ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਦਾ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 20 ਜੁਲਾਈ
ਸਥਾਨਕ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਵੱਲੋਂ ਇਥੇ ਕੰਮ ਕਰਦੇ 5 ਕੱਚੇ ਕਾਮਿਆਂ ਤੇ ਇਕ ਮਹਿਲਾ ਸਫਾਈ ਸੇਵਕਾ ਦੀਆਂ ਸੇਵਾਵਾਂ ਖਤਮ ਕਰਨ ਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਅੱਠਵੇਂ ਦਿਨ ਵੀ ਹੜਤਾਲ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ’ਤੇ ਬੈਠੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਅੱਜ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਧਰਨੇ ਵਿਚ ਪਹੁੰਚ ਕੇ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਣ ਦਿੱਤਾ ਜਾਵੇਗਾ ਤੇ ਕਾਂਗਰਸ ਪਾਰਟੀ ਸਫਾਈ ਕਾਮਿਆਂ ਨਾਲ ਡਟ ਕੇ ਖੜ੍ਹੀ ਹੈ। ਸਫ਼ਾਈ ਸੇਵਕ ਯੂਨੀਅਨ ਭਗਤਾ ਦੇ ਪ੍ਰਧਾਨ ਸੁਖਦੀਪ ਕੁਮਾਰ, ਚੇਅਰਮੈਨ ਸ਼ਨੀ, ਮੀਤ ਪ੍ਰਧਾਨ ਰਜੇਸ਼ ਭਾਲ ਤੇ ਸੈਕਟਰੀ ਕ੍ਰਿਸ਼ਨ ਕੁਮਾਰ ਗੋਰੀ ਨੇ ਕਿਹਾ ਕਿ ਹੜਤਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸੱਤਾਧਾਰੀ ਧਿਰ ਦਾ ਆਗੂ ਉਨ੍ਹਾਂ ਦਾ ਦੁੱਖ ਸੁਣਨ ਨਹੀਂ ਪਹੁੰਚਿਆ, ਜਿਸ ਕਾਰਨ ਸਫ਼ਾਈ ਸੇਵਕ ਵਿਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਜਦੋਂ ਤੱਕ ਕੱਢੇ ਮੁਲਾਜ਼ਮਾਂ ਨੂੰ ਕੰਮ ’ਤੇ ਵਾਪਸ ਬੁਲਾਉਣ, ਸਾਲ 2021 ਦੇ ਨੋਟੀਫਿਕੇਸ਼ਨ ਦੇ ਆਧਾਰ ‘ਤੇ ਸ਼ੁਰੂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ‘ਚੋਂ ਕੱਢ ਕੇ ਪੱਕੇ ਕਰਨ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹੜਤਾਲ ਤੇ ਧਰਨਾ ਜਾਰੀ ਰਹੇਗਾ।