For the best experience, open
https://m.punjabitribuneonline.com
on your mobile browser.
Advertisement

ਫੌਜੀ ਬਣਨ ਦੀ ਚਾਹ ਨੇ ਪੰਜਾਬ ਦੇ ਤੇਜਪਾਲ ਨੂੰ ਪਾਇਆ ਰੂਸ-ਯੂਕਰੇਨ ਜੰਗ ਦੇ ਰਾਹ

07:12 AM Jun 23, 2024 IST
ਫੌਜੀ ਬਣਨ ਦੀ ਚਾਹ ਨੇ ਪੰਜਾਬ ਦੇ ਤੇਜਪਾਲ ਨੂੰ ਪਾਇਆ ਰੂਸ ਯੂਕਰੇਨ ਜੰਗ ਦੇ ਰਾਹ
ਤੇਜਪਾਲ ਿਸੰਘ ਦੀ ਪੁਰਾਣੀ ਤਸਵੀਰ।
Advertisement

ਨੀਰਜ ਬੱਗਾ
ਅੰਮ੍ਰਿਤਸਰ, 22 ਜੂਨ
ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਤੇਜਪਾਲ ਸਿੰਘ ਦੀ ਜਦੋਂ ਇਹ ਇੱਛਾ ਪੂਰੀ ਨਹੀਂ ਹੋਈ ਤਾਂ ਉਹ ਰੂਸ ਦੀ ਫੌਜ ਵਿਚ ਭਰਤੀ ਹੋ ਗਿਆ ਜਿਸ ਦੀ ਯੂਕਰੇਨ ਨਾਲ ਜੰਗ ਵਿਚ ਲੜਦਿਆਂ ਮੌਤ ਹੋ ਗਈ। ਤੇਜਪਾਲ ਨੇ ਮਰਨ ਤੋਂ ਨੌਂ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਹ ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਨਾਲ ਗੱਲ ਨਹੀਂ ਕਰ ਸਕੇਗਾ ਕਿਉਂਕਿ ਉਹ ਜੰਗ ਦੇ ਮੋਰਚੇ ’ਤੇ ਜਾ ਰਿਹਾ ਹੈ।
ਤੇਜਪਾਲ ਸਿੰਘ ਇਸ ਸਾਲ 12 ਮਾਰਚ ਨੂੰ ਕਿਸੇ ਹੋਰ ਦੇਸ਼ ਲਈ ਲੜਦਾ ਹੋਇਆ ਮਾਰਿਆ ਗਿਆ ਜਿਸ ਨੇ ਫੌਜੀ ਵਰਦੀ ਪਾਈ ਹੋਈ ਸੀ। ਉਸ ਦੀ ਨੌਜਵਾਨ ਪਤਨੀ ਪਰਮਿੰਦਰ ਕੌਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੇਜਪਾਲ ਨੂੰ ਫੌਜੀ ਵਰਦੀ ਬਹੁਤ ਪਸੰਦ ਸੀ ਤੇ ਉਹ ਭਾਰਤੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ ਪਰ ਫੌਜ ਨੇ ਉਸ ਨੂੰ ਦੋ ਵਾਰ ਨਕਾਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਇਕ ਵਾਰ ਪੰਜਾਬ ਪੁਲੀਸ ਵਿਚ ਵੀ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਨੌਕਰੀ ਨਾ ਮਿਲਣ ’ਤੇ ਤੇਜਪਾਲ ਨਿਰਾਸ਼ ਰਹਿੰਦਾ ਸੀ। ਉਹ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਛੇ ਸਾਲ ਦਾ ਲੜਕਾ ਅਤੇ ਤਿੰਨ ਸਾਲ ਦੀ ਲੜਕੀ ਹੈ। ਉਸ ਦੇ ਮਾਪੇ ਅੰਮ੍ਰਿਤਸਰ ਦੇ ਪਾਲਮ ਵਿਹਾਰ ਵਿੱਚ ਆਪਣੇ ਛੋਟੇ ਜਿਹੇ ਘਰ ਵਿਚ ਦੁਕਾਨ ਚਲਾਉਂਦੇ ਹਨ। ਤੇਜਪਾਲ ਦੋ ਵਾਰ ਸਟੱਡੀ ਵੀਜ਼ੇ ’ਤੇ ਸਾਈਪ੍ਰਸ ਗਿਆ ਸੀ ਪਰ ਉੱਥੇ ਵਸ ਨਾ ਸਕਿਆ।
ਤੇਜਪਾਲ ਦੇ ਇਕ ਦੋਸਤ ਨੇ ਦੱਸਿਆ ਕਿ ਤੇਜਪਾਲ ਨੂੰ ਛੇ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਕਿ ਰੂਸੀ ਫੌਜ ਵਲੋਂ ਤਕੜੇ ਜੁੱਸੇ ਵਾਲੇ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਕਿ ਯੂਕਰੇਨ ਖ਼ਿਲਾਫ਼ ਜੰਗ ਜਾਰੀ ਰੱਖੀ ਜਾ ਸਕੇ। ਉਸ ਨੇ ਰੂਸੀ ਫੌਜ ਵਿੱਚ ਭਰਤੀ ਲਈ ਦਰਖ਼ਾਸਤ ਦਿੱਤੀ ਪਰ ਇਸ ਬਾਰੇ ਆਪਣੇ ਮਾਪਿਆਂ ਤੇ ਪਤਨੀ ਨੂੰ ਨਹੀਂ ਦੱਸਿਆ। ਉਸ ਦੀ ਪਤਨੀ ਪਰਮਿੰਦਰ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਤੇਜਪਾਲ ਨੇ ਕਦੋਂ ਫੌਜ ਵਿਚ ਦਰਖ਼ਾਸਤ ਦਿੱਤੀ ਪਰ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਸ ਨੂੰ ਈ-ਵੀਜ਼ਾ ਮਿਲ ਗਿਆ ਹੈ। ਇਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹ ਰੂਸੀ ਫੌਜ ਵਿਚ ਭਰਤੀ ਹੋਣ ਜਾ ਰਿਹਾ ਹੈ ਤਾਂ ਪਰਿਵਾਰ ਨੇ ਭਾਰੀ ਵਿਰੋਧ ਕੀਤਾ ਪਰ ਤੇਜਪਾਲ ਨੇ ਪਰਿਵਾਰ ਦੀ ਇਕ ਨਾ ਸੁਣੀ। ਪਰਮਿੰਦਰ ਨੇ ਦੱਸਿਆ ਕਿ ਤੇਜਪਾਲ ਰੂਸ ਜਾਣ ਬਾਰੇ ਦੱਸਣਾ ਨਹੀਂ ਚਾਹੁੰਦਾ ਸੀ, ਇਸ ਕਰ ਕੇ ਉਹ ਪਹਿਲਾਂ ਬੈਂਕਾਕ ਗਿਆ ਜਿੱਥੇ ਉਹ 22 ਦਿਨ ਰਿਹਾ। ਤੇਜਪਾਲ ਦੇ ਬੈਂਕਾਕ ਤੋਂ ਮਾਸਕੋ ਜਾਣ ਲਈ ਹਵਾਈ ਉਡਾਣ 72 ਹਜ਼ਾਰ ਰੁਪਏ ਵਿਚ ਉਸ (ਪਰਮਿੰਦਰ) ਨੇ ਹੀ ਬੁੱਕ ਕਰਵਾਈ ਸੀ। ਤੇਜਪਾਲ ਨੂੰ ਮਾਸਕੋ ਪੁੱਜਣ ਤੋਂ ਬਾਅਦ ਸਖਤ ਫੌਜੀ ਸਿਖਲਾਈ ਵਿਚੋਂ ਲੰਘਣਾ ਪਿਆ ਤੇ ਉਸ ਨੂੰ ਭਾਸ਼ਾ ਸਿੱਖਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਤੇਜਪਾਲ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਰੂਸੀ ਫੌਜ ਵਿਚ ਭਰਤੀ ਹੋ ਗਿਆ ਹੈ ਤੇ ਉਸ ਦੇ ਅੱਠ ਹਫਤੇ ਬਾਅਦ ਉਸ ਦੀ ਮੌਤ ਦੀ ਖਬਰ ਮਿਲੀ। ਪਰਮਿੰਦਰ ਨੇ ਦੱਸਿਆ ਕਿ ਤੇਜਪਾਲ ਰੂਸੀ ਫੌਜ ਦਾ ਹਿੱਸਾ ਸੀ ਪਰ ਉਸ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੋਈ ਮੁਆਵਜ਼ਾ ਮਿਲੇਗਾ ਵੀ ਕਿ ਨਹੀਂ। ਉਨ੍ਹਾਂ ਨੂੰ ਤਾਂ ਤੇਜਪਾਲ ਦੀਆਂ ਅਸਥੀਆਂ ਤਕ ਨਹੀਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਤੇਜਪਾਲ ਨਾਲ ਰੂਸੀ ਫੌਜ ਵਿਚ ਭਰਤੀ ਹੋਏ ਉਸ ਦੇ ਦੋਸਤ ਹੁਣ ਦੇਸ਼ ਪਰਤਣਾ ਚਾਹੁੰਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×