For the best experience, open
https://m.punjabitribuneonline.com
on your mobile browser.
Advertisement

ਧਨਾਢ ਕਿਸਾਨ ਦੀ ਗੁੰਮਸ਼ੁਦਗੀ ਭੇਤ ਬਣੀ

10:32 AM Jun 16, 2024 IST
ਧਨਾਢ ਕਿਸਾਨ ਦੀ ਗੁੰਮਸ਼ੁਦਗੀ ਭੇਤ ਬਣੀ
ਭਗਵੰਤ ਕੌਰ ਇਨਸਾਫ਼ ਮੰਗਦੀ ਹੋਈ ਅਤੇ (ਇਨਸੈੱਟ) ਬਲਜੀਤ ਸਿੰਘ ਉਰਫ਼ ਲਾਡੂ ਬਾਬਾ।
Advertisement

ਸੰਤੋਖ ਗਿੱਲ
ਰਾਏਕੋਟ, 15 ਜੂਨ
ਇੱਥੋਂ ਦੇ ਮੰਨੇ-ਪ੍ਰਮੰਨੇ ਧਨਾਢ ਕਿਸਾਨ ਬਲਜੀਤ ਸਿੰਘ ਉਰਫ਼ ਲਾਡੂ ਬਾਬਾ (62) ਦੀ ਭੇਤ-ਭਰੀ ਹਾਲਤ ਵਿੱਚ ਹੋਈ ਗੁੰਮਸ਼ੁਦਗੀ ਦੇ ਪੰਜ ਮਹੀਨਿਆਂ ਬਾਅਦ ਵੀ ਰਾਏਕੋਟ ਪੁਲੀਸ ਦੇ ਹੱਥ ਖਾਲੀ ਹਨ। ਲੈਂਡ-ਮਾਰਟਗੇਜ਼ ਬੈਂਕ ਦੇ ਸਾਬਕਾ ਡਾਇਰੈਕਟਰ,ਖੇਡ ਪ੍ਰਮੋਟਰ ਤੇ ਸਮਾਜਸੇਵੀ ਲਾਡੂ ਬਾਬਾ ਅਕਾਲੀ ਦਲ ਅਤੇ ਕਾਂਗਰਸ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹੇ ਹਨ। ਬੀਤੀ 31 ਜਨਵਰੀ ਨੂੰ ਪਿੰਡ ਬੁੱਟਰ ਵਿੱਚ ਆਪਣੀ ਰਿਸ਼ਤੇਦਾਰੀ ਵਿੱਚ ਜਾਣ ਮਗਰੋਂ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੀ ਭੈਣ ਭਗਵੰਤ ਕੌਰ ਨੇ 4 ਅਪਰੈਲ ਨੂੰ ਇੰਗਲੈਂਡ ਤੋਂ ਵਾਪਸ ਆ ਕੇ ਕਰੀਬੀ ਰਿਸ਼ਤੇਦਾਰ ਰਾਹੀਂ ਪੁਲੀਸ ਨੂੰ ਸੂਚਨਾ ਦਿੱਤੀ। ਰਾਏਕੋਟ ਪੁਲੀਸ ਨੇ 5 ਅਪਰੈਲ ਨੂੰ ਗੁੰਮਸ਼ੁਦਗੀ ਦੀ ਡੀਡੀਆਰ ਲਿਖ ਕੇ ਆਪਣੀ ਜ਼ਿੰਮੇਵਾਰੀ ਨਿਬੇੜ ਦਿੱਤੀ।
ਭਗਵੰਤ ਕੌਰ ਨੇ ਹੈਰਾਨੀ ਪ੍ਰਗਟਾਈ ਕਿ ਲਾਡੂ ਬਾਬਾ ਦੀ ਪਤਨੀ ਭੁਪਿੰਦਰ ਕੌਰ ਅਤੇ ਛੋਟਾ ਪੁੱਤਰ ਜਸਪ੍ਰੀਤ ਸਿੰਘ ਉਸ ਨੂੰ ਲੱਭਣ ਦੀ ਬਜਾਇ ਕੁਝ ਦਿਨਾਂ ਬਾਅਦ ਹੀ ਕੈਨੇਡਾ ਰਵਾਨਾ ਹੋ ਗਏ ਸਨ। ਆਖ਼ਰ 29 ਅਪਰੈਲ ਨੂੰ ਭਗਵੰਤ ਕੌਰ ਨੇ ਆਪਣੇ ਭਰਾ ਦੇ ਕਤਲ ਦਾ ਸ਼ੱਕ ਪ੍ਰਗਟ ਕਰਦਿਆਂ ਭਰਜਾਈ, ਦੋਵੇਂ ਭਤੀਜਿਆਂ ਸਣੇ ਕੁਝ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਪੁਲੀਸ ਨੂੰ ਦਰਖ਼ਾਸਤਾਂ ਦਿੱਤੀਆਂ।
ਉੱਧਰ, ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਇਸ ਗੰਭੀਰ ਮਾਮਲੇ ਬਾਰੇ ਸੰਸਦ ਵਿੱਚ ਵੀ ਆਵਾਜ਼ ਚੁੱਕਣਗੇ। ਦੂਜੇ ਪਾਸੇ, ਜਸਪ੍ਰੀਤ ਸਿੰਘ ਨੇ ਕੈਨੇਡਾ ਤੋਂ ਗੱਲਬਾਤ ਕਰਦਿਆਂ ਆਪਣੀ ਭੂਆ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਵੀ ਬਿਨਾਂ ਦੱਸੇ ਘਰੋਂ ਚਲੇ ਜਾਂਦੇ ਸਨ।

Advertisement

ਐੱਸਐੱਸਪੀ ਵੱਲੋਂ ਮੁੜ ਜਾਂਚ ਦੇ ਹੁਕਮ

ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਡੀਐੱਸਪੀ ਰਛਪਾਲ ਸਿੰਘ ਢੀਂਡਸਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਮੁੜ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Advertisement
Author Image

sukhwinder singh

View all posts

Advertisement
Advertisement
×