ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਮਾਪਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸਮਾਪਤ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ 23 ਸਤੰਬਰ ਤੋਂ ਸ਼ੁਰੂ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 15 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਆਖਰੀ ਦਿਨ ਹੋਏ ਮੁਕਾਬਲਿਆਂ ਵਿੱਚ ਵਾਲੀਬਾਲ (ਸਮੈਸ਼ਿੰਗ) 21-30 ਸਾਲ ਦੇ ਉਮਰ ਵਰਗ ਦੇ (ਪੁਰਸ਼) ਖੇਡ ਮੁਕਾਬਲਿਆਂ ਵਿੱਚ ਸਮਾਣਾ ਦੀ ਟੀਮ ਨੇ ਪਹਿਲਾ, ਨਾਭਾ ਦੀ ਟੀਮ ਨੇ ਦੂਜਾ ਅਤੇ ਕੋਚਿੰਗ ਸੈਂਟਰ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40-50 ਅਤੇ 50-60 ਉਮਰ ਵਰਗ ਪੁਰਸ਼ਾਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਸਾਫਟਬਾਲ ਮੁਕਾਬਲਿਆਂ ਵਿੱਚ ਅੰਡਰ-17 ਲੜਕਿਆਂ ਵਿੱਚ ਸ਼ੁਤਰਾਣਾ ਦੀ ਟੀਮ ਨੇ ਜਸਦੇਵ ਸਿੰਘ ਸੰਧੂ ਟੀਮ ਦੀ ਟੀਮ ਨੂੰ 6-4 ਦੇ ਫ਼ਰਕ ਨਾਲ, ਇਸ ਤਰ੍ਹਾਂ ਰਾਏਪੁਰ ਨੇ ਭਾਂਖਰ ਨੂੰ 8-6 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਅੰਡਰ-21 ਵਿੱਚ ਸ਼ੁਤਰਾਣਾ ਨੇ ਆਲਮਪੁਰ ਕਬੱਡੀ ਕਲੱਬ ਨੂੰ 11-0 ਦੇ ਭਾਰੀ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਭਾਂਖਰ ਨੇ ਪਲੇਅ ਵੇਅ ਸਕੂਲ ਨੂੰ 10-0 ਦੇ ਫਰਕ ਨਾਲ ਹਰਾ ਕਿ ਭਾਰੀ ਜਿੱਤ ਹਾਸਲ ਕੀਤੀ।