For the best experience, open
https://m.punjabitribuneonline.com
on your mobile browser.
Advertisement

ਵਾਟਰ ਵਰਕਸ ਦੇ ਟੈਂਕਾਂ ’ਚ ਸੁੱਟਿਆ ਜਾ ਰਿਹੈ ਛੱਪੜ ਦਾ ਗੰਦਾ ਪਾਣੀ

11:05 AM Oct 12, 2024 IST
ਵਾਟਰ ਵਰਕਸ ਦੇ ਟੈਂਕਾਂ ’ਚ ਸੁੱਟਿਆ ਜਾ ਰਿਹੈ ਛੱਪੜ ਦਾ ਗੰਦਾ ਪਾਣੀ
ਨਥਾਣਾ ਵਿੱਚ ਵਾਟਰ ਵਰਕਸ ਵੱਲੋਂ ਪਾਈਆਂ ਜਾ ਰਹੀਆਂ ਪਾਈਪਾਂ।
Advertisement

ਭਗਵਾਨ ਦਾਸ ਗਰਗ
ਨਥਾਣਾ, 11 ਅਕਤੂਬਰ
ਨਥਾਣਾ ਦੇ ਗੁਰਦੁਆਰਾ ਸਾਹਿਬ ਵਾਲੇ ਛੱਪੜ ਦਾ ਗੰਦਾ ਪਾਣੀ ਵਾਟਰ ਵਰਕਸ ਦੇ ਦੋਵੇ ਵੱਡੇ ਟੈਂਕਾਂ ਵਿੱਚ ਸੁੱਟਿਆ ਜਾ ਰਿਹੈ। ਆਪੂੰ ਹੁਕਮਰਾਨ ਬਣੇ ਇੱਕ ਅਧਿਕਾਰੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਨਗਰ ਪੰਚਾਇਤ ਨੇ ਛੱਪੜ ਦਾ ਪਾਣੀ ਟੈਂਕਾਂ ਤੱਕ ਪਾਉਣ ਲਈ ਆਮ ਰਸਤੇ ਵਿੱਚ ਪੁਟਾਈ ਕਰਕੇ ਸੀਮਿੰਟ ਦੀਆਂ ਪਾਈਪਾਂ ਪਾ ਦਿੱਤੀਆਂ ਹਨ ਅਤੇ ਇੱਕ ਟੈਂਕ ’ਚੋਂ ਦੂਜੇ ਟੈਂਕ ’ਚ ਪਾਣੀ ਪਾਉਣ ਲਈ ਪੀਟਰ ਲਾ ਦਿੱਤਾ ਹੈ। ਇਹ ਟੈਂਕ ਬੀਤੇ ਕਈ ਸਾਲਾਂ ਤੋਂ ਵਿਹਲੇ ਪਏ ਹਨ। ਨਥਾਣਾ ਦੇ ਲੋਕਾਂ ਨੂੰ ਵਾਟਰ ਵਰਕਸ ਰਾਹੀਂ ਧਰਤੀ ਹੇਠਲਾ ਪੀਣ ਵਾਲਾ ਪਾਣੀ ਸਪਲਾਈ ਹੋ ਰਿਹਾ ਹੈ। ਪਹਿਲਾਂ ਵੀ ਨਗਰ ਨੂੰ ਦਿੱਤੀ ਜਾਣ ਵਾਲੀ ਸਪਲਾਈ ’ਚ ਇਹ ਗੰਦਾ ਪਾਣੀ ਮਿਲ ਜਾਂਦਾ ਸੀ ਅਤੇ ਟੂਟੀਆਂ ਰਾਹੀਂ ਮਿਲਣ ਵਾਲਾ ਪਾਣੀ ਪੀਣ ਯੋਗ ਨਹੀਂ ਸੀ ਹੁੰਦਾ। ਦੋ ਵਾਰ ਲਏ ਪਾਣੀ ਦੇ ਨਮੂਨੇ ਵੀ ਫੇਲ੍ਹ ਹੋ ਚੁੱਕੇ ਹਨ। ਪਾਣੀ ਦੇ ਸੈਪਲ ਫੇਲ੍ਹ ਹੋਣ ਦੀ ਰਿਪੋਰਟ ਮਿਲਣ ਤੇ ਹਫ਼ਤਾ ਹਫ਼ਤਾ ਪਿੰਡ ਨੂੰ ਕੀਤੀ ਜਾਣ ਵਾਲੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਸੀ। ਹੁਣ ਛੱਪੜ ਦਾ ਪਾਣੀ ਟੈਂਕਾਂ ’ਚ ਪਾਏ ਜਾਣ ਕਾਰਨ ਇੱਕ ਵਾਰ ਮੁੜ ਪਾਣੀ ਵਿੱਚ ਮਿਲਾਵਟ ਹੋਣ ਦਾ ਡਰ ਪੈਦਾ ਹੋ ਗਿਐ। ਇਸ ਨਾਲ ਪਿੰਡ ਵਿੱਚ ਖਤਰਨਾਕ ਬਿਮਾਰੀਆਂ ਫੈਲਣ ਦੀ ਚਿੰਤਾ ਵੱਧ ਗਈ ਹੈ। ਉੁਂਜ ਵੀ ਧਰਤੀ ਹੇਠਲਾ ਪਾਣੀ ਵਧੇਰੇ ਫਲੋਰਾਈਡ ਤੱਤਾਂ ਵਾਲਾ ਹੈ ਜਿਸ ਨਾਲ ਜੋੜਾਂ ਦੇ ਦਰਦ, ਦੰਦਾਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਛੱਪੜ ਦਾ ਪਾਣੀ ਵਾਟਰ ਵਰਕਸ ਦੇ ਟੈਂਕਾਂ ਵਿੱਚ ਪਾਏ ਜਾਣ ਸਬੰਧੀ ਸੰਪਰਕ ਕਰਨ ’ਤੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨੇ ਤਸੱਲੀ ਬਖਸ਼ ਜਵਾਬ ਦੇਣ ਦੀ ਥਾਂ ਟਾਲ ਮਟੋਲ ਕਰ ਦਿੱਤਾ। ਵਾਟਰ ਵਰਕਸ ਦੇ ਪੰਪ ਅਪਰੇਟਰ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਵੀਡੀਓ ਅਤੇ ਲਿਖਤੀ ਸ਼ਿਕਾਇਤ ਆਪਣੇ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਜਨ ਸਿਹਤ ਵਿਭਾਗ ਦੇ ਜੇਈ ਜਸਨਜੋਤ ਸਿੰਘ ਨੇ ਪੰਚਾਇਤ ਚੋਣਾਂ ’ਚ ਡਿਊਟੀ ਹੋਣ ਦੀ ਗੱਲ ਆਖ ਕੇ ਪੱਲਾ ਝਾੜ ਲਿਆ। ਐੱਸਡੀਓ ਅਮਨ ਜਿੰਦਲ ਨੇ ਕਿਹਾ ਕਿ ਉਨ੍ਹਾਂ ਬਣਦੀ ਰਿਪੋਰਟ ਆਪਣੇ ਅਧਿਕਾਰੀਆਂ ਤੋਂ ਇਲਾਵਾ ਡੀਸੀ ਬਠਿੰਡਾ, ਐੱਸਡੀਐੱਮ ਬਠਿੰਡਾ ਅਤੇ ਸਿਹਤ ਵਿਭਾਗ ਨੂੰ ਭੇਜ ਦਿੱਤੀ ਹੈ।

Advertisement

ਗੰਦੇ ਪਾਣੀ ਦੀ ਨਿਕਾਸੀ ਲਈ ਲੋਕਾਂ ਦਾ ਸੰਘਰਸ਼ ਜਾਰੀ

ਨਥਾਣਾ ਵਿੱਚ ਚੱਲ ਰਹੇ ਮੋਰਚੇ ਦੇ ਇਕੱਠ ’ਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਨਵੀ ਖੇਤੀ ਨੀਤੀ ਦਾ ਖਰੜਾ ਜਥੇਬੰਦੀ ਕੋਲ ਪੁੱਜਦਾ ਕਰ ਦਿੱਤਾ ਹੈ ਪਰ ਇਹ ਨੀਤੀ ਕਿਸਾਨ ਪੱਖੀ ਹੋਣ ਦੀ ਥਾਂ ਸਰਕਾਰ ਦੀਆਂ ਸਕੀਮਾਂ ਦਾ ਹੀ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਉਪਰੰਤ ਵੀ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਮਾਹਿਰਾਂ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਖਰੜੇ ਨੂੰ ਸੋਧਨ ਲਈ ਸਰਕਾ ਉੱਪਰ ਦਬਾਅ ਬਣਾਇਆ ਜਾਵੇਗਾ ਉਨ੍ਹਾਂ ਨਵੀ ਖੇਤੀ ਨੀਤੀ ਲਾਗੂ ਕਰਵਾਉਣ ਲਈ ਵੀ ਜਥੇਬੰਦੀ ਨੂੰ ਸੰਘਰਸ਼ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪੱਕਾ ਮੋਰਚਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਦੇ ਸ਼ੁਰੂ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਆਗੂਆਂ ਕਿਹਾ ਕਿ ਲੋਕਾਂ ਦੇ ਦਬਾਅ ਕਾਰਨ ਹੀ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਦੇ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ।

Advertisement

Advertisement
Author Image

sukhwinder singh

View all posts

Advertisement