For the best experience, open
https://m.punjabitribuneonline.com
on your mobile browser.
Advertisement

ਠੱਗਿਆ ਮਹਿਸੂਸ ਕਰ ਰਿਹਾ ਹੈ ਢੀਂਡਸਾ ਪਰਿਵਾਰ

08:56 AM Apr 15, 2024 IST
ਠੱਗਿਆ ਮਹਿਸੂਸ ਕਰ ਰਿਹਾ ਹੈ ਢੀਂਡਸਾ ਪਰਿਵਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 14 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਤੋਂ ਢੀਂਡਸਾ ਦੇ ਨੇੜਲਿਆਂ ’ਚ ਮਾਯੂਸੀ ਛਾ ਗਈ ਹੈ। ਹੁਣ ਇਹ ਸਵਾਲ ਹੋ ਰਹੇ ਹਨ ਕਿ ਕੀ ਹੁਣ ਢੀਂਡਸਾ ਪਰਿਵਾਰ ਕਿਸੇ ਹੋਰ ਪਾਰਟੀ ਦਾ ਪੱਲਾ ਫੜੇਗਾ। ਇਸ ਸਵਾਲ ਨੂੰ ਲੈ ਕੇ ਢੀਂਡਸਾ ਪਰਿਵਾਰ ਖ਼ੁਦ ਵੀ ਸਿਆਸੀ ਮੰਥਨ ਵਿਚ ਜੁਟਿਆ ਹੋਇਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਵੀਆਂ ਪ੍ਰਸਥਿਤੀਆਂ ਵਿਚ ਭਾਜਪਾ ਦੇ ਲੜ ਲੱਗਣ ਬਾਰੇ ਸੋਚਣ ਲੱਗੇ ਹਨ ਪਰ ਪਰਮਿੰਦਰ ਸਿੰਘ ਢੀਂਡਸਾ ਹਾਲੇ ਭਾਜਪਾ ’ਚ ਜਾਣ ਦੇ ਰੌਂਅ ਵਿਚ ਨਹੀਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਕੇ ਸਿਆਸੀ ਦਾਅ ਖੇਡ ਦਿੱਤਾ ਹੈ ਪਰ ਢੀਂਡਸਾ ਸਮਰਥਕਾਂ ਦੇ ਉਹ ਵੇਲਾ ਹੱਥ ਨਹੀਂ ਆ ਰਿਹਾ ਹੈ ਜਿਸ ਸਮੇਂ ਸੰਯੁਕਤ ਅਕਾਲੀ ਦਲ ਦਾ ਰਲੇਵਾਂ ਕੀਤਾ ਗਿਆ ਸੀ। ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲੈਣ ਵਾਸਤੇ ਢੀਂਡਸਾ ਨੇ ਇੱਕ ਕਮੇਟੀ ਬਣਾਈ ਸੀ ਤਾਂ ਉਦੋਂ ਬਹੁਗਿਣਤੀ ਨੇ ਸੁਖਬੀਰ ਬਾਦਲ ਤੋਂ ਪਾਸਾ ਵੱਟਣ ਲਈ ਕਿਹਾ ਸੀ। ਜਿਹੜੇ ਢੀਂਡਸਾ ਨੇੜਲੇ ਟਿਕਟਾਂ ਦੀ ਆਸ ਲਾਈ ਬੈਠੇ ਸਨ, ਉਨ੍ਹਾਂ ਨੂੰ ਹੁਣ ਆਪਣਾ ਸਿਆਸੀ ਭਵਿੱਖ ਧੁੰਦਲਾ ਨਜ਼ਰ ਆਉਣ ਲੱਗਾ ਹੈ। ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਇੰਟਰਵਿਊ ’ਚ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਖ਼ਾਤਰ ਸੌਦਾ ਕੀਤਾ ਗਿਆ ਹੈ ਜਿਸ ਕਰ ਕੇ ਪਰਮਿੰਦਰ ਢੀਂਡਸਾ ਦੀ ਟਿਕਟ ਕੱਟੀ ਗਈ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਅਤੇ ਮਗਰੋਂ ਵੀ ਢੀਂਡਸਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ।
ਢੀਂਡਸਾ ਪਰਿਵਾਰ ਲਈ ਪ੍ਰਸਥਿਤੀ ਕਾਫ਼ੀ ਕਸੂਤੀ ਬਣੀ ਹੋਈ ਹੈ ਅਤੇ ਕਾਹਲੀ ਵਿਚ ਲਿਆ ਫ਼ੈਸਲਾ ਕਿਤੇ ਪੁੱਠਾ ਨਾ ਪੈ ਜਾਵੇ, ਇਸ ਕਰਕੇ ਪਰਿਵਾਰ ਮੰਥਨ ਵਿਚ ਲੱਗਾ ਹੋਇਆ ਹੈ।
ਸੂਤਰ ਦੱਸਦੇ ਹਨ ਕਿ ਭਾਜਪਾ ਤਰਫ਼ੋਂ ਢੀਂਡਸਾ ਪਰਿਵਾਰ ਨੂੰ ਸੰਗਰੂਰ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਢੀਂਡਸਾ ਪਰਿਵਾਰ ਹੁਣ ਦੁਚਿੱਤੀ ਵਿਚ ਫਸਿਆ ਹੋਇਆ ਹੈ। ਇਸ ਮਾਮਲੇ ’ਤੇ ਜਦੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਚੇਤੇ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ।

Advertisement

Advertisement
Author Image

Advertisement
Advertisement
×