For the best experience, open
https://m.punjabitribuneonline.com
on your mobile browser.
Advertisement

ਲੋਕਤੰਤਰ ਬਚਾਉਣ ਲਈ ਤਾਨਾਸ਼ਾਹ ਸਰਕਾਰ ਨੂੰ ਹਰਾਇਆ ਜਾਵੇ: ਖੜਗੇ

07:28 AM Sep 18, 2023 IST
ਲੋਕਤੰਤਰ ਬਚਾਉਣ ਲਈ ਤਾਨਾਸ਼ਾਹ ਸਰਕਾਰ ਨੂੰ ਹਰਾਇਆ ਜਾਵੇ  ਖੜਗੇ
ਕਾਂਗਰਸ ਵਰਕਿੰਗ ਕਮੇਟੀ ਦੀ ਮੀਿਟੰਗ ਦੌਰਾਨ ਹਾਜ਼ਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਹੈਦਰਾਬਾਦ, 17 ਸਤੰਬਰ
ਲਗਾਤਾਰ ਦੋ ਦਿਨ ਕੀਤੀਆਂ ਗਈਆਂ ਮੀਟਿੰਗਾਂ ਮਗਰੋਂ ਕਾਂਗਰਸ ਨੇ ਆਸ ਜਤਾਈ ਹੈ ਕਿ ਪੰਜ ਸੂਬਿਆਂ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਫ਼ੈਸਲਾਕੁਨ ਫ਼ਤਵਾ ਮਿਲੇਗਾ। ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਦੀ ਆਪਣੀ ਤਿਆਰੀ ਦੀ ਵੀ ਵਚਨਬੱਧਤਾ ਦੁਹਰਾਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਆਗੂਆਂ ਨੂੰ ਏਕਾ ਅਤੇ ਅਨੁਸ਼ਾਸਨ ਬਣਾਈ ਰੱਖਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਬਚਾਉਣ ਲਈ ਰਲ ਕੇ ਤਾਨਾਸ਼ਾਹ ਸਰਕਾਰ ਨੂੰ ਹਰਾਉਣਾ ਹੋਵੇਗਾ। ਇਥੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਦੀ ਸਮਾਪਤੀ ਮੌਕੇ ਆਪਣੇ ਭਾਸ਼ਨ ’ਚ ਖੜਗੇ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਮੱਤਭੇਦ ਭੁਲਾ ਕੇ ਪਾਰਟੀ ਦੀ ਸਫ਼ਲਤਾ ਲਈ ਕੰਮ ਕਰਨ ਤਾਂ ਜੋ ਦੇਸ਼ ’ਚ ਬਦਲਵੀਂ ਸਰਕਾਰ ਬਣਾਈ ਜਾ ਸਕੇ ਕਿਉਂਕਿ ਲੋਕ ਬਦਲਾਅ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਆਪਣੇ ਨਿੱਜੀ ਲਾਹਿਆਂ ਲਈ ਜਨਤਕ ਤੌਰ ’ਤੇ ਪਾਰਟੀ ਜਾਂ ਆਪਣੇ ਸਾਥੀਆਂ ਖ਼ਿਲਾਫ਼ ਕੁਝ ਨਾ ਬੋਲੇ। ਸੀਡਬਲਿਊਸੀ ਦੀ ਮੀਟਿੰਗ ਦੌਰਾਨ ਪਾਏ ਗਏ ਮਤੇ ’ਚ ਆਸ ਜਤਾਈ ਗਈ ਕਿ ਕਾਂਗਰਸ ਨੂੰ ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤਿਲੰਗਾਨਾ ’ਚ ਫ਼ੈਸਲਾਕੁਨ ਫ਼ਤਵਾ ਮਿਲੇਗਾ ਜਿਥੇ ਆਉਂਦੇ ਮਹੀਨਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮਤੇ ’ਚ ਕਿਹਾ ਗਿਆ,‘‘ਕਾਂਗਰਸ ਪਾਰਟੀ ਚੋਣ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਨੂੰ ਯਕੀਨ ਹੈ ਕਿ ਦੇਸ਼ ਦੇ ਲੋਕ ਬਦਲਾਅ ਚਾਹੁੰਦੇ ਹਨ। ਕਾਂਗਰਸ ਅਮਨ-ਕਾਨੂੰਨ, ਆਜ਼ਾਦੀ, ਸਮਾਜਿਕ ਅਤੇ ਆਰਥਿਕ ਨਿਆਂ, ਸਮਾਨਤਾ ਅਤੇ ਬਰਾਬਰੀ ਦੀਆਂ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ।’’ ਮੀਟਿੰਗ ਦੌਰਾਨ ਤਿਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਰ, ਰਾਜਸਥਾਨ ਅਤੇ ਮਿਜ਼ੋਰਮ ਦੇ ਪਾਰਟੀ ਪ੍ਰਧਾਨਾਂ ਨੇ ਆਪੋ ਆਪਣੇ ਸੂਬਿਆਂ ’ਚ ਚੋਣਾਂ ਜਿੱਤਣ ਦੀਆਂ ਤਿਆਰੀਆਂ ਸਬੰਧੀ ਰਿਪੋਰਟ ਵੀ ਦਿੱਤੀ। ਸੂਤਰਾਂ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ ਅਤੇ ਅਲਕਾ ਲਾਂਬਾ ਸਮੇਤ ਦਿੱਲੀ ਦੇ ਕੁਝ ਆਗੂ ‘ਆਪ’ ਖ਼ਿਲਾਫ਼ ਬੋਲੇ ਅਤੇ ਸੁਝਾਅ ਦਿੱਤਾ ਕਿ ਦਿੱਲੀ ’ਚ ਕਾਂਗਰਸ ਉਸ ਨਾਲ ਗੱਠਜੋੜ ਨਾ ਕਰੇ। ਇਸ ਤੋਂ ਪਹਿਲਾਂ ਖੜਗੇ ਨੇ ਸੀਡਬਲਿਊਸੀ ਮੈਂਬਰਾਂ, ਪ੍ਰਦੇਸ਼ ਇਕਾਈਆਂ ਦੇ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਆਗੂਆਂ ਨੂੰ ਕਿਹਾ ਕਿ ਉਹ ਹੁਕਮਰਾਨ ਭਾਜਪਾ ਨੂੰ 2024 ਦੀਆਂ ਆਮ ਚੋਣਾਂ ਅਤੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹਰਾਉਣ ਦੇ ਟੀਚੇ ਪ੍ਰਤੀ ਕੰਮ ਕਰਨ। ਉਨ੍ਹਾਂ ਜੰਮੂ ਕਸ਼ਮੀਰ ’ਚ ਚੋਣਾਂ ਲਈ ਵੀ ਤਿਆਰ ਰਹਿਣ ਲਈ ਕਿਹਾ। ਕਾਂਗਰਸ ਪ੍ਰਧਾਨ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਸੌਂਪਿਆਂ ਗਿਆ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਅਤੇ ਵੋਟਰਾਂ ਖਾਸ ਕਰਕੇ 18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਤੱਕ ਉਚੇਚੇ ਤੌਰ ’ਤੇ ਪਹੁੰਚ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇ ਜਿਸ ਲਈ ਨੌਜਵਾਨ ਬੁਲਾਰਿਆਂ ਨੂੰ ਤਿਆਰ ਕੀਤਾ ਜਾਵੇਗਾ। ‘ਸਾਲ 2024 ਮਹਾਤਮਾ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਚੋਣ ਦਾ ਸ਼ਤਾਬਦੀ ਵਰ੍ਹਾ ਵੀ ਹੈ ਅਤੇ ਉਨ੍ਹਾਂ ਨੂੰ ਇਹੋ ਸ਼ਰਧਾਂਜਲੀ ਹੋਵੇਗੀ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। ਅਸੀਂ ਤਿਲੰਗਾਨਾ ਤੋਂ ਨਵੀਂ ਤਾਕਤ ਅਤੇ ਸਪੱਸ਼ਟ ਸੁਨੇਹਾ ਲੈ ਕੇ ਜਾਵਾਂਗੇ। ਅਸੀਂ ਅੱਜ ਹੈਦਰਾਬਾਦ ਤੋਂ ਪੂਰੀ ਵਚਨਬੱਧਤਾ ਨਾਲ ਰਵਾਨਾ ਹੋਵਾਂਗੇ ਕਿ ਨਾ ਸਿਰਫ਼ ਤਿਲੰਗਾਨਾ ਸਗੋਂ ਆਉਂਦੀਆਂ ਸਾਰੀਆਂ ਚੋਣਾਂ ਜਿੱਤ ਕੇ ਲੋਕਾਂ ਨੂੰ ਭਾਜਪਾ ਦੇ ਮਾੜੇ ਸ਼ਾਸਨ ਤੋਂ ਮੁਕਤੀ ਦਿਵਾਵਾਂਗੇ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਆਮ ਆਦਮੀ ਦੀਆਂ ਮੁਸ਼ਕਲਾਂ ਕਈ ਗੁਣਾ ਵਧ ਗਈਆਂ ਹਨ ਕਿਉਂਕਿ ਮੋਦੀ ਨੇ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦੇ ਮੁੱਦੇ ਹੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Advertisement


ਹੈਦਰਾਬਾਦ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਆਗੂ ਯੇਨੱਮ ਸ੍ਰੀਨਿਵਾਸ ਰੈੱਡੀ ਨੂੰ ਪਾਰਟੀ ’ਚ ਸ਼ਾਮਲ ਕਰਦੇ ਹੋਏ ਮਲਿਕਾਰਜੁਨ ਖੜਗੇ। -ਫੋਟੋ: ਏਐੱਨਆਈ

‘ਪ੍ਰਧਾਨ ਮੰਤਰੀ ਨੂੰ ਆਪਣੇ ਤੋਂ ਅਗਾਂਹ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਅਜਿਹੇ ਹਾਲਾਤ ’ਚ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੇ ਹਾਂ।’ ਜ਼ਿਕਰਯੋਗ ਹੈ ਕਿ ਖੜਗੇ ਦੀ ਪ੍ਰਧਾਨਗੀ ਹੇਠ ਨਵੀਂ ਬਣੀ ਸੀਡਬਲਿਊਸੀ ਦੀ ਇਹ ਪਹਿਲੀ ਮੀਟਿੰਗ ਸੀ। ਕਾਂਗਰਸ ਦੇ ਐੱਮਪੀਜ਼ ਸੰਸਦ ਦੇ ਵਿਸ਼ੇਸ਼ ਇਜਲਾਸ ਲਈ ਦਿੱਲੀ ਪਰਤ ਜਾਣਗੇ ਜਦਕਿ ਸੀਡਬਲਿਊਸੀ ਮੈਂਬਰ, ਪ੍ਰਦੇਸ਼ ਇਕਾਈਆਂ ਦੇ ਪ੍ਰਧਾਨ, ਵਿਧਾਇਕ ਦਲ ਦੇ ਆਗੂ ਅਤੇ ਹੋਰ ਆਗੂ ਤਿਲੰਗਾਨਾ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਪ੍ਰਚਾਰ ’ਚ ਜੁੱਟ ਜਾਣਗੇ। ਪੀਟੀਆਈ

ਭਾਜਪਾ ਦੇ ਜਾਲ ’ਚ ਨਾ ਫਸਣ ਆਗੂ: ਰਾਹੁਲ

ਹੈਦਰਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੀਡਬਲਿਊਸੀ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਲੋਕਾਂ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਦਿਆਂ ਵਿਚਾਰਧਾਰਾ ਪੱਖੋਂ ਸਪੱਸ਼ਟਤਾ ਬਣਾਈ ਰੱਖਣ। ਉਨ੍ਹਾਂ ਆਗੂਆਂ ਨੂੰ ਭਾਜਪਾ ਦੇ ਜਾਲ ’ਚ ਫਸਣ ਖ਼ਿਲਾਫ਼ ਵੀ ਖ਼ਬਰਦਾਰ ਕੀਤਾ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਾਹੁਲ ਨੇ ਆਗੂਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਦੇ ਮੁੱਦੇ ਉਠਾਉਂਦਿਆਂ ‘ਭਾਰਤ ਮਾਤਾ’ ਦੀ ਆਵਾਜ਼ ਬੁਲੰਦ ਕਰਨ। ਰਾਹੁਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਕੀਤੀ ਗਈ ਟਿੱਪਣੀ ਦੀ ਭਾਜਪਾ ਆਲੋਚਨਾ ਕਰ ਰਹੀ ਹੈ। ਕਾਂਗਰਸ ਦੇ ਕੁਝ ਆਗੂਆਂ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਸਨਾਤਨ ਧਰਮ ਵਿਵਾਦ ’ਤੇ ਬੋਚ-ਬੋਚ ਕੇ ਕਦਮ ਰੱਖੇ ਜਾਣ ਅਤੇ ਪਾਰਟੀ ਨੂੰ ਭਾਜਪਾ ਦੇ ਏਜੰਡੇ ’ਚ ਨਹੀਂ ਫਸਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਹੈ ਕਿ ਕਾਂਗਰਸ ਸੰਗਠਨ ਆਧਾਰਿਤ ਪਾਰਟੀ ਨਹੀਂ ਹੈ ਸਗੋਂ ਇਹ ਅੰਦੋਲਨ ਹੈ ਜਿਸ ਦਾ ਸੰਗਠਨ ਵੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਹੀ ਸੰਗਠਨ ਨੂੰ ਚਲਾਉਂਦਾ ਹੈ ਅਤੇ ਇਹੋ ਕਾਂਗਰਸ ਤੇ ਮੁਲਕ ਦੀਆਂ ਹੋਰ ਪਾਰਟੀਆਂ ਵਿਚਕਾਰ ਬੁਨਿਆਦੀ ਫਰਕ ਹੈ। ਪਵਨ ਖੇੜਾ ਮੁਤਾਬਕ ਰਾਹੁਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਕਈ ਮੁੱਦਿਆਂ ’ਤੇ ਗੱਲ ਕੀਤੀ ਹੈ। ਰਾਹੁਲ ਨੇ ਖੜਗੇ ਨੂੰ ਸਵਾਲ ਕੀਤਾ ਕਿ ਉਹ 1969 ’ਚ ਕਾਂਗਰਸ ’ਚ ਕਿਉਂ ਆਏ ਸਨ। ਖੜਗੇ ਨੇ ਰਾਹੁਲ ਨੂੰ ਦੱਸਿਆ ਕਿ ਉਸ ਸਮੇਂ ਕਾਂਗਰਸ ਆਗੂ ਇੰਦਰਾ ਗਾਂਧੀ ਦਾ ਸਾਥ ਛੱਡ ਕੇ ਕਾਂਗਰਸ (ਓ) ’ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਸੋਚਿਆ ਕਿ ਕਾਂਗਰਸ ਹੀ ਇਕੋ ਇਕ ਪਾਰਟੀ ਹੈ ਜੋ ਪੱਛੜਿਆਂ, ਦਲਿਤਾਂ ਤੇ ਗਰੀਬਾਂ ਬਾਰੇ ਸੋਚਦੀ ਹੈ ਜਿਸ ਕਾਰਨ ਉਹ ਪਾਰਟੀ ’ਚ ਸ਼ਾਮਲ ਹੋ ਗਏ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×