਣ ’ਤੇ ਆਜ਼ਮ ਖ਼ਾਨ ਦੱਸਿਆ ਕਿ ਇਹ ਦੂਰ ਹੋਣ ਕਾਰਨ ਤੇ ਉਸਦੀ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਉਹ ਉੱਥੇ ਜਾਣ ਤੋਂ ਅਸਮਰੱਥ ਹੈ। ਇੱਥੇ ਹੀ ਰਾਤ ਕੱਟ ਰਹੇ ਮਾਨਸਿਕ ਤੌਰ ’ਤੇ ਬਿਮਾਰ ਪਿੰਡ ਭਟੇੜੀ ਨਿਵਾਸੀ ਰਾਮ ਚੰਦ ਨੇ ਦੱਸਿਆ ਕਿ ਰੈਣ-ਬਸੇਰਾ ਅਕਸਰ ਬੰਦ ਹੀ ਰਹਿੰਦਾ ਹੈ। ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ ਤੇ ਦਵਿੰਦਰ ਸਿੰਘ ਮਝੈਲ ਨੇ ਰੈਣ-ਬਸੇਰੇ ਖੋਲ੍ਹਣ ਦੀ ਮੰਗ ਕੀਤੀ। ਉਧਰ, ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਜਨੀਸ਼ ਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਛੁੱਟੀ ’ਤੇ ਹੋਣ ਕਾਰਨ ਫੋਨ ਨਹੀਂ ਚੁੱਕਿਆ।
ਜਿੰਦਾ ਖੁੱਲ੍ਹਵਾ ਰਹੇ ਹਾਂ: ਐੱਸਡੀਐੱਮ
ਇਸ ਸਬੰਧੀ ਸੰਪਰਕ ਕਰਨ ’ਤੇ ਮੋਰਿੰਡਾ ਦੇ ਐੱਸਡੀਐੱਮ ਦੀਪਾਂਕਰ ਗਰਗ ਨੇ ਦੱਸਿਆ ਕਿ ਕਾਰਜਸਾਧਕ ਅਧਿਕਾਰੀ ਕਿਸੇ ਟ੍ਰੇਨਿੰਗ ’ਤੇ ਗਏ ਹਨ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਨਗਰ ਕੌਂਸਲ ਵੱਲੋਂ ਬਣਾਏ ਗਏ ਰੈਣ-ਬਸੇਰੇ ਨੂੰ ਤਾਲਾ ਲੱਗਣ ਅਤੇ ਕੜਾਕੇ ਦੀ ਠੰਢ ਵਿੱਚ ਬੇਘਰੇ ਤੇ ਬੇਸਹਾਰਾ ਲੋਕਾਂ ਦੇ ਦੁਕਾਨਾਂ ਦੇ ਬਾਹਰ ਰਾਤ ਗੁਜ਼ਾਰਨ ਸਬੰਧੀ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਤਾਲਾ ਖੁੱਲ੍ਹਵਾਉਣਗੇ ਅਤੇ ਲੋੜਵੰਦ ਲੋਕਾਂ ਨੂੰ ਰੈਣ-ਬਸੇਰੇ ਵਿੱਚ ਪਹੁੰਚਾਉਣ ਸਬੰਧੀ ਡਿਊਟੀ ਲਗਾ ਰਹੇ ਹਨ।