ਫ਼ਰਕ
ਸ਼ਵਿੰਦਰ ਕੌਰ
ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਸਰਕਾਰ ਨੇ ਵੀ ਠੰਢ ਦੇ ਮੌਸਮ ਕਰ ਕੇ ਸਕੂਲਾਂ ਵਿਚ ਹੋਰ ਛੁੱਟੀਆਂ ਕਰ ਦਿੱਤੀਆਂ। ਬੱਚਿਆਂ ਦਾ ਇਉਂ ਠੰਢ ਤੋਂ ਬਚਾਅ ਦਾ ਤਰੀਕਾ ਚੰਗਾ ਲੱਗਿਆ। ਬੱਚੇ ਹੀ ਹਨ ਜੋ ਸਾਡੀ ਜਿ਼ੰਦਗੀ ਵਿਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਂਦੇ ਹਨ। ਉਹਨਾਂ ਦੀਆਂ ਭੋਲੀਆਂ ਗੱਲਾਂ, ਸ਼ਰਾਰਤਾਂ ਅਤੇ ਨਿਰਛਲ ਮੁਸਕਾਨਾਂ ਸਾਡੇ ਜੀਵਨ ਵਿਚ ਰੰਗ ਭਰਦੀਆਂ ਹਨ।
ਬਚਪਨ ਜਿ਼ੰਦਗੀ ਦਾ ਸਭ ਤੋਂ ਸੋਹਣਾ ਤੇ ਯਾਦਗਰ ਸਫ਼ਰ ਹੁੰਦਾ ਹੈ। ਮਾਂ ਬਾਪ ਦਾ ਪਿਆਰ, ਬਚਪਨ ਦੇ ਸਾਥੀਆਂ ਨਾਲ ਖੇਡੀਆਂ ਖੇਡਾਂ, ਰਲ ਕੇ ਕੀਤੀਆਂ ਸ਼ਰਾਰਤਾਂ ਅਤੇ ਸਕੂਲ ਵਿਚ ਕੀਤੀ ਮੌਜ-ਮਸਤੀ ਉਮਰ ਦੇ ਆਖ਼ਰੀ ਪਹਿਰ ਤੱਕ ਯਾਦ ਆਉਂਦੀਆਂ ਰਹਿੰਦੀਆਂ ਹਨ। ਬਚਪਨ ਦੀਆਂ ਇਹਨਾਂ ਮਿੱਠੀਆਂ ਯਾਦਾਂ ਵਿਚ ਗੁਆਚੀ ਨੂੰ ਵੱਜਦੀ ਘੰਟੀ ਨੇ ਹਕੀਕੀ ਸਮੇਂ ਵਿਚ ਲਿਆ ਦਿੱਤਾ। ਬਾਹਰ ਨਿਕਲ ਕੇ ਦੇਖਿਆ, ਸਫਾਈ ਸੇਵਕ ਦਾ ਦਸ ਕੁ ਸਾਲ ਦਾ ਲੜਕਾ ਆਪ ਤੋਂ ਲੰਮਾ ਝਾੜੂ ਚੁੱਕੀ ਗਲੀ ਵਿਚ ਝਾੜੂ ਮਾਰ ਰਿਹਾ ਸੀ। ਸ਼ਾਇਦ ਉਸ ਨੇ ਹੀ ਘੰਟੀ ਵਜਾਈ ਸੀ। ਮੈਨੂੰ ਦੇਖ ਕੇ ਉਹਨੇ ਝਾੜੂ ਮਾਰਨਾ ਬੰਦ ਕਰ ਦਿੱਤਾ ਅਤੇ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਬੋਲ ਪਿਆ, “ਪਾਪਾ ਨੂੰ ਬੁਖਾਰ ਹੋ ਗਿਆ, ਇਸ ਲਈ ਅੱਜ ਮੈਂ ਗਲੀ ਵਿਚ ਝਾੜੂ ਮਾਰਨ ਆਇਆਂ। ਬੀਬੀ ਸਰਦੀ ਲੱਗ ਰਹੀ ਐ, ਚਾਹ ਪਿਆ ਦਿਉ।”
“ਚਾਹ ਤਾਂ ਮੈਂ ਬਣਾ ਦਿੰਦੀ ਆਂ ਪਰ ਤੂੰ ਭੋਰਾ ਭਰ ਜੁਆਕ ਐਨੀ ਠੰਢ ਵਿਚ ਆਇਐਂ, ਆਪਣੇ ਵੱਡੇ ਭਰਾ ਨੂੰ ਘੱਲ ਦੇਣਾ ਸੀ।” ਮੈਂ ਉਸ ਨੂੰ ਬਿਨਾ ਮੰਗੇ ਹੀ ਸੁਝਾਅ ਦਿੱਤਾ।
“ਉਹ ਤਾਂ ਜੀ ਚਾਹ ਵਾਲੀ ਦੁਕਾਨ ‘ਤੇ ਲੱਗਾ ਹੋਇਆ। ਸਵੇਰੇ ਜਲਦੀ ਹੀ ਕੰਮ ‘ਤੇ ਚਲਿਆ ਜਾਂਦਾ ਹੈ।”
ਮੈਂ ਚਾਹ ਬਣਾਉਂਦੀ ਸੋਚ ਰਹੀ ਸੀ ਕਿ ਇਸ ਮੁਲਕ ਵਿਚ ਤੇਰੇ ਚਿਤਵੇ ਬਚਪਨ ਵਰਗਾ ਬਚਪਨ ਹਰ ਇੱਕ ਨੂੰ ਨਸੀਬ ਨਹੀਂ ਹੁੰਦਾ! ਸਾਡੇ ਸਮਾਜ ਵਿਚ ਇੱਕ ਵਰਗ ਅਜਿਹਾ ਵੀ ਹੈ ਜਿਨ੍ਹਾਂ ਦੇ ਬੱਚਿਆਂ ਦਾ ਬਚਪਨ ਕੌਡੀਆਂ ਦੇ ਭਾਅ ਵਿਕਦਾ ਹੈ। ਨਿੱਕੇ ਨਿੱਕੇ ਹੱਥ ਜਿਨ੍ਹਾਂ ਵਿਚ ਕਾਇਦਾ ਹੋਣਾ ਚਾਹੀਦਾ ਹੈ, ਉਹ ਤਾਂ ਢਾਬਿਆਂ ‘ਤੇ ਜੂਠੇ ਬਰਤਨ ਧੋ ਰਹੇ ਹੁੰਦੇ ਹਨ। ਜਦੋਂ ਬੱਚੇ ਸਕੂਲ ਜਾ ਰਹੇ ਹੁੰਦੇ ਹਨ ਤਾਂ ਉਨ੍ਹਾਂ ਮਜ਼ਦੂਰ ਬੱਚਿਆਂ ਦੇ ਛੋਹਲੇ ਕਦਮ ਆਪਣੀ ਵਾਟ ਨਬਿੇੜ ਰਹੇ ਹੁੰਦੇ ਹਨ; ਸਕੂਲ ਜਾਣ ਲਈ ਨਹੀਂ ਬਲਕਿ ਆਪਣੀ ਕੰਮ ਵਾਲੀ ਥਾਂ ‘ਤੇ ਪਹੁੰਚਣ ਲਈ। ਸਰਕਾਰ ਦੀਆਂ ਛੁੱਟੀਆਂ ਦਾ ਉਹਨਾਂ ਬਾਲੜੀਆਂ ਨੂੰ ਕੀ ਭਾਅ ਜੋ ਦਿਨ ਚੜ੍ਹਦੇ ਨਾਲ ਠੁਰ ਠੁਰ ਕਰਦੇ ਹੱਥਾਂ ਨਾਲ ਦੂਜਿਆਂ ਦੇ ਘਰਾਂ ਵਿਚ ਪੋਚੇ ਲਾ ਰਹੀਆਂ ਹੁੰਦੀਆਂ ਤੇ ਉਸ ਸਮੇਂ ਉਨ੍ਹਾਂ ਘਰਾਂ ਦੇ ਬੱਚੇ ਰਜ਼ਾਈਆਂ, ਕੰਬਲਾਂ ਦਾ ਨਿੱਘ ਮਾਣ ਰਹੇ ਹੁੰਦੇ। ਕਈ ਆਪਣੀਆਂ ਮਾਵਾਂ ਨਾਲ ਗੋਹੇ ਦੇ ਬੱਠਲ ਸੁੱਟਦੀਆਂ ਸਰਦੀ ਦੇ ਠੰਢੇ ਝੌਂਕਿਆਂ ਨੂੰ ਆਪਣੇ ਹਠ ਨਾਲ ਮਾਤ ਦੇ ਰਹੀਆਂ ਹੁੰਦੀਆਂ।
ਅਚਨਚੇਤ ਅਖ਼ਬਾਰ ਵਿਚ ਪੜ੍ਹੇ ਅੰਕੜੇ ਅੱਖਾਂ ਅੱਗੇ ਆ ਗਏ। ਸਾਡੇ ਮੁਲਕ ਵਿਚ ਲੱਖਾਂ ਬੱਚੇ ਅਜਿਹੇ ਹਨ ਜੋ ਖੇਤਾਂ ਵਿਚ, ਉਸਾਰੀ ਦੇ ਕੰਮ ਵਿਚ, ਖਾਣਾਂ ਵਿਚ, ਘਰੇਲੂ ਕੰਮ-ਕਾਰ ਜਿਵੇਂ ਘਰਾਂ ਦੀ ਸਾਫ-ਸਫਾਈ, ਜੂਠੇ ਬਰਤਨ ਸਾਫ ਕਰਨੇ, ਭੱਠੇ ‘ਤੇ ਇੱਟਾਂ ਬਣਾਉਣੀਆਂ, ਮੋਮਬੱਤੀਆਂ ਬਣਾਉਣੀਆਂ ਆਦਿ ਦੀ ਮਜ਼ਦੂਰੀ ਕਰਦੇ ਹਨ। ਜਿੱਥੇ ਬਾਲ ਮਜ਼ਦੂਰੀ ਉਨ੍ਹਾਂ ਦੇ ਸਕੂਲ ਜਾਣ ਵਿਚ ਅੜਿੱਕਾ ਬਣਦੀ ਹੈ ਉੱਥੇ ਉਨ੍ਹਾਂ ਦੇ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਪੱਖ ਤੋਂ ਖਤਰਨਾਕ ਤੇ ਨੁਕਸਾਨਦੇਹ ਹੁੰਦੀ ਹੈ। ਇਹਨਾਂ ਥਾਵਾਂ ‘ਤੇ ਕੰਮ ਕਰਨਾ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਲ ਵੀ ਧੱਕਦਾ ਹੈ। ਅਕਸਰ ਜਦੋਂ ਆਮ ਬੱਚੇ ਆਪਣੇ ਮਾਤਾ-ਪਿਤਾ ਦੇ ਪਿਆਰ ਦਾ ਨਿੱਘ ਮਾਣ ਰਹੇ ਹੁੰਦੇ ਹਨ ਤਾਂ ਇਨ੍ਹਾਂ ਬੱਚਿਆਂ ਨੂੰ ਮਾਲਕ ਕੁੱਟਮਾਰ ਅਤੇ ਗਾਲ਼ਾਂ ਨਾਲ ਵੀ ਨਿਵਾਜਦੇ ਹਨ। ਇੱਥੇ ਹੀ ਬਸ ਨਹੀਂ, ਕੰਮ ਜਿ਼ਆਦਾ ਕਰਵਾਉਣਾ ਅਤੇ ਮਜ਼ਦੂਰੀ ਘੱਟ ਦੇਣੀ ਵੀ ਉਨ੍ਹਾਂ ਦੀ ਹੋਣੀ ਦਾ ਹਿੱਸਾ ਹੈ। ਮਾਪਿਆਂ ਦੀ ਗੁਰਬਤ ਨੂੰ ਕੁਝ ਕੁ ਠੁੰਮਣਾ ਦੇਣ ਲਈ ਬਚਪਨ ਨੂੰ ਚੰਦ ਛਿੱਲੜਾਂ ਖ਼ਾਤਰ ਰੋਲ ਦੇਣਾ ਇਹਨਾਂ ਦਾ ਨਸੀਬ ਹੈ।
ਉਂਝ ਤਾਂ ਮੁਲਕ ਵਿਚ ਬਾਲ ਮਜ਼ਦੂਰੀ ਖ਼ਤਮ ਕਰਨ ਲਈ ਕਾਨੂੰਨ ਬਣੇ ਹੋਏ ਹਨ, ਬਹੁਤ ਸਾਰੀਆਂ ਕੌਮਾਂਤਰੀ ਸੰਸਥਾਵਾਂ ਨੇ ਬਾਲ ਮਜ਼ਦੂਰੀ ਨੂੰ ਸ਼ੋਸ਼ਣਕਾਰੀ ਐਲਾਨਿਆ ਹੋਇਆ ਹੈ, ਦੁਨੀਆ ਭਰ ਦੇ ਸੰਵਿਧਾਨ ਬਾਲ ਮਜ਼ਦੂਰੀ ‘ਤੇ ਰੋਕ ਲਗਾਉਂਦੇ ਹਨ, ਹਰ ਸਾਲ ਬਾਰਾਂ ਜੂਨ ਨੂੰ ਸੰਸਾਰ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਪਰ ਬਾਲ ਮਜ਼ਦੂਰਾਂ ਦੀ ਦਸ਼ਾ ਸੁਧਾਰਨ ਜਾਂ ਇਸ ਨੂੰ ਖ਼ਤਮ ਕਰਨ ਵਿਚ ਕੋਈ ਕਾਨੂੰਨ ਸਹਾਈ ਨਹੀਂ ਹੋ ਸਕਿਆ। ਕੋਈ ਵੀ ਕਾਨੂੰਨ ਸੜਕਾਂ ‘ਤੇ ਰੁਲਦਾ ਬਚਪਨ ਅਤੇ ਪੱਟ ਦੇ ਪੰਘੂੜਿਆਂ ਵਿਚ ਪਲਦੇ ਬਚਪਨ ਦੇ ਫ਼ਰਕ ਨੂੰ ਮਿਟਾ ਕੇ ਇੱਕ ਨਹੀਂ ਕਰ ਸਕਿਆ।
ਮੁਲਕ ਨੂੰ ਆਜ਼ਾਦ ਹੋਇਆਂ ਸਾਢੇ ਸੱਤ ਦਹਾਕੇ ਹੋ ਚੁੱਕੇ ਹਨ। ਇੰਨੇ ਸਾਲ ਬੀਤ ਜਾਣ ‘ਤੇ ਨਾ ਤਾਂ ਗਰੀਬੀ ਦੂਰ ਹੋਈ ਹੈ ਤੇ ਨਾ ਹੀ ਬਾਲ ਮਜ਼ਦੂਰੀ। ਗਰੀਬੀ ਹੀ ਬਾਲ ਮਜ਼ਦੂਰੀ ਨੂੰ ਜਨਮ ਦਿੰਦੀ ਹੈ। ਸਿੱਧਾ ਜਿਹਾ ਸਵਾਲ ਹੈ ਕਿ ਅਸਲ ਕਾਰਨ ਖ਼ਤਮ ਕੀਤੇ ਬਿਨਾ ਉਸ ਤੋਂ ਪੈਦਾ ਹੋਣ ਵਾਲੇ ਕਾਰਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਜੇ ਗਰੀਬੀ ਦਾ ਸਿੱਟਾ ਬਾਲ ਮਜ਼ਦੂਰੀ ਹੈ ਤਾਂ ਪਹਿਲਾਂ ਗਰੀਬੀ ਨੂੰ ਖ਼ਤਮ ਕਰਨਾ ਪਵੇਗਾ। ਜੇ ਗਰੀਬੀ ਖ਼ਤਮ ਕਰਨ ਦਾ ਇਰਾਦਾ ਹੋਵੇ ਤਾਂ ਇਹ ਸੋਚਣਾ ਪਵੇਗਾ ਕਿ ਗਰੀਬੀ ਹੈ ਕਿਉਂ? ਕੁਝ ਕੁ ਪਰਿਵਾਰਾਂ ਦਾ ਪੈਦਾਵਾਰ ‘ਤੇ ਕਾਬਜ਼ ਹੋਣਾ ਤੇ ਸੱਤਾ ਦਾ ਉਹਨਾਂ ਦੇ ਹੱਕ ਵਿਚ ਭੁਗਤਣਾ ਇਸ ਦਾ ਵੱਡਾ ਕਾਰਨ ਹੈ। ਕਾਬਜ਼ ਕਾਰਪੋਰੇਟਾਂ ਵੱਲੋਂ ਨਿਰੋਲ ਮੁਨਾਫ਼ੇ ਲਈ ਪੈਦਾਵਾਰ ਕਰਨਾ ਹੀ ਭੁੱਖ ਨੰਗ, ਗਰੀਬੀ, ਨਾ-ਬਰਾਬਰੀ ਵਰਗੀਆਂ ਅਲਾਮਤਾਂ ਨੂੰ ਜਨਮ ਦਿੰਦਾ ਹੈ। ਪਤਾ ਨਹੀਂ ਕਦੋਂ ਤੱਕ ਇਹ ਨਿੱਕੀਆਂ ਜਿੰਦਾਂ ਅਣਮਨੁੱਖੀ ਹਾਲਾਤ ਦਾ ਸਾਹਮਣਾ ਕਰਦੀਆਂ ਰਹਿਣਗੀਆਂ। ਸੋਚਾਂ ਦੀ ਇਸ ਲੜੀ ਨੂੰ ਪੁੱਤਰ ਦੀ ਆਵਾਜ਼ ਨੇ ਤੋੜ ਦਿੱਤਾ, “ਮੰਮੀ ਤੁਸੀਂ ਕਿਹੜੀਆਂ ਗਿਣਤੀਆਂ ਮਿਣਤੀਆਂ ਵਿਚ ਉਲਝੇ ਖੜ੍ਹੇ ਐਂ। ਜੁਆਕ ਵਿਚਾਰਾ ਪਾਲੇ ‘ਚ ਠੁਰ ਠੁਰ ਕਰਦਾ ਚਾਹ ਉਡੀਕੀ ਜਾਂਦਾ।”
ਕਾਹਲੀ ਨਾਲ ਕੱਪ ਵਿਚ ਚਾਹ ਪਾ ਕੇ ਨਾਲ ਕੁਝ ਖਾਣ ਨੂੰ ਲੈਂਦੀ ਹੋਈ ਮੈਂ ਗੇਟ ਵੱਲ ਤੁਰ ਪਈ।
ਸੰਪਰਕ: 76260-63596