ਗੁੱਡੀ
ਹਰਿੰਦਰ ਪਾਲ ਸਿੰਘ
ਮਾਪਿਆਂ ਨੇ ਆਪਣੀ ਧੀ ਦਾ ਨਾਂ ਗੁੱਡੀ ਰੱਖਿਆ ਸੀ। ਉਹ ਚਾਰ ਭਰਾ ਤੇ ਚਾਰ ਭੈਣਾਂ ਸਨ। ਭੈਣਾਂ ’ਚ ਉਹ ਤੀਜੇ ਨੰਬਰ ’ਤੇ ਸੀ। ਭਰਾਵਾਂ ਵਿੱਚ ਦੂਜੇ ਨੰਬਰ ’ਤੇ ਆਉਂਦੇ ਭਰਾ ਨੇ ਬਿਮਾਰੀ ਕਾਰਨ ਵਿਆਹ ਨਹੀਂ ਸੀ ਕਰਵਾਇਆ। ਚੰਗੀ ਸਿਹਤ ਨਾ ਹੋਣ ਦੇ ਬਾਵਜੂਦ ਉਸ ਨੇ ਇੱਕ ਅਕੈਡਮੀ ਖੋਲ੍ਹੀ ਹੋਈ ਸੀ ਜਿਸ ’ਚੋਂ ਕਾਫ਼ੀ ਕਮਾਈ ਸੀ। ਸਾਰਾ ਦਿਨ ਬੱਚਿਆਂ ਦੀ ਰੌਣਕ ਰਹਿੰਦੀ, ਪਰ ਸਿਰ ਖਪਾਈ ਬਹੁਤ ਹੁੰਦੀ ਸੀ। ਉਸ ਨੇ ਬਾਅਦ ਵਿੱਚ ਅਕੈਡਮੀ ਬੰਦ ਕਰ ਕੇ ਦੁਕਾਨ ਖੋਲ੍ਹ ਲਈ ਸੀ ਤਾਂ ਜੋ ਆਰਾਮ ਨਾਲ ਬੈਠ ਕੇ ਕੰਮ-ਧੰਦਾ ਕੀਤਾ ਜਾ ਸਕੇ। ਬਹੁਤੀ ਭੱਜ ਨੱਠ ਦੀ ਲੋੜ ਨਹੀਂ ਪੈਂਦੀ ਸੀ। ਵੇਚਣ ਵਾਲਾ ਮਾਲ ਵਪਾਰੀ ਦੇ ਜਾਂਦੇ ਸਨ ਤੇ ਖ਼ਰੀਦਣ ਲਈ ਗਾਹਕਾਂ ਨੇ ਤਾਂ ਦੁਕਾਨ ’ਤੇ ਚੜ੍ਹਨਾ ਹੁੰਦਾ ਹੀ ਹੈ। ਬਾਕੀ ਨੌਕਰ ਚਾਕਰ ਸਨ। ਉਸ ਨੇ ਪੈਸੇ ਵਾਲੇ ਗੱਲੇ ’ਤੇ ਬੈਠਣਾ ਹੁੰਦਾ ਹੈ।
ਗੁੱਡੀ ਦੂਜੇ ਸ਼ਹਿਰ ਤੋਂ ਨਰਸਿੰਗ ਦਾ ਕੋਰਸ ਕਰ ਕੇ ਘਰ ਆ ਗਈ। ਘਰਦਿਆਂ ਨੇ ਸੋਚਿਆ ਕਿ ਹੁਣ ਕਿਧਰੇ ਨੌਕਰੀ ਕਰੇਗੀ ਤੇ ਨਾਲੇ ਇਸ ਦੇ ਵਿਆਹ ਬਾਰੇ ਗੱਲਬਾਤ ਚਲਾਉਂਦੇ ਹਾਂ। ਵਿਆਹ ਦੀ ਉਮਰ ਵੀ ਹੋ ਗਈ ਸੀ। ਵਿਆਹ ਬਾਰੇ ਗੁੱਡੀ ਦਾ ਰਵੱਈਆ ਕੋਈ ਬਹੁਤਾ ਹਾਂ-ਪੱਖੀ ਨਹੀਂ ਸੀ। ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਕਾਫ਼ੀ ਸਮਾਂ ਲੰਘ ਗਿਆ। ਇੱਕ ਦੋ ਜਗ੍ਹਾ ’ਤੇ ਗੱਲ ਚੱਲੀ, ਪਰ ਸਿਰੇ ਨਾ ਲੱਗੀ। ਪਰ ਉਸ ਦੀ ਵਿਆਹ ਨਾ ਕਰਵਾਉਣ ਦੀ ਜ਼ਿੱਦ ਸਮਾਂ ਗੁਜ਼ਰਨ ਨਾਲ ਹੋਰ ਪਕੇਰੀ ਹੁੰਦੀ ਜਾ ਰਹੀ ਸੀ। ਘਰਦਿਆਂ ਦੇ ਦਬਾਅ ਹੇਠ ਆਪਣੇ ਹੀ ਸ਼ਹਿਰ ਅੰਦਰ ਇੱਕ ਜਗ੍ਹਾ ਉਸ ਦੀ ਕੁੜਮਾਈ ਹੋ ਗਈ। ਮਾਪੇ ਸੋਚਦੇ ਸਨ ਕਿ ਸਾਡੇ ਮਰਨ ਤੋਂ ਬਾਅਦ ਇਸ ਨੂੰ ਕੌਣ ਦੇਖੇਗਾ, ਸਭ ਭੈਣ ਭਰਾ ਉਮਰ ਹੋਣ ’ਤੇ ਵਿਆਹੇ ਜਾਣਗੇ; ਇਹ ਇਕੱਲੀ ਕਿਵੇਂ ਰਹੇਗੀ; ਇਸ ਦਾ ਅਣਵਿਆਹਿਆ ਭਰਾ ਬਿਮਾਰ ਰਹਿੰਦਾ ਹੈ; ਅੱਖਾਂ ਮੀਟਣ ਤੋਂ ਪਹਿਲਾਂ ਇਸ ਨੂੰ ਵਿਆਹ ਦੇਈਏ। ਵਿਆਹ ਦੀ ਤਾਰੀਕ ਅਜੇ ਮੁਕੱਰਰ ਨਹੀਂ ਹੋਈ ਸੀ। ਦੋ ਮਹੀਨੇ ਲੰਘੇ ਸਨ ਕਿ ਗੁੱਡੀ ਨੇ ਫਿਰ ਜ਼ਿੱਦ ਫੜ ਲਈ ਬਈ ਮੈਂ ਵਿਆਹ ਨਹੀਂ ਕਰਾਉਣਾ। ਇਸ ਦੇ ਕਾਰਨ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ। ਕੁੜੀ ਤੇ ਉਹਦਾ ਰੱਬ ਹੀ ਜਾਣੇ। ਉਸ ਨੇ ਰੋਟੀ ਪਾਣੀ ਛੱਡ ਦਿੱਤਾ। ਜਦੋਂ ਦਬਾਅ ਪਾਉਣਾ ਤਾਂ ਉਸ ਨੇ ਰੋਣ ਲੱਗ ਜਾਣਾ ਜਿਸ ਅੱਗੇ ਸਾਰਾ ਟੱਬਰ ਬੇਵਸ ਹੋ ਜਾਂਦਾ। ਆਖ਼ਰ ਗੁੱਡੀ ਦੀ ਜ਼ਿੱਦ ਅੱਗੇ ਸਾਰਾ ਟੱਬਰ ਹਾਰ ਗਿਆ। ਮੰਗਣੀ ਟੁੱਟ ਗਈ। ਕੁੜਮਾਈ ਵਿੱਚ ਅਣਵਰਤੇ ਸਾਮਾਨ ਦੀ ਵਾਪਸੀ ਹੋ ਗਈ। ਗੁੱਡੀ ਦੇ ਵਿਆਹ ’ਤੇ ਸਦਾ ਲਈ ਕਾਟਾ ਵੱਜ ਗਿਆ। ਕੁਝ ਸਮਾਂ ਬੀਤਿਆ। ਸਭ ਤੋਂ ਛੋਟੀ ਭੈਣ ਲਈ ਰਿਸ਼ਤਾ ਆ ਗਿਆ। ਉਹ ਗੁੱਡੀ ਦੇ ਪਿਤਾ ਜੀ ਦੇ ਦੋਸਤ ਦਾ ਲੜਕਾ ਸੀ। ਉਹ ਵੀ ਵਿਆਹੀ ਗਈ। ਇੱਕ ਭਰਾ ਫ਼ੌਜ ਵਿੱਚ ਵੱਡਾ ਅਫ਼ਸਰ ਸੀ। ਉਸ ਦੀ ਲਿਆਕਤ ਦਾ ਬਿਰਾਦਰੀ ’ਚ ਕੋਈ ਸਾਨੀ ਨਹੀਂ ਸੀ। ਆਕਰਸ਼ਕ ਸ਼ਖ਼ਸੀਅਤ ਦਾ ਮਾਲਿਕ। ਉਹ ਵੀ ਵਿਆਹਿਆ ਗਿਆ ਤੇ ਆਪਣੀ ਪਤਨੀ ਨੂੰ ਆਪਣੇ ਨਾਲ ਨੌਕਰੀ ਵਾਲੀ ਥਾਂ ਲੈ ਗਿਆ। ਸਾਰਿਆਂ ਤੋਂ ਵੱਡਾ ਭਰਾ ਆਪਣਾ ਹਿੱਸਾ ਲੈ ਕੇ ਨਵੀਂ ਆਬਾਦ ਹੋਈ ਕਲੋਨੀ ਅੰਦਰ ਰਹਿਣ ਲੱਗਿਆ। ਦੋਵੇਂ ਧਿਰਾਂ ਵੰਡ ’ਚ ਖ਼ੁਦ ਨੂੰ ਠੱਗਿਆ ਮਹਿਸੂਸ ਕਰਦੀਆਂ ਰਹੀਆਂ। ਕੁਝ ਸਾਲ ਬਾਅਦ ਬਿਮਾਰ ਭਰਾ ਵੀ ਬਿਮਾਰੀ ਕਾਰਨ ਫ਼ਾਨੀ ਸੰਸਾਰ ਤੋਂ ਚਲਦਾ ਬਣਿਆ। ਬਿਮਾਰ ਭਰਾ ਦੇ ਚਲਾਣੇ ਤੋਂ ਦੋ ਕੁੁ ਸਾਲਾਂ ਬਾਅਦ ਛੋਟਾ ਭਰਾ ਵਿਆਹਿਆ ਗਿਆ।
ਹੁਣ ਘਰ ਵਿੱਚ ਬਜ਼ੁਰਗ ਮਾਂ ਬਾਪ, ਗੁੱਡੀ ਤੇ ਛੋਟੇ ਭਰਾ ਦਾ ਟੱਬਰ ਰਹਿ ਗਿਆ। ਨਨਾਣ ਭਰਜਾਈ ਦਾ ਇੱਕ-ਦੂਜੇ ਪ੍ਰਤੀ ਪਿਆਰ ਨੀਵੇਂ ਪੱਧਰ ’ਤੇ ਹੀ ਰਿਹਾ ਜਿਸ ਕਾਰਨ ਘਰੇਲੂ ਮਾਹੌਲ ਕੋਈ ਬਹੁਤਾ ਸੁਖਾਵਾਂ ਨਹੀਂ ਸੀ। ਸਭਨਾਂ ਤੋਂ ਛੋਟੀ ਭੈਣ ਤੇ ਜੀਜਾ ਲੋੜੋਂ ਵੱਧ ਸਿਆਣੇ ਸਨ। ਸਾਰਿਆਂ ਤੋਂ ਛੋਟੇ ਹੋਣ ਦਾ ਸਾਰੇ ਪਰਿਵਾਰਾਂ ਤੋਂ ਪੂਰਾ ਲਾਹਾ ਲਿਆ ਖ਼ਾਸਕਰ ਦੋਵੇਂ ਵੱਡੀਆਂ ਭੈਣਾਂ ’ਚੋਂ ਸਭ ਤੋਂ ਵੱਡੀ ਦੀਆਂ ਆਪਣੀਆਂ ਦੋ ਕੁੜੀਆਂ ਸਨ। ਉਹ ਇਹਨੂੰ ਵੀ ਤੀਜੀ ਧੀ ਮੰਨਦੇ ਸਨ। ਦੂਜੇ ਨੰਬਰ ਵਾਲੀ ਭੈਣ ਬਹੁਤ ਸਾਲਾਂ ਦੀ ਵਿਦੇਸ਼ ਰਹਿੰਦੀ ਸੀ। ਇੰਡੀਆ ਕਾਫ਼ੀ ਆਉਂਦੀ ਜਾਂਦੀ ਸੀ। ਛੋਟੇ ਧੀ-ਜਵਾਈ ਨੇ ਅੰਗਰੇਜ਼ਾਂ ਦੀ ਨਿਯਤ ਕੀਤੀ ਨੀਤੀ ‘ਪਾੜੋ ਤੇ ਰਾਜ ਕਰੋ’ ਨੂੰ ਹਮੇਸ਼ਾਂ ਅਪਣਾਇਆ। ਉਹ ਆਪਣੇ ਆਪ ਨੂੰ ਪੇਕੇ ਘਰ ਰਾਣੀ ਸਮਝਦੀ ਸੀ ਤੇ ਸੱਸ ਛੋਟੇ ਜਵਾਈ ਬਾਰੇ ਕਹਿੰਦੀ ਸੀ ਕਿ ਇਹ ਤਾਂ ਮੇਰਾ ਵਿਚਾਰਾ ਸ਼ੋਹਦਾ ਏ।
ਜੇ ਰੋਟੀ ਪਕਾਉਣੀ ਵੱਖਰੀ ਕਰ ਲਈ ਜਾਵੇ ਭਾਵ ਵੱਖਰੀ ਰਸੋਈ ਬਣ ਜਾਵੇ ਤਾਂ ਕਾਫ਼ੀ ਹੱਦ ਤੱਕ ਮੁਸ਼ਕਿਲਾਂ ਹੱਲ ਹੋ ਜਾਂਦੀਆਂ ਹਨ। ਛੋਟੇ ਭਰਾ-ਭਰਜਾਈ ਦੇ ਟੱਬਰ ਦਾ ਚੁੱਲ੍ਹਾ ਵੱਖਰਾ ਹੋ ਗਿਆ। ਇਹੀ ਹੱਲ ਨਿਕਲਿਆ ਜੋ ਠੀਕ ਸਮਝਿਆ ਗਿਆ ਸੀ।
ਮਕਾਨ ਅੰਦਰ ਨਾਲ ਰਹਿੰਦੀ ਸਭ ਤੋਂ ਛੋਟੀ ਨੂੰਹ ਖ਼ੁਸ਼ ਸੀ। ਉਸ ਦੇ ਭਾਣੇ ਜਿੰਦ ਅਜ਼ਾਬੋਂ ਛੁੱਟੀ। ਆਉਣ ਵਾਲੇ ਸਮੇਂ ਵੇਲੇ ਬਿਰਧ ਨਣਾਨ ਦੀ ਸੇਵਾ ਤੋਂ ਹਮੇਸ਼ਾਂ ਲਈ ਆਪੇ ਛੁੱਟੀ ਹੋ ਗਈ। ਸਭ ਭਰਾ-ਭਰਜਾਈਆਂ ਦੀ ਮਾਪਿਆਂ ਪ੍ਰਤੀ ਜ਼ਿੰਮੇਵਾਰੀ ਨਾਂ-ਮਾਤਰ ਰਹਿ ਗਈ। ਅੰਤ ਤੱਕ ਉਨ੍ਹਾਂ ਦੇ ਕਾਜ ਗੁੱਡੀ ਹੀ ਸੰਵਾਰਦੀ ਰਹੀ। ਸਮਝ ਲਓ ਜਿਵੇਂ ਵਿਆਹ ਨਾ ਕਰਵਾਉਣ ਦੀ ਕੀਮਤ ਤਾਰਨੀ ਪਈ। ਸਮਾਜ ਕਈ ਵਾਰ ਬੜਾ ਬੇਰਹਿਮ ਹੁੰਦਾ ਹੈ। ਤੁਹਾਡੇ ਬਾਰੇ ਤੁਹਾਡਾ ਖ਼ੂਨ ਵੀ ਨਹੀਂ ਸੋਚਦਾ। ਸਭ ਤੋਂ ਵੱਡੇ ਭਰਾ ਦੇ ਵਖਰੇਵੇਂ ਵੇਲੇ ਸਹੁਰੇ ਪਰਿਵਾਰ ਦੀ ਥੋੜ੍ਹੀ-ਬਹੁਤੀ ਕੀਤੀ ਮਾਲੀ ਮਦਦ ਨੂੰ ਛੋਟੇ ਜਵਾਈ ਨੇ ਸਾਰੀ ਉਮਰ ਖ਼ੂਬ ਭੁੰਨਾਇਆ। ਮਾਪਿਆਂ ਦੇ ਦੇਹਾਂਤ ਮਗਰੋਂ ਛੋਟੇ ਭਰਾ-ਭਰਜਾਈ ਨਾਲ ਸੰਬੰਧ ਸੁਖਾਵੇਂ ਨਾ ਹੋਣ ਦੇ ਸਿੱਟੇ ਵਜੋਂ ਗੁੱਡੀ ਨੂੰ ਪੁਸ਼ਤੈਨੀ ਘਰ ਵਿੱਚੋਂ ਨਿਕਲਣਾ ਪਿਆ। ਉਸ ਦੇ ਹਿੱਸੇ ਬਣਦਾ ਮਕਾਨ ਕਿਤੇ ਹੋਰ ਲੈ ਦਿੱਤਾ ਗਿਆ। ਉਸ ਘਰ ’ਚੋਂ ਫ਼ੌਜ ਵਾਲੇ ਭਰਾ ਨੂੰ ਹਿੱਸਾ ਦੇ ਕੇ ਛੋਟੇ ਭਰਾ ਨੇ ਮੁਕੰਮਲ ਤੌਰ ’ਤੇ ਆਪਣਾ ਬਣਾ ਲਿਆ। ਪੁਸ਼ਤੈਨੀ ਮਕਾਨ ਇੱਕ ਵਪਾਰਕ ਜਗ੍ਹਾ ਸੀ। ਉਹ ਉਪਰ ਰਹਿੰਦੇ ਸਨ। ਹੇਠਾਂ ਛੇ ਦੁਕਾਨਾਂ ਸਨ। ਪੰਜ ਦੁਕਾਨਾਂ ਕਿਰਾਏ ’ਤੇ ਸਨ। ਗੁਜ਼ਰ ਚੁੱਕੇ ਇੱਕ ਭਰਾ ਦੀ ਦੁਕਾਨ ਛੋਟੇ ਲੜਕੇ ਨੇ ਸੰਭਾਲੀ ਹੋਈ ਸੀ ਤੇ ਕਾਫ਼ੀ ਸਾਲਾਂ ਤੋਂ ਚਲਾ ਰਿਹਾ ਸੀ। ਅੱਗੋਂ ਲਈ ਹੁਣ ਗੁੱਡੀ ਦਾ ਘਰ ਸਾਰੇ ਭੈਣ ਭਰਾਵਾਂ ਲਈ ਪੇਕਾ ਘਰ ਬਣ ਗਿਆ ਸੀ। ਸਾਰੇ ਉੱਥੇ ਇਕੱਠੇ ਹੁੰਦੇ। ਆਉਂਦੇ ਜਾਂਦੇ ਹੱਸਦੇ ਖੇਡਦੇ। ਗੁੱਡੀ ਕੋਲ ਕਿਰਾਇਆ ਤੇ ਕੁਝ ਵਿਆਜ ਆਉਂਦਾ ਜਿਸ ਨਾਲ ਉਸ ਦਾ ਰੋਟੀ-ਪਾਣੀ ਚਲਦਾ। ਉਸ ਦੇ ਨਾਮ ਮਾਂ-ਬਾਪ ਹੁੰਦਿਆਂ ਇੱਕ ਫਲੈਟ ਤੇ ਪਲਾਟ ਵੀ ਸੀ ਜੋ ਸਭ ਤੋਂ ਵੱਡੇ ਭਰਾ ਨੇ ਮਾਪਿਆਂ ਦੇ ਹੁੰਦਿਆਂ ਪਲੋਸ ਕੇ ਲੈ ਲਿਆ। ਫਲੈਟ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿੱਧਰ ਖੁਰਦ-ਬੁਰਦ ਹੋ ਗਿਆ। ਨਵੇਂ ਲਏ ਮਕਾਨ ਵਿੱਚ ਸਭ ਤੋਂ ਵੱਧ ਆਵਾਜਾਈ ਛੋਟੀ ਭੈਣ ਤੇ ਜੀਜੇ ਦੇ ਟੱਬਰ ਦੀ ਸੀ। ਉਹ ਆਪਣੇ ਆਪ ਨੂੰ ਗੁੱਡੀ ਦੇ ਅਸਲੀ ਵਾਰਸ ਸਮਝਦੇ ਸਨ। ਬਾਕੀ ਹੋਰ ਪਰਿਵਾਰਕ ਮੈਂਬਰ ਪ੍ਰਾਹੁਣੇ ਬਣਾ ਛੱਡੇ ਸਨ। ਆਓ, ਜਿੰਨੇ ਦਿਨ ਮਰਜ਼ੀ ਰਹੋ, ਫਿਰ ਆਪਣੇ ਘਰ ਜਾਓ। ਕੁੱਲ ਮਿਲਾ ਕੇ ਕਬਜ਼ਾ ਉਨ੍ਹਾਂ ਦਾ ਹੀ ਸੀ ਕਿਉਂਕਿ ਉਨ੍ਹਾਂ ਨੇ ਆਪਣਾ ਮੁੰਡਾ ਪਹਿਲਾਂ ਹੀ ਉੱਥੇ ਫਸਾ ਰੱਖਿਆ ਸੀ।
ਸਮਾਂ ਅਗਾਂਹ ਲੰਘ ਗਿਆ। ਗੁੱਡੀ ਹੁਣ ਆਪ ਬਜ਼ੁਰਗ ਹੋ ਗਈ ਸੀ। ਉਸ ਕੋਲ ਛੋਟੀ ਭੈਣ ਦਾ ਲੜਕਾ ਮਾਣਾ ਪੱਕੇ ਤੌਰ ’ਤੇ ਰਹਿਣ ਲੱਗਿਆ ਤੇ ਉਸੇ ਸ਼ਹਿਰ ਵਿੱਚ ਕੰਪਿਊਟਰ ਰਿਪੇਅਰ ਦਾ ਕੰਮ ਸ਼ੁਰੂ ਕਰ ਲਿਆ। ਲੋੜ ਵੇਲੇ ਲੋੜੀਂਦਾ ਥੋੜ੍ਹਾ ਰਾਸ਼ਨ ਵਗ਼ੈਰਾ ਵੀ ਆਪਣੇ ਪੱਲਿਓਂ ਲੈ ਆਉਂਦਾ ਕਿਉਂਕਿ ਉਹ ਹੁਣ ਉਸ ਨੂੰ ਆਪਣਾ ਪੱਕਾ ਘਰ ਸਮਝਣ ਲੱਗ ਪਿਆ ਸੀ। ਉਸ ਦੇ ਸਕੇ ਆਪਣੇ ਮਾਂ ਬਾਪ ਤੇ ਵੱਡਾ ਭਰਾ ਭਰਜਾਈ ਵੀ ਆਉਂਦੇ ਜਾਂਦੇ ਰਹਿੰਦੇ ਸਨ। ਉਹ ਕਿਤੇ ਦੂਰ ਰਹਿੰਦੇ ਸਨ, ਪਰ ਆਉਣ ਜਾਣ ਹੱਦੋਂ ਵੱਧ ਸੀ। ਰਾਤੀਂ ਆਪਣੇ ਘਰੋਂ ਸਫ਼ਰ ਸ਼ੁਰੂ ਕਰਨਾ, ਅੰਮ੍ਰਿਤ ਵੇਲੇ ਗੁੱਡੀ ਦੇ ਦਰ ਆ ਖੜ੍ਹਨਾ। ਜਦੋਂ ਮਾਣੇ ਦੇ ਵਿਆਹ ਦੀ ਗੱਲ ਚੱਲੀ ਤਾਂ ਉਨ੍ਹਾਂ ਨੇ ਕੁੜੀ ਵਾਲਿਆਂ ਕੋਲ ਗੁੱਡੀ ਨੂੰ ਮਾਂ ਦੇ ਤੌਰ ’ਤੇ ਪੇਸ਼ ਕੀਤਾ ਤੇ ਕਿਹਾ ਕਿ ਗੁੱਡੀ ਨੇ ਇਹ ਮੁੰਡਾ ਗੋਦ ਲਿਆ ਹੋਇਆ ਹੈ। ਗੁੱਡੀ ਨੂੰ ਬਜ਼ੁਰਗੀ ਵੇਲੇ ਸਹਾਰੇ ਦੀ ਲੋੜ ਪੈਣੀ ਸੀ। ਇਸ ਲਈ ਉਸ ਨੇ ਵੀ ਹਾਮੀ ਭਰ ਦਿੱਤੀ। ਵਿਆਹ ਮਗਰੋਂ ਨੂੰਹ-ਪੁੱਤ ਬਣ ਕੇ ਮੁੰਡਾ-ਕੁੜੀ ਗੁੱਡੀ ਨਾਲ ਰਹਿਣ ਲੱਗ ਪਏ।
ਸਾਲ ਕੁ ਬਾਅਦ ਉਨ੍ਹਾਂ ਦੇ ਆਪਣੇ ਘਰ ਬੱਚੇ ਨੇ ਜਨਮ ਲੈ ਲਿਆ। ਜ਼ਿੰਦਗੀ ਆਪਣੀ ਰਫ਼ਤਾਰ ਨਾਲ ਲੰਘਦੀ ਗਈ। ਗੁੱਡੀ ਦੇ ਬਾਕੀ ਭੈਣ ਭਰਾ ਵੀ ਆਪਣੀਆਂ ਕਬੀਲਦਾਰੀਆਂ ’ਚ ਉਲਝੇ ਹੋਣ ਕਰਕੇ ਉਨ੍ਹਾਂ ਦੀ ਆਵਾਜਾਈ ਘਟ ਗਈ। ਸ਼ਹਿਰ ਅੰਦਰ ਰਿਸ਼ਤੇਦਾਰੀ ’ਚ ਕੋਈ ਸੁੱਖ-ਦੁੱਖ ਹੁੰਦਾ ਤਾਂ ਭੈਣ ਭਰਾ ਤੇ ਉਨ੍ਹਾਂ ਦੇ ਬੱਚੇ ਆਉਂਦੇ ਤੇ ਵਾਪਸ ਚਲੇ ਜਾਂਦੇ। ਬੁਢਾਪੇ ਸਮੇਂ ਕਿਸ ਨਾਲ ਕੀ ਵਾਪਰਦਾ ਹੈ ਇਹ ਕੁਦਰਤ ਜਾਣਦੀ ਹੈ। ਫਿਰ ਪਤਾ ਲੱਗਿਆ ਕਿ ਗੁੱਡੀ ਨੂੰ ਕੈਂਸਰ ਹੋ ਗਿਆ, ਉਸ ਦਾ ਇਲਾਜ ਚੱਲ ਰਿਹਾ ਸੀ। ਮਾਣੇ ਦਾ ਮੁੰਡਾ ਵੀ ਚਾਰ ਪੰਜ ਸਾਲ ਦਾ ਹੋ ਗਿਆ ਤੇ ਸਕੂਲ ਜਾਂਦਾ ਸੀ। ਘਰ ਵਿੱਚੋਂ ਧੂੰਆਂ ਤਾਂ ਉੱਠਦਾ, ਪਰ ਅੰਦਰ ਅੱਗ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦੀ। ਪਤਾ ਲੱਗਿਆ ਵੀ ਤਾਂ ਹਾਲਾਤ ਅੱਗੇ ਸਭ ਲਾਚਾਰ ਹੋ ਗਏ ਕਿ ਪਹਿਲ ਕੌਣ ਕਰੇ। ਜਵਾਨ ਕਿਸ ਦੀ ਸੁਣਦਾ ਹੈ? ਮੌਜਾਂ ਤਾਂ ਸਾਰੀ ਉਮਰ ਛੋਟੀ ਭੈਣ ਦਾ ਪਰਿਵਾਰ ਕਰ ਗਿਆ ਜਦੋਂ ਸੇਵਾ ਦੀ ਵਾਰੀ ਆਈ ਤਾਂ ਹੁਣ ਉਨ੍ਹਾਂ ਨੂੰ ਕਰਨੀ ਔਖੀ ਲੱਗਣ ਲੱਗ ਪਈ।
ਕੈਂਸਰ ਦੇ ਇਲਾਜ ਵੇਲੇ ਬਿਜਲੀਆਂ ਲੱਗੀਆਂ ਤਾਂ ਸਿਰ ਦੇ ਵਾਲ ਝੜ ਗਏ। ਰਾਣਾ ਕਹਿੰਦਾ ਕਿ ਮੇਰਾ ਬੱਚਾ ਗੁੱਡੀ ਨੂੰ ਇਸ ਹਾਲਤ ਵਿੱਚ ਦੇਖ ਕੇ ਡਰਦਾ ਹੈ, ਮੈਂ ਹੁਣ ਇਸ ਨੂੰ ਘਰ ਨਹੀਂ ਰੱਖਣਾ, ਕਿਸੇ ਬਿਰਧ ਆਸ਼ਰਮ ਛੱਡ ਆਉਂਦਾ ਹਾਂ। ਜੇਕਰ ਸਕੀ ਮਾਂ ਹੁੰਦੀ ਤਾਂ ਕੀ ਘਰੋਂ ਕੱਢਣ ਦੀ ਜੁਅਰੱਤ ਕਰਦਾ? ਘਰ ਅੱਗ ਲੈਣ ਆਈ ਸੀ, ਘਰ ਦੀ ਮਾਲਕਣ ਬਣ ਕੇ ਬੈਠ ਗਈ ਵਾਲਾ ਮੁਹਾਵਰਾ ਇਸ ਟੱਬਰ ’ਤੇ ਸੌ ਫ਼ੀਸਦੀ ਢੁਕਦਾ ਹੈ।
ਖ਼ੈਰ, ਹੋਰ ਪਰਿਵਾਰਕ ਮੈਬਰਾਂ ਕੋਲੋਂ ਕੋਈ ਹੱਲ ਨਾ ਲੱਭਿਆ ਗਿਆ ਤੇ ਗੁੱਡੀ ਆਪਣਾ ਘਰ ਹੁੰਦੇ-ਸੁੰਦੇ ਬਿਰਧ ਆਸ਼ਰਮ ਪਹੁੰਚ ਗਈ। ਸੁਣਨ ਵਿੱਚ ਆਇਆ ਕਿ ਫ਼ੌਜ ਵਾਲਾ ਭਰਾ ਤੇ ਮਾਣਾ ਰਲ-ਮਿਲ ਕੇ ਇਸ ਆਸ਼ਰਮ ਦਾ ਖ਼ਰਚਾ ਉਠਾਉਂਦੇ ਹਨ ਬਾਕੀ ਸੱਚ ਰੱਬ ਜਾਣੇ। ਦੁੱਧ ਪਾਣੀ ਵਾਂਗ ਰਲੀਆਂ ਭੈਣਾਂ ਦੇ ਸਬੰਧਾਂ ਵਿੱਚ ਮੁੰਡੇ ਨੇ ਕਾਂਜੀ ਪਾ ਦਿੱਤੀ।
ਗੁੱਡੀ ਦੀ ਮਦਦ ਕਿਵੇਂ ਹੋਣੀ ਸੀ! ਬਿਰਧ ਆਸ਼ਰਮ ’ਚ ਗੁੱਡੀ ਅੰਤਿਮ ਸਾਹ ਲੈਣ ਤੱਕ ਰਹੇਗੀ। ਗੁੱਡੀ ਨਾਲ ਜਿਹੜੇ ਮੁੰਡੇ ਦਾ ਵਿਆਹ ਹੋਣਾ ਸੀ, ਉਸ ਨੇ ਸੋਚਿਆ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ; ਜੇ ਵਿਆਹ ਨਹੀਂ ਕਰਵਾਉਣਾ ਸੀ ਤਾਂ ਮੰਗਣੀ ਕਿਉਂ ਕਰਵਾਈ; ਮੈਨੂੰ ਨਕਾਰਿਆ ਤਾਂ ਜੱਗ ਹਸਾਈ ਹੋਈ; ਮੇਰਾ ਕੀ ਕਸੂਰ ਸੀ। ਉਸ ਨੇ ਫ਼ੈਸਲਾ ਕੀਤਾ ਕਿ ਵਿਆਹ ਨਹੀਂ ਕਰਵਾਉਣਾ। ਸੁਣਨ ’ਚ ਆਇਆ ਕਿ ਇਤਫ਼ਾਕਵੱਸ ਉਸ ਦਾ ਬੁਢਾਪਾ ਉਸ ਨੂੰ ਇਸੇ ਬਿਰਧ ਆਸ਼ਰਮ ਵਿੱਚ ਲੈ ਆਇਆ ਸੀ।
ਸੰਪਰਕ: 97806-44040