ਗੇਟ ਬਣਾਉਣ ਤੋਂ ਹੋਇਆ ਝਗੜਾ; ਸਾਬਕਾ ਇੰਸਪੈਕਟਰ ਸਣੇ ਕਈ ਜ਼ਖ਼ਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜੁਲਾਈ
ਇੱਥੇ ਫੋਕਲ ਪੁਆਇੰਟ ਦੇ ਨਾਲ ਲੱਗਦੇ ਪਿੰਡ ਰਸੂਲਪੁਰ ਜੌੜਾ ’ਚ ਅੱਜ ਗੇਟ ਬਣਾਉਣ ਦੇ ਮਾਮਲੇ ਤੋਂ ਪੈਦਾ ਹੋਏ ਵਿਵਾਦ ਦੌਰਾਨ ਪਿੰਡ ਦੀਆਂ ਹੀ ਦੋ ਧਿਰਾਂ ਦਰਮਿਆਨ ਜ਼ਬਰਦਸਤ ਝੜੱਪ ਹੋ ਗਈ। ਇਸ ਦੌਰਾਨ ਜਿੱਥੇ ਪਥਰਾਅ ਹੋਇਆ, ਉਥੇ ਹੀ ਗੋਲੀਆਂ ਚਲਾਈਆਂ ਗਈਆਂ ਅਤੇ ਹੋਰ ਮਾਰੂ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਸੂਚਨਾ ਮਿਲਣ ’ਤੇ ਭਾਵੇਂ ਪੁਲੀਸ ਪਾਰਟੀ ਵੀ ਪਿੰਡ ਪਹੁੰਚ ਗਈ ਸੀ, ਪਰ ਉਦੋਂ ਤੱਕ ਹਾਲਾਤ ਗੰਭੀਰ ਬਣ ਚੁੱਕੇ ਸਨ।
ਇਸ ਦੌਰਾਨ ਗੁਰਸੇਵਕ ਸਿੰਘ ਪੁੱਤਰ ਲਖਵਿੰਦਰ ਸਿੰਘ ਲੱਖਾ ਨਾਮ ਦਾ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ। ਉਸ ਦੇ ਜਬਾੜੇ ’ਤੇ ਗੋਲੀ ਲੱਗੀ ਹੈ ਤੇ ਉਸ ਨੂੰ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਭੇਜ ਦਿੱਤਾ ਗਿਆ ਹੈ। ਅਮਰਜੀਤ ਕੌਰ ਦੇ ਵੀ ਗੋਲੀ ਦੇ ਛਰੇ ਲੱਗੇ ਦੱਸੇ ਜਾ ਰਹੇ ਹਨ। ਇੱਕ ਸੇਵਾਮੁਕਤ ਇੰਸਪੈਕਟਰ ਮਹਿਲ ਸਿੰਘ ਵੀ ਇਸ ਦੌਰਾਨ ਜ਼ਖ਼ਮੀ ਹੋ ਗਿਆ। ਉਂਜ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਦੇ ਗੋਲ਼ੀ ਲੱਗੀ ਹੈ ਜਾਂ ਕੋਈ ਇੱਟ-ਰੋੜਾ ਵੱਜਾ ਹੈ। ਇਸ ਤੋਂ ਇਲਾਵਾ ਦੋਵਾਂ ਧਿਰਾਂ ਦੇ ਕਈ ਹੋਰ ਵਿਅਕਤੀਆਂ ਨੂੰ ਵੀ ਸੱਟਾਂ ਵੱਜੀਆਂ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੁੱਢਲੇ ਤੌਰ ’ਤੇ ਮਿਲੀ ਜਾਣਕਾਰੀ ਅਨੁਸਾਰ ਇਹ ਝਗੜਾ ਗੁਆਂਢੀ ਪਰਿਵਾਰਾਂ ਦਰਮਿਆਨ ਇੱੱਕ ਗੇਟ ਲਾਉਣ ਨੂੰ ਲੈ ਕੇ ਹੋਇਆ ਸੀ। ਇੱਕ ਧਿਰ ਜਦੋਂ ਆਪਣੇ ਘਰ ਕੋਲ ਗੇਟ ਲਾ ਰਹੀ ਸੀ ਤਾਂ ਦੂਜੀ ਧਿਰ ਨੇ ਇਹ ਕਹਿ ਕੇ ਇਤਰਾਜ਼ ਕੀਤਾ ਕਿ ਉਹ ਸਰਕਾਰੀ ਥਾਂ ’ਚ ਗੇਟ ਲਾ ਰਹੇ ਹਨ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਇਸ ਮੁੱਦੇ ’ਤੇ ਬਹਿਸ ਹੋਈ ਜੋ ਬਾਅਦ ਵੱਚ ਖੂਨੀ ਝੜਪ ’ਚ ਤਬਦੀਲ ਹੋ ਗਈ। ਇਨ੍ਹਾਂ ਵਿਚੋਂ ਇੱਕ ਧਿਰ ’ਚ ਰਣਜੋਧ ਸਿੰਘ ਅਤੇ ਦੂਜੀਆਂ ਧਿਰਾਂ ’ਚ ਲਖਵਿੰੰਦਰ ਸਿੰਘ, ਮਾਲਕ ਸਿੰਘ ਤੇ ਹੋਰ ਗੁਆਂਢੀ ਪਰਿਵਾਰ ਸ਼ਾਮਲ ਹਨ। ਮੁੱਢਲੇ ਤੌਰ ’ਤੇ ਰਣਜੋਧ ਸਿੰਘ ਧਿਰ ਦੇ ਕਰੀਬ ਪੰਜਾਹ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਅਤੇ 452 ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਘਟਨਾ ਦੀ ਇਤਲਾਹ ਮਿਲਣ ’ਤੇ ਇਲਾਕੇ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਥਾਣਾ ਅਨਾਜ ਮੰਡੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਪੁਲੀਸ ਫੋਰਸ ਸਮੇਤ ਘਟਨਾ ਸਥਾਨ ਅਤੇ ਹਸਪਤਾਲ ਪਹੁੰਚੇ ਹੋਏ ਸਨ। ਰਾਤੀ ਨੌਂ ਵਜੇ ਤੱਕ ਪੁਲੀਸ ਵੱਲੋਂ ਕੇਸ ਦਰਜ ਕਰਨ ਦੀ ਕਾਰਵਾਈ ਜਾਰੀ ਸੀ ਜਿਸ ਦੀ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਇਸ ਲੜਾਈ ’ਚ ਇੱਕ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।