ਦਸਤਾਵੇਜ਼ੀ ‘ਇਨਕਲਾਬ ਦੀ ਖੇਤੀ’ ਨੇ ਦਿੱਲੀ ਅੰਦੋਲਨ ਦੀ ਯਾਦ ਤਾਜ਼ਾ ਕਰਵਾਈ
ਮਨੋਜ ਸ਼ਰਮਾ
ਬਠਿੰਡਾ, 9 ਨਵੰਬਰ
ਬਠਿੰਡਾ ਵਿੱਚ ਲੰਘੀ ਕੱਲ੍ਹ ਫਿਲਮ ਫੈਸਟੀਵਲ ਦੌਰਾਨ ਉੱਘੀ ਦਸਤਾਵੇਜ਼ੀ ਫਿਲਮ ਨਿਰਮਾਤਾ ਨਿਸ਼ਠਾ ਜੈਨ ਵੱਲੋਂ ਇਤਿਹਾਸਕ ਕਿਸਾਨ ਸੰਘਰਸ਼ ਬਾਰੇ ਬਣਾਈ ਗਈ ਦਸਤਾਵੇਜ਼ੀ ‘ਇਨਕਲਾਬ ਦੀ ਖੇਤੀ’ ਬਠਿੰਡਾ ਵਿੱਚ ਦਿਖਾਈ ਗਈ। ਇਸ ਦਸਤਾਵੇਜ਼ੀ ਨੇ ਲੋਕਾਂ ਨੂੰ ਇਤਿਹਾਸਕ ਕਿਸਾਨ ਸੰਘਰਸ਼ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਕਿਸਾਨ ਸੰਘਰਸ਼ ਦੇ ਸਹਿਯੋਗੀ ਰਹੇ ਸ਼ਹਿਰੀ ਹਿੱਸੇ ਵੱਲੋਂ ਇਸ ਦਸਤਾਵੇਜ਼ੀ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਨਿਸ਼ਠਾ ਜੈਨ ਖ਼ੁਦ ਮੁੰਬਈ ਤੋਂ ਪਹੁੰਚੇ ਹੋਏ ਸਨ। ਸਰਕਾਰੀ ਰਾਜਿੰਦਰਾ ਕਾਲਜ ਦੇ ਆਡੀਟੋਰੀਅਮ ਵਿੱਚ ਫਿਲਮ ਦੇਖਣ ਲਈ ਜੁੜੇ ਲੋਕਾਂ ’ਚ ਸੈਂਕੜੇ ਕਿਸਾਨ ਕਾਰਕੁਨ ਤੇ ਆਗੂ ਹਾਜ਼ਰ ਸਨ। ਪੰਜਾਬੀ ਕਹਾਣੀਕਾਰ ਜਸਪਾਲ ਮਾਨਖੇੜਾ ਵੱਲੋਂ ਫਿਲਮ ਨਿਰਮਾਤਾ ਨਿਸ਼ਠਾ ਜੈਨ ਦੇ ਕੰਮ ਬਾਰੇ ਅਤੇ ਇਸ ਫਿਲਮ ਬਾਰੇ ਜਾਣ ਪਛਾਣ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਦੇਸ਼ਾਂ ਵਿਦੇਸ਼ਾਂ ਅੰਦਰ ਕਈ ਐਵਾਰਡ ਜਿੱਤ ਚੁੱਕੀ ਹੈ।
ਫਿਲਮ ਨਿਰਮਾਤਾ ਨਿਸ਼ਠਾ ਜੈਨ ਨੇ ਆਪਣੇ ਫਿਲਮ ਦੇ ਕਿਰਦਾਰਾਂ ਵਿੱਚ ਬੈਠ ਕੇ ਫਿਲਮ ਦੇਖੇ ਜਾਣ ਦੇ ਅਹਿਸਾਸ ਨੂੰ ਮਾਣਦਿਆਂ ਡੂੰਘੀ ਤਸੱਲੀ ਜ਼ਾਹਿਰ ਕੀਤੀ ਅਤੇ ਦਸਤਾਵੇਜ਼ੀ ਬਣਾਏ ਜਾਣ ਦੇ ਆਪਣੇ ਅਨੁਭਵ ਹਾਜ਼ਰ ਲੋਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਹੋਰਨਾਂ ਮੁਲਕਾਂ ਦੇ ਦਰਸ਼ਕਾਂ ਵੱਲੋਂ ਕਿਸਾਨ ਸੰਘਰਸ਼ ਬਾਰੇ ਪ੍ਰਗਟਾਏ ਗਏ ਸਰੋਕਾਰ ਵੀ ਸਾਂਝੇ ਕੀਤੇ। 105 ਮਿੰਟ ਦੀ ਇਸ ਦਸਤਾਵੇਜ਼ੀ ਦੀ ਕਲਾਤਮਕ ਪੇਸ਼ਕਾਰੀ ਨੂੰ ਹਾਜ਼ਰ ਦਰਸ਼ਕਾਂ ਨੇ ਰੱਜ ਕੇ ਮਾਣਿਆ ਅਤੇ ਕਿਸਾਨ ਸੰਘਰਸ਼ ਦੀਆਂ ਯਾਦਾਂ ’ਚੋਂ ਗੁਜ਼ਰਦਿਆਂ ਮੁੜ ਤੋਂ ਜੂਝਣ ਜਜ਼ਬੇ ਦੇ ਸਨਮੁਖ ਹੋਏ। ੋਇਸ ਮੌਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਨਿਸ਼ਠਾ ਜੈਨ ਨੂੰ ਕਿਸਾਨ ਸੰਘਰਸ਼ ਦੀ ਇੱਕ ਯਾਦਗਾਰੀ ਤਸਵੀਰ ਭੇਟ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਸਾਨ ਸੰਘਰਸ਼ ਨੂੰ ਦਸਤਾਵੇਜ਼ੀ ਰੂਪ ਵਿੱਚ ਸਾਂਭਣ ਅਤੇ ਦੇਸ ਵਿਦੇਸ਼ ਦੇ ਲੋਕਾਂ ਸਨਮੁੱਖ ਇਸ ਦੀ ਅਸਲ ਤਸਵੀਰ ਪਹੁੰਚਾਉਣ ਲਈ ਨਿਸ਼ਠਾ ਜੈਨ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕ ਸੰਘਰਸ਼ਾਂ ਅਤੇ ਲੋਕ ਪੱਖੀ ਸਾਹਿਤ ਕਲਾ ਖੇਤਰ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।