ਡੀਜੀਪੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 10 ਅਕਤੂਬਰ
ਪੰਜਾਬ ਪੁਲੀਸ ਅਤੇ ਆਮ ਲੋਕਾਂ ਵਿਚਕਾਰ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ ‘ਸੇਫ਼ ਨੇਬਰਹੁੱਡ’ ਮੁਹਿੰਮ ਤਹਿਤ ਡੀਜੀਪੀ ਗੌਰਵ ਯਾਦਵ ਨੇ ਜਨਤਕ ਪਹੁੰਚ ਅਪਣਾਉਣ ਲਈ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਦਾ ਮੁੱਖ ਮੰਤਵ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹੱਲ, ਪੁਲੀਸ ਕਾਰਗੁਜ਼ਾਰੀ ਬਾਰੇ ਫੀਡਬੈਕ ਲੈਣਾ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ, ਸਹਿਯੋਗ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਹੈ। ਇਸ ਸਬੰਧੀ ਡੀਜੀਪੀ ਨੇ ਫੇਜ਼-11 ਵਿੱਚ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਆਮ ਨਾਗਰਿਕਾਂ ਨਾਲ ਮੀਟਿੰਗ ਕੀਤੀ। ਡੀਜੀਪੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡੀਆਈਜੀ ਨੀਲਾਂਬਰੀ ਜਗਦਲੇ ਅਤੇ ਐੱਸਐੱਸਪੀ ਦੀਪਕ ਪਾਰਿਕ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਲੋਕਾਂ ਨੇ ਮੁਹਾਲੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਘਾਟ, ਐੱਸਐੱਚਓਜ਼ ਨਾਲ ਤਾਲਮੇਲ ਦੀ ਘਾਟ, ਟਰੈਫ਼ਿਕ ਜਾਮ, ਸੀਸੀਟੀਵੀ ਕੈਮਰਿਆਂ ਦੀ ਕਮੀ, ਕਿਰਾਏਦਾਰਾਂ ਦੀ ਵੈਰੀਫਿਕੇਸ਼ਨ, ਸਟਰੀਟ ਕਰਾਈਮ ’ਚ ਵਾਧਾ, ਸ਼ਹਿਰੀ ਹੱਦਾਂ ਵਿੱਚ ਚੱਲ ਰਹੇ ਵੱਡੇ ਵਾਹਨ ਅਤੇ ਨਾਜਾਇਜ਼ ਕਬਜ਼ਿਆਂ ਸਮੇਤ ਕਈ ਗੰਭੀਰ ਮੁੱਦਿਆਂ ’ਤੇ ਚਿੰਤਾ ਪ੍ਰਗਟਾਈ। ਡੀਜੀਪੀ ਨੇ ਉਕਤ ਸਮੱਸਿਆਵਾਂ ਨੂੰ ਜਾਇਜ਼ ਮੰਨਦੇ ਹੋਏ ਮੌਕੇ ’ਤੇ ਹੀ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਲਈ ਰੂਟ/ਵੀਆਈਪੀ ਸੁਰੱਖਿਆ ਲਈ ਵਾਧੂ ਬਲਾਂ ਦੀ ਤਾਇਨਾਤੀ, ਅਪਰਾਧਾਂ ਦੇ ਹੌਟਸਪੌਟਸ ਦੇ ਅਸਥਾਈ ਅਤੇ ਸਥਾਨਕ ਵਿਸ਼ਲੇਸ਼ਣ ਦੇ ਅਧਾਰ ’ਤੇ ਪੁਲੀਸ ਨਫ਼ਰੀ ਵਿੱਚ ਵਾਧਾ, ਚੌਕੀਦਾਰਾਂ ਅਤੇ ਸੁਰੱਖਿਆ ਗਾਰਡਾਂ ਦੇ ਤਾਲਮੇਲ ਨਾਲ ਬੀਟ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦਾ ਭਰੋਸਾ ਦਿੱਤਾ। ਇਸ ਤਰ੍ਹਾਂ ਮੁਹਾਲੀ ਵਿੱਚ 200 ਹੋਰ ਮੁਲਾਜ਼ਮਾਂ ਦਾ ਵਾਧਾ ਵੀ ਕੀਤਾ ਗਿਆ।