For the best experience, open
https://m.punjabitribuneonline.com
on your mobile browser.
Advertisement

ਹਵਾ ਦਾ ਰੁਖ਼ ਕਾਂਗਰਸ ਵੱਲ

06:50 AM Oct 07, 2024 IST
ਹਵਾ ਦਾ ਰੁਖ਼ ਕਾਂਗਰਸ ਵੱਲ
Advertisement

ਜੇਕਰ ਚੋਣ ਸਰਵੇਖਣਾਂ (ਐਗਜਿ਼ਟ ਪੋਲ) ’ਤੇ ਯਕੀਨ ਕਰੀਏ ਜਿਨ੍ਹਾਂ ਵਿੱਚੋਂ ਹਾਲਾਂਕਿ ਬਹੁਤੇ ਇਸ ਸਾਲ ਲੋਕ ਸਭਾ ਚੋਣਾਂ ’ਚ ਗ਼ਲਤ ਨਿਕਲੇ ਸਨ ਤਾਂ ਇੱਕ ਦਹਾਕਾ ਵਿਰੋਧੀ ਖੇਮੇ ਵਿੱਚ ਬੈਠਣ ਤੋਂ ਬਾਅਦ ਕਾਂਗਰਸ ਹਰਿਆਣਾ ’ਚ ਮੁੜ ਸੱਤਾ ਸੰਭਾਲਣ ਦੇ ਨੇੜੇ ਢੁੱਕ ਗਈ ਹੈ। ਕਾਂਗਰਸ ਆਪਣੇ ਦਮ ਉੱਤੇ ਹੀ ਸਰਕਾਰ ਬਣਾ ਸਕਦੀ ਹੈ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੌੜ ਵਿੱਚ ਦੂਜੇ ਨੰਬਰ ਉੱਤੇ ਕਾਫ਼ੀ ਪੱਛੜਦੀ ਨਜ਼ਰ ਆ ਰਹੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਰਾਜ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਜੋ ਸਰੂਪ ਹੋ ਰਿਹਾ ਹੈ, ਉਹ ਲਗਭਗ ਅਨੁਮਾਨਾਂ ਮੁਤਾਬਿਕ ਹੀ ਰਿਹਾ ਹੈ। ਕਾਂਗਰਸ ਨੂੰ ਲਗਾਤਾਰ ਦੋ ਵਾਰ ਸੱਤਾ ਮਿਲੀ ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਵੀ ਲਗਾਤਾਰ ਦੋ ਵਾਰ ਮੌਕਾ ਮਿਲਿਆ। ਇੱਕ ਪਾਰਟੀ ਸੁਭਾਵਿਕ ਤੌਰ ’ਤੇ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾਉਣ ਦੀ ਇੱਛਾ ਤਾਂ ਜ਼ਰੂਰ ਰੱਖਦੀ ਹੈ ਪਰ ਉੱਥੇ ਵੋਟਰ ਉਦੋਂ ਧੀਰਜ ਗੁਆ ਬੈਠਦੇ ਹਨ ਜਦੋਂ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਉੱਤੇ ਖ਼ਰੀ ਨਹੀਂ ਉਤਰਦੀ। ਸੱਤਾ ਵਿਰੋਧੀ ਲਹਿਰ ਨੇ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੇਠਾਂ ਲਾਇਆ ਹੈ, ਮਾਰਚ ਵਿੱਚ ਨਾਇਬ ਸਿੰਘ ਸੈਣੀ ਨੂੰ ਮਨੋਹਰ ਲਾਲ ਖੱਟਰ ਦੀ ਥਾਂ ਮੁੱਖ ਮੰਤਰੀ ਥਾਪੇ ਜਾਣ ਤੋਂ ਨਿਰੀ ਮਾਯੂਸੀ ਝਲਕਦੀ ਰਹੀ। ਚੋਣ ਪ੍ਰਚਾਰ ਦੇ ਆਖਿ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਰਿਆਣਾ ਵਿਚ ਕੋਈ ਰੈਲੀ ਨਹੀਂ ਸੀ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਚੋਣਾਂ ਵਾਲੇ ਦਿਨ ਤੋਂ ਬਿਲਕੁਲ ਪਹਿਲਾਂ ਰਿਹਾਅ ਕਰਨਾ ਕਾਂਗਰਸ ਦੇ ਸਮੀਕਰਨਾਂ ਨੂੰ ਵਿਗਾੜਨ ਦੀ ਆਖਿ਼ਰੀ ਕੋਸ਼ਿਸ਼ ਸੀ। ਮਾਹਿਰ ਇਨ੍ਹਾਂ ਤੱਥਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਮਾੜੀ ਹਾਲਤ ਦੀਆਂ ਕਿਆਸਆਰਾਈਆਂ ਲਾ ਰਹੇ ਹਨ।
ਹਰਿਆਣਾ ’ਚ ਸੰਭਾਵੀ ਹਾਰ ਉੱਤਰ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਘੁਟਣ ਵਧਾ ਦੇਵੇਗੀ। ਪੰਜਾਬ ਅਤੇ ਦਿੱਲੀ ਵਿੱਚ ਹਾਰ ਤੋਂ ਬਾਅਦ 2022 ਵਿੱਚ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਵੀ ਕਾਂਗਰਸ ਤੋਂ ਮਾਤ ਖਾ ਚੁੱਕੀ ਹੈ। ਲੋਕ ਸਭਾ ਚੋਣਾਂ (2024) ਵਿੱਚ ਪਾਰਟੀ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਨੇ ਪਹਿਲਾਂ ਹੀ ਇਸ ਦੀਆਂ ਕਮਜ਼ੋਰੀਆਂ ਤੋਂ ਪਰਦਾ ਚੁੱਕ ਦਿੱਤਾ ਹੈ। ਪਿਛਲੇ ਦਹਾਕੇ ਵਿੱਚ ਹੋਈਆਂ ਕਈ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦਾ ਉਭਾਰ ਕਾਂਗਰਸ ਦੇ ਨਿਘਾਰ ਦੇ ਨਾਲੋ-ਨਾਲ ਚੱਲਿਆ ਹੈ। ਜੇ ਕਾਂਗਰਸ ਹਰਿਆਣਾ ਨੂੰ ਆਪਣੇ ਖਾਤੇ ਵਿੱਚ ਜੋੜਨ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਕੌਮੀ ਪੱਧਰ ’ਤੇ ਵੀ ਇਸ ਦੀ ਪਕੜ ਮਜ਼ਬੂਤ ਹੋਵੇਗੀ ਅਤੇ ਇਸ ਦੇ ਰੁਖ਼ ਵਿਚ ਵੱਡੀ ਤਬਦੀਲੀ ਆਵੇਗੀ।
ਕਾਂਗਰਸ ਜੰਮੂ ਤੇ ਕਸ਼ਮੀਰ ਵਿਚ ਵੀ ਲਾਭ ਕਮਾਉਂਦੀ ਨਜ਼ਰ ਆ ਰਹੀ ਹੈ ਜਿੱਥੇ ਇਸ ਨੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕਰ ਕੇ ਚੋਣ ਲੜੀ ਹੈ। ਰਾਜ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਜੰਮੂ ਕਸ਼ਮੀਰ ਵਿੱਚ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਾ ਮਿਲਣ ਦੇ ਆਸਾਰ ਹਨ, ਇਸ ਸੂਰਤ ਵਿੱਚ ਪੀਡੀਪੀ ਨੇ ਸੰਕੇਤ ਕੀਤਾ ਹੈ ਕਿ ਉਹ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਕੰਮ ਕਰੇਗੀ। ਉਂਝ, ਇਹ ਭਗਵਾਂ ਪਾਰਟੀ ਅਕਸਰ ਜਿਵੇਂ ਕਰਦੀ ਰਹੀ ਹੈ, ਮਾੜੇ ਨਤੀਜੇ ਨੂੰ ਆਰਾਮ ਨਾਲ ਸਵੀਕਾਰ ਨਹੀਂ ਕਰੇਗੀ, ਵਿਸ਼ੇਸ਼ ਤੌਰ ’ਤੇ ਇਹ ਪੱਖ ਵਿਚਾਰ ਕੇ ਕਿ ਧਾਰਾ 370 ਦੇ ਇਤਿਹਾਸਕ ਖ਼ਾਤਮੇ ਤੋਂ ਬਾਅਦ ਰਾਜ ਵਿਚ ਹੋ ਰਹੀਆਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਸਨ। ਇਸ ਪ੍ਰਸੰਗ ਵਿਚ ਉੱਥੇ ਸਿਆਸਤ ਵੱਖਰਾ ਰੰਗ ਲੈ ਕੇ ਆਵੇਗੀ।

Advertisement

Advertisement
Advertisement
Author Image

Advertisement