ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁੱਡੀ ਮਰਗੀ ਅੱਜ ਕੁੜੇ...

08:26 AM Aug 03, 2024 IST

ਉਜਾਗਰ ਸਿੰਘ

ਵਿਗਿਆਨ ਦੇ ਯੁੱਗ ਵਿੱਚ ਅੱਜਕੱਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚੱਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ’ਤੇ ਆਧਾਰਿਤ ਨਹੀਂ ਹਨ। ਸਾਡਾ ਸਮਾਜ ਉਨ੍ਹਾਂ ਪਰੰਪਰਾਵਾਂ ’ਤੇ ਪਹਿਰਾ ਵੀ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਦਾ ਹਿੱਸਾ ਵੀ ਮੰਨ ਰਿਹਾ ਹੈ।
ਪਿਛਲੇ ਸਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਏ ਸਨ ਪ੍ਰੰਤੂ ਇਸ ਸਾਲ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ। ਬਾਰਸ਼ਾਂ ਬਹੁਤ ਘੱਟ ਪਈਆਂ ਹਨ। ਕਿਸਾਨ ਜੀਰੀ ਲਾਈ ਬੈਠੇ ਹਨ ਪ੍ਰੰਤੂ ਬਾਰਸ਼ਾਂ ਨਾ ਪੈਣ ਕਰਕੇ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਪੁਰਾਣੇ ਜ਼ਮਾਨੇ ਵਿੱਚ ਜਦੋਂ ਹਾੜ੍ਹ/ਸਾਉਣ ਦੇ ਮਹੀਨੇ ਬਾਰਸ਼ਾਂ ਨਹੀਂ ਪੈਂਦੀਆਂ ਸਨ ਤਾਂ ਪਿੰਡਾਂ ਦੇ ਲੋਕ ਮੀਂਹ ਪਵਾਉਣ ਲਈ ‘ਗੁੱਡੀ ਫੂਕਣ’ ਦੀ ਰਸਮ ਅਦਾ ਕਰਦੇ ਸਨ। ਇਹ ਇੱਕ ਛੋਟੀ ਜਿਹੀ ਰਸਮ ਹੁੰਦੀ ਸੀ। ਉਸ ਸਮੇਂ ਫ਼ਸਲਾਂ ਨੂੰ ਪਾਣੀ ਦੇਣ ਦੇ ਖੂਹਾਂ ਅਤੇ ਨਹਿਰੀ ਪਾਣੀ ਤੋਂ ਬਿਨਾਂ ਬਹੁਤੇ ਸਾਧਨ ਨਹੀਂ ਹੁੰਦੇ ਸਨ। ਟਿਊਬਵੈੱਲ ਅਜੇ ਪ੍ਰਚੱਲਿਤ ਨਹੀਂ ਹੋਏ ਸਨ। ਖੂਹ ਅਤੇ ਨਹਿਰੀ ਪਾਣੀ ਵੀ ਥੋੜ੍ਹੀਆਂ ਨਿਆਈਂ ਜ਼ਮੀਨਾਂ ਲਈ ਉਪਲੱਭਧ ਹੁੰਦੇ ਸਨ। ਪਿੰਡਾਂ ਦੀਆਂ ਫਿਰਨੀਆਂ ਦੇ ਨੇੜੇ ਜਿਹੜੀਆਂ ਜ਼ਮੀਨਾਂ ਹੁੰਦੀਆਂ ਸਨ, ਉਨ੍ਹਾਂ ਨੂੰ ਨਿਆਈਂ ਕਿਹਾ ਜਾਂਦਾ ਸੀ। ਰੇਤਲੀਆਂ ਜ਼ਮੀਨਾਂ ਤਾਂ ਬਿਲਕੁਲ ਮੀਂਹ ’ਤੇ ਹੀ ਨਿਰਭਰ ਹੁੰਦੀਆਂ ਸਨ। ਫ਼ਸਲਾਂ ਦੇ ਨੁਕਸਾਨ ਹੋਣ ਕਰਕੇ ਕੁਝ ਇਲਾਕਿਆਂ ਵਿੱਚ ਭੁੱਖਮਰੀ ਦੇ ਹਾਲਾਤ ਵੀ ਬਣ ਜਾਂਦੇ ਸਨ। ਵਿਗਿਆਨਕ ਜਾਣਕਾਰੀ ਦੀ ਘਾਟ ਕਰਕੇ ਲੋਕ ਵਹਿਮਾ ਭਰਮਾ ਵਿੱਚ ਪਏ ਰਹਿੰਦੇ ਸਨ। ਗੁੱਡੀ ਫੂਕਣਾ ਵੀ ਵਹਿਮਾ ਭਰਮਾ ਦੀ ਲੜੀ ਦਾ ਇਕ ਹਿੱਸਾ ਹੈ।
ਕਈ ਵਾਰ ਗੁੱਡੀ ਫੂਕਣ ਤੋਂ ਬਾਅਦ ਮੀਂਹ ਪੈ ਜਾਂਦਾ ਸੀ। ਮੀਂਹ ਭਾਵੇਂ ਵਿਗਿਆਨਕ ਕਾਰਨਾਂ ਕਰਕੇ ਹੀ ਪੈਂਦਾ ਸੀ ਪ੍ਰੰਤੂ ਲੋਕਾਂ ਵਿੱਚ ਇਹ ਪ੍ਰਭਾਵ ਚਲਾ ਜਾਂਦਾ ਸੀ ਕਿ ਗੁੱਡੀ ਫੂਕਣ ਨਾਲ ਮੀਂਹ ਪਿਆ ਹੈ। ਇੱਕ ਕਿਸਮ ਨਾਲ ਗੁੱਡੀ ਫੂਕਣਾ ਦਿਹਾਤੀ ਸੱਭਿਅਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਸੀ। ਸੋਕਾ ਪੈਣ ਕਰਕੇ ਜਿੱਥੇ ਫ਼ਸਲਾਂ ਦਾ ਨੁਕਸਾਨ ਹੁੰਦਾ ਸੀ, ਉੱਥੇ ਪਾਣੀ ਦੀ ਘਾਟ ਕਰਕੇ ਜੀਵ ਜੰਤੂ ਅਤੇ ਪੰਛੀ ਮਰ ਜਾਂਦੇ ਸਨ। ਬੱਚਿਆਂ ਨੂੰ ਆਪਣੀਆਂ ਖੇਡਾਂ ਖੇਡਣੀਆਂ ਗਰਮੀ ਕਰਕੇ ਬੰਦ ਕਰਨੀਆਂ ਪੈਂਦੀਆਂ ਸਨ। ਪਿੰਡਾਂ ਦੇ ਲੋਕ ਅਜਿਹੀਆਂ ਗੱਲਾਂ ਨੂੰ ਦੇਵਤਾ/ਪਰਮਾਤਮਾ ਦਾ ਸਰਾਪ ਕਹਿੰਦੇ ਸਨ। ਇਸ ਲਈ ਦੇਵਤਾ/ਪਰਮਾਤਮਾ ਨੂੰ ਖ਼ੁਸ਼ ਕਰਨ ਲਈ ਗੁੱਡੀ ਫੂਕੀ ਜਾਂਦੀ ਸੀ। ਇਹ ਵੀ ਸਮਝਿਆ ਜਾਂਦਾ ਸੀ ਕਿ ਪਰਮਾਤਮਾ ਬੱਚਿਆਂ, ਜੀਵ ਜੰਤੂਆਂ ਅਤੇ ਪੰਛੀਆਂ ’ਤੇ ਤਰਸ ਖਾ ਕੇ ਮੀਂਹ ਪਾ ਦੇਵੇਗਾ।
ਗੁੱਡੀ ਫੂਕਣ ਦੀ ਰਸਮ ਸਾਰਾ ਪਿੰਡ ਰਲਕੇ ਕਰਦਾ ਸੀ। ਇਸ ਮੰਤਵ ਲਈ ਪਿੰਡ ਵਿੱਚੋਂ ਗੁੜ, ਆਟਾ ਅਤੇ ਚੌਲ ਇਕੱਠੇ ਕੀਤੇ ਜਾਂਦੇ ਸਨ। ਫਿਰ ਪਿੰਡ ਦੀਆਂ ਤ੍ਰੀਮਤਾਂ ਮਿੱਠੀਆਂ ਰੋਟੀਆਂ, ਚੌਲ ਅਤੇ ਗੁਲਗੁਲੇ ਬਣਾਉਂਦੀਆਂ ਸਨ। ਪਿੰਡ ਦੀਆਂ ਇਸਤਰੀਆਂ ਕੱਪੜਿਆਂ ਦੀ ਦੋ ਕੁ ਫੁੱਟ ਦੀ ਗੁੱਡੀ ਬਣਾਉਂਦੀਆਂ ਸਨ। ਬਾਕਾਇਦਾ ਇਸ ਗੁੱਡੀ ਨੂੰ ਰੰਗ ਬਿਰੰਗੇ ਖ਼ਾਸ ਕਰਕੇ ਲਾਲ ਰੰਗ ਦੇ ਕੱਪੜਿਆਂ ਨਾਲ ਸਜਾਇਆ ਜਾਂਦਾ ਸੀ। ਇੱਕ ਛੋਟੀ ਜਿਹੀ ਸੋਟੀਆਂ ਦੀ ਅਰਥੀ ਬਣਾਈ ਜਾਂਦੀ ਸੀ। ਅਰਥੀ ’ਤੇ ਗੁੱਡੀ ਨੂੰ ਪਾਇਆ ਜਾਂਦਾ ਸੀ। ਅਰਥੀ ਨੂੰ ਵੀ ਪੂਰਾ ਬੁਲਬੁਲਿਆਂ ਨਾਲ ਸਜਾਇਆ ਜਾਂਦਾ ਸੀ। ਅੱਜਕੱਲ੍ਹ ਬੁਲਬੁਲਿਆਂ ਨੂੰ ਗੁਬਾਰੇ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਲੜਕੇ ਅਰਥੀ ਨੂੰ ਚੁੱਕ ਕੇ ਪਿੰਡ ਤੋਂ ਬਾਹਰ ਕਿਸੇ ਸਾਂਝੀ ਥਾਂ ’ਤੇ ਲਿਜਾਂਦੇ ਹਨ। ਸਾਰਾ ਪਿੰਡ ਅਰਥੀ ਦੇ ਨਾਲ ਅਫ਼ਸੋਸਨਾਕ ਮੁਦਰਾ ਵਿੱਚ ਮਗਰ ਤੁਰਦਾ ਸੀ। ਇਸਤਰੀਆਂ ਜਿਵੇਂ ਕਿਸੇ ਇਨਸਾਨ ਦੇ ਮਰਨ ’ਤੇ ਵੈਣ ਤੇ ਕੀਰਨੇ ਪਾਉਂਦੀਆਂ ਹੁੰਦੀਆਂ ਸਨ, ਬਿਲਕੁਲ ਉਸੇ ਤਰ੍ਹਾਂ ਵੈਣ ਤੇ ਕੀਰਨੇ ਪਾਉਂਦੀਆਂ ਸਨ। ਦੁਹੱਥੜ ਵੀ ਪੁੱਟਦੀਆਂ ਸਨ:
ਗੁੱਡੀ ਮਰਗੀ ਅੱਜ ਕੁੜੇ, ਸਿਰਹਾਣੇ ਧਰਗੀ ਛੱਜ ਕੁੜੇ।
ਗੁੱਡੀ ਮਰਗੀ ਜਾਣ ਕੇ, ਹਰਾ ਦੁਪੱਟਾ ਤਾਣ ਕੇ।
ਜੇ ਗੁੱਡੀਏ ਤੂੰ ਮਰਨਾ ਸੀ,
ਆਟਾ ਛਾਣ ਕੇ ਕਿਉਂ ਧਰਨਾ ਸੀ।
ਪੰਜਾਬ ਦੇ ਪਿੰਡਾਂ ਵਿੱਚ ਜਦੋਂ ਕੁੜੀਆਂ ਗੁੱਡੀ ਫੂਕਣ ਜਾਂਦੀਆਂ ਸਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਸੀ, ਜਿਸ ਨੂੰ ‘ਢੋਡਾ’ ਕਿਹਾ ਜਾਂਦਾ ਹੈ। ਸਸਕਾਰ ਕਰਨ ਸਮੇਂ ਇੱਕ ਕੁੱਜਾ ਭੰਨਿਆ ਜਾਂਦਾ ਹੈ। ਡੱਕੇ ਤੋੜ ਕੇ ਵੀ ਸਿਵੇ ਉੱਪਰ ਸੜ ਰਹੀ ਗੁੱਡੀ ’ਤੇ ਸੁੱਟੇ ਜਾਂਦੇ ਹਨ। ਸਸਕਾਰ ਭਾਵ ਗੁੱਡੀ ਫੂਕਣ ਤੋਂ ਬਾਅਦ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਸਾਰਿਆਂ ਵਿੱਚ ਵੰਡੇ ਜਾਂਦੇ ਹਨ। ਵਿਗਿਆਨਕ ਯੁੱਗ ਕਰਕੇ ਅੱਜਕੱਲ੍ਹ ਇਹ ਰਸਮ ਖ਼ਤਮ ਹੋਣ ਦੇ ਕਿਨਾਰੇ ’ਤੇ ਹੈ। ਫਿਰ ਵੀ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਮੁਕਤਸਰ ਜ਼ਿਲ੍ਹੇ ਵਿੱਚ ਗੁੱਡੀ ਫੂਕਣ ਦੀਆਂ ਖ਼ਬਰਾਂ ਆਈਆਂ ਸਨ।
ਸੰਪਰਕ: 94178-13072

Advertisement

Advertisement
Advertisement