ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਇਨਾਡ ਦੀ ਬਿਪਤਾ

06:08 AM Aug 01, 2024 IST

ਜ਼ੋਰਦਾਰ ਮੀਂਹ ਕਾਰਨ ਨਿਰੰਤਰ ਜ਼ਮੀਨ ਖਿਸਕਣ ਨਾਲ ਕੇਰਲਾ ਦੇ ਵਾਇਨਾਡ ਜ਼ਿਲ੍ਹੇ ’ਚ ਵਿਆਪਕ ਨੁਕਸਾਨ ਹੋਇਆ ਹੈ, ਅਤੇ ਵੱਡੇ ਪੱਧਰ ’ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਇਸ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ ਹੋ ਚੁੱਕੀ ਹੈ। ਰਾਹਤ ਤੇ ਬਚਾਅ ਦਲਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਮੁਸੀਬਤ ਵਾਲੇ ਇਲਾਕੇ ਵਿੱਚੋਂ ਕੱਢਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਭਾਵੇਂ ਕਿ ਇਸ ਨੂੰ ਕੁਦਰਤੀ ਆਫ਼ਤ ਦੱਸ ਕੇ ਖਹਿੜਾ ਛੁਡਾਇਆ ਜਾ ਰਿਹਾ ਹੈ, ਪਰ ਜਲਵਾਯੂ ਤਬਦੀਲੀ ਤੇ ਵਾਤਾਵਰਨ ਦੇ ਪੱਖ ਤੋਂ ਸੰਵੇਦਨਸ਼ੀਲ ਇਸ ਜ਼ੋਨ ’ਚ ਜੰਗਲਾਤ ਹੇਠਲਾ ਰਕਬਾ ਲਗਾਤਾਰ ਘਟਣ ਜਿਹੇ ਪੱਖਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਕੌਮੀ ਰਿਮੋਟ ਸੈਂਸਿੰਗ ਕੇਂਦਰ ਵੱਲੋਂ ਪਿਛਲੇ ਸਾਲ ਰਿਲੀਜ਼ ਕੀਤੀ ਗਈ ਜਾਣਕਾਰੀ ਮੁਤਾਬਿਕ ਜ਼ਮੀਨ ਖਿਸਕਣ ਦੇ ਸਭ ਤੋਂ ਵੱਧ ਖ਼ਤਰੇ ਵਾਲੇ 30 ਜ਼ਿਲ੍ਹਿਆਂ ਵਿੱਚੋਂ ਦਸ ਕੇਰਲਾ ਵਿੱਚ ਹਨ। ਵਾਇਨਾਡ ਜ਼ਿਲ੍ਹਾ ਇਸ ਸੂਚੀ ਵਿੱਚ 13ਵੇਂ ਨੰਬਰ ’ਤੇ ਹੈ। ਸਾਲ 2021 ਦੇ ਇੱਕ ਅਧਿਐਨ ਮੁਤਾਬਿਕ ਕੇਰਲਾ ’ਚ ਅਜਿਹੀਆਂ ਸਾਰੀਆਂ ਜੋਖ਼ਮ ਵਾਲੀਆਂ ਥਾਵਾਂ ਪੱਛਮੀ ਘਾਟ ਇਲਾਕੇ ’ਚ ਹਨ। ਇਸੇ ਖੇਤਰ ਵਿੱਚ ਇਡੁੱਕੀ, ਏਰਨਾਕੁਲਮ, ਕੋਟਿਆਮ, ਵਾਇਨਾਡ, ਕੋਜ਼ੀਕੋਡ ਤੇ ਮੱਲਾਪੁਰਮ ਜ਼ਿਲ੍ਹੇ ਆਉਂਦੇ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪੱਛਮੀ ਘਾਟ ਦੇ ਵਾਤਾਵਰਨ ਦੇ ਪੱਖ ਤੋਂ ਨਾਜ਼ੁਕ ਖੇਤਰ ਵਿੱਚ ਵਾਰ-ਵਾਰ ਆਉਂਦੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਅਤੇ ਹੱਲ ਤਲਾਸ਼ਣ ਲਈ ਇੱਕ ਢੁੱਕਵੀਂ ਯੋਜਨਾ ਤਿਆਰ ਕੀਤੀ ਜਾਵੇ। ਇਸ ਤਰ੍ਹਾਂ ਦੀਆਂ ਆਫ਼ਤਾਂ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ ਤਾਂ ਕਿ ਮੁਸੀਬਤ ਦਾ ਸਾਹਮਣਾ ਕਰਨ ਲਈ ਉਹ ਬਿਹਤਰ ਢੰਗ ਨਾਲ ਤਿਆਰ ਹੋ ਸਕਣ। ਅਗਾਊਂ ਚਿਤਾਵਨੀ ਦਾ ਇੱਕ ਅਸਰਦਾਰ ਤੰਤਰ ਕਾਇਮ ਕਰ ਕੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ, ਜੋ ਕੇਰਲਾ ਦੇ ਮਾਮਲੇ ’ਚ ਕਿਤੇ ਨਜ਼ਰ ਨਹੀਂ ਆਇਆ।
ਭਾਵੇਂ ਆਫ਼ਤ ਪ੍ਰਬੰਧਨ ਸਬੰਧੀ ਭਾਰਤ ਦੀ ਪਹੁੰਚ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਸੁਧਾਰ ਆਇਆ ਹੈ ਤੇ ਸਰਗਰਮੀ ਦਿਖਾਈ ਗਈ ਹੈ, ਪਰ ਹਾਲੇ ਵੀ ਕਈ ਖੱਪੇ ਹਨ ਜਿਨ੍ਹਾਂ ਨੂੰ ਪੂਰਿਆ ਜਾਣਾ ਹੈ। ਇਸ ਸਭ ’ਚ ਇੱਕ ਸਭ ਤੋਂ ਵੱਡਾ ਅੜਿੱਕਾ ਰਾਜ ਸਰਕਾਰਾਂ, ਉਦਯੋਗਾਂ ਤੇ ਮੁਕਾਮੀ ਭਾਈਚਾਰਿਆਂ ਵੱਲੋਂ ਮਾਹਿਰਾਂ ਦੀਆਂ ਚਿਤਾਵਨੀਆਂ ਨੂੰ ਅਣਗੌਲਿਆਂ ਕਰਨਾ ਹੈ। ਇਨ੍ਹਾਂ ਵੱਲੋਂ ਸੰਵੇਦਨਸ਼ੀਲ ਖੇਤਰਾਂ ’ਚ ਢਾਂਚਾ ਉਸਾਰੀ ਤੇ ਸੈਰ-ਸਪਾਟਾ ਵਧਣ ਨਾਲ ਜੁੜੀਆਂ ਮਾਹਿਰਾਂ ਦੀਆਂ ਚਿਤਾਵਨੀਆਂ ’ਤੇ ਗ਼ੌਰ ਨਹੀਂ ਕੀਤਾ ਜਾਂਦਾ, ਜਿਸ ਦੇ ਮਾੜੇ ਨਤੀਜੇ ਨਿਕਲਦੇ ਹਨ। ਇਸ ਸੰਕਟ ਦੇ ਸਮੇਂ ਜਿੱਥੇ ਪੂਰਾ ਦੇਸ਼ ਵਾਇਨਾਡ ਨਾਲ ਖੜ੍ਹਾ ਹੈ, ਉੱਥੇ ਨਾਲ ਹੀ ਇਹ ਵਚਨਬੱਧਤਾ ਦੁਹਰਾਉਣ ਦੀ ਵੀ ਲੋੜ ਹੈ ਕਿ ਕੁਦਰਤੀ ਸਰੋਤਾਂ ਦੀ ਵਰਤੋਂ ਨਿਆਂਸੰਗਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਸਥਿਰਤਾ ਕਾਇਮ ਰਹੇ।

Advertisement

Advertisement