ਵਿਦੇਸ਼ ਦਾ ਚਾਅ ਤੇ ਸੱਚ
ਪਰਵਾਸ ਦੀ ਅਭੁੱਲ ਯਾਦ
ਬਲਵਿੰਦਰ ਸਿੰਘ ਰੋਡੇ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪੈਰ ਧਰਿਆਂ ਨੂੰ ਪੂਰੇ ਦੋ ਮਹੀਨੇ ਬੀਤ ਚੁੱਕੇ ਹਨ। ਕੈਨੇਡਾ ਦੇਸ਼ ਦੀ ਖੂਬਸੂਰਤੀ ਬਾਰੇ ਜਿੰਨਾ ਸੁਣਿਆ ਸੀ, ਇਹ ਉਸ ਤੋਂ ਕਿਤੇ ਜ਼ਿਆਦਾ ਖੂਬਸੂਰਤ ਨਜ਼ਰ ਆਇਆ। ਸ਼ਾਇਦ ਇਸ ਖੂਬਸੂਰਤੀ ਵਿੱਚ ਸੁਹਾਵਣੇ ਮੌਸਮ ਦਾ ਵੀ ਯੋਗਦਾਨ ਸੀ।
ਇਸ ਦੇਸ਼ ਦੀਆਂ ਖੁੱਲ੍ਹੀਆਂ ਚੌੜੀਆਂ ਸੜਕਾਂ, ਵੱਡੇ ਵੱਡੇ ਸ਼ਾਪਿੰਗ ਮਾਲ, ਸੜਕਾਂ ਅਤੇ ਭੀੜ ਭਰੀਆਂ ਥਾਂਵਾਂ ’ਤੇ ਤੁਰਨ ਦਾ ਅਨੁਸ਼ਾਸਨ, ਲਗਪਗ ਸੌ ਏਕੜ ਵਿੱਚ ਫੈਲਿਆ ਹੋਇਆ ਚਿੰਙਕੂਜੀ ਪਾਰਕ, ਜਿਸ ਵਿੱਚ ਸੈਰ ਕਰਨ ਲਈ ਬਣੇ ਰਸਤੇ, ਕਸਰਤ ਕਰਨ ਲਈ ਓਪਨ ਜਿਮ, ਵੱਖ ਵੱਖ ਖੇਡਾਂ ਵਾਲੀਬਾਲ, ਸਕੇਟਿੰਗ, ਟੈਨਿਸ, ਬੈਡਮਿੰਟਨ ਆਦਿ ਲਈ ਗਾਰਊਂਡ, ਦੌੜਨ ਲਈ ਆਧੁਨਿਕ ਟਰੈਕ, ਬੱਚਿਆਂ ਦ ਮਨੋਰੰਜਨ ਕਰਨ ਲਈ ਝੂਲੇ ਅਤੇ ਫੁਹਾਰੇ, ਪ੍ਰੇਮੀ ਜੋੜਿਆਂ ਦੇ ਬੈਠਣ ਲਈ ਵੱਖ ਵੱਖ ਰੰਗਾਂ ਦੇ ਫੁੱਲਾਂ ਨਾਲ ਭਰੇ ਹੋਏ ਵਿਸ਼ੇਸ਼ ਜ਼ੋਨ ਵੱਖ ਵੱਖ ਭਾਈਚਾਰਿਆਂ ਵੱਲੋਂ ਮਿੰਨੀ ਮੇਲ ਨੁਮਾ ਇਕੱਠ, ਸਾਫ਼ ਸੁਥਰੇ ਬਾਥਰੂਮ, ਲਾਇਬ੍ਰੇਰੀ, ਗੱਡੀਆਂ ਖੜ੍ਹੀਆਂ ਕਰਨ ਲਈ ਸਪੈਸ਼ਲ ਖੁੱਲ੍ਹੀਆਂ ਥਾਵਾਂ, ਹਰ ਪਾਸੇ ਹਰਿਆਵਲ ਹੀ ਹਰਿਆਵਲ, ਗੱਲ ਕੀ ਦੋ ਮਹੀਨੇ ਤੁਰਿਆ ਫਿਰਦਿਆਂ, ਵੱਖ ਵੱਖ ਥਾਂਵਾਂ ਘੁੰਮਦਿਆਂ ਦੇਖਦਿਆਂ ਐਨੇ ਆਨੰਦਦਾਇਕ ਅਤੇ ਖੁਸ਼ੀਆਂ ਭਰੇ ਪਲ ਇੰਝ ਗੁਜ਼ਰ ਗਏ, ਜਿਵੇਂ ਹੁਸੀਨ ਸੁਪਨਿਆਂ ਦਾ ਆਨੰਦ ਲੈਂਦੀ ਰਾਤ ਗੁਜ਼ਰੀ ਹੋਵੇ।
ਇਸ ਅਨੋਖੀ ਭੱਜ-ਦੌੜ ਨੂੰ ਹੁਣ ਜਦੋਂ ਥੋੜ੍ਹਾ ਵਿਰਾਮ ਲੱਗ ਚੁੱਕਾ ਹੈ ਤਾਂ ਕਾਫ਼ੀ ਨਵੇਂ ਨਵੇਂ ਖ਼ਿਆਲ ਦਿਮਾਗ਼ ਵਿੱਚ ਦੌੜਨ ਲੱਗ ਪਏ ਹਨ। ਉੱਥੋਂ ਦੀਆਂ ਨਵੀਂ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਰੇ ਭਰਮ ਭੁਲੇਖੇ ਦੂਰੇ ਹੁੰਦੇ ਨਜ਼ਰ ਆ ਰਹੇ ਹਨ। ਕੈਨੇਡਾ ਦੇਸ਼ ਦੀ ਤਰੱਕੀ ਕਰਨ ਕਰਾਉਣ ਵਿੱਚ ਸਾਡੇ ਅੱਲ੍ਹੜ, ਅਣਜਾਣ ਅਤੇ ਮਾਸੂਮ ਬੱਚਿਆਂ ਦਾ ਵਹਿ ਰਿਹਾ ਪਸੀਨਾ ਸਾਫ਼ ਸਪੱਸ਼ਟ ਦਿਖਾਈ ਦੇ ਰਿਹਾ ਹੈ। ਮਾਮੂਲੀ ਮਿਹਨਤਾਨੇ ’ਤੇ ਛੋਟੇ-ਛੋਟੇ ਕੰਮ ਕਰਨ ਲਈ ਮਜਬੂਰ, ਇਨ੍ਹਾਂ ਟਾਈਮ ਤੇ ਬੇਟਾਈਮ, ਦਿਨ-ਰਾਤ ਮਿਹਨਤ ਕਰਨ ਵਾਲੇ ਬੱਚਿਆਂ ਦਾ ਆਪਣਾ ਭਵਿੱਖ ਤਾਂ ਪਤਾ ਨਹੀਂ ਕਿ ਕਦੇ ਰੋਸ਼ਨ ਹੋਵੇਗਾ, ਪਰ ਇਹ ਆਪਣੇ ਮਾਪਿਆਂ ਦੇ ਵਰਤਮਾਨ ਨੂੰ ਹਨੇਰ ਵਿੱਚ ਜ਼ਰੂਰ ਪਾ ਆਉਂਦੇ ਹਨ। ਆਪਣੇ ਮਾਪਿਆਂ ਦੀਆਂ ਜੇਬਾਂ ਖਾਲੀ ਕਰ ਆਉਂਦੇ ਹਨ ਅਤੇ ਵਿਹੜਾ ਸੁੰਨਾ ਕਰ ਆਉਂਦੇ ਹਨ ਤੇ ਆਖੀਰ ਮਾਪੇ ਵੀ ਸਾਰੀ ਜ਼ਿੰਦਗੀ ਦੀ ਘਾਲਣਾ ਘਾਲ ਕੇ ਬਣਾਈ ਚਾਰ-ਪੰਜ ਕਮਰਿਆਂ ਵਾਲੀ ਅਤੇ ਤਿੰਨ-ਚਾਰ ਬਾਥਰੂਮਾਂ ਵਾਲੀ ਕੋਠੀ ਅਤੇ ਖੁੱਲ੍ਹੇ-ਡੁੱਲ੍ਹੇ ਵਿਹੜੇ ਨੂੰ ਤਿਆਗ ਕੇ, ਜ਼ਿੰਦਾ ਕੁੰਡਾ ਮਾਰ ਕੇ ਭਰੇ ਮਨ ਨਾਲ ਬੱਚਿਆਂ ਕੋਲ ਪਹੁੰਚਣ ਲਈ ਮਜਬੂਰ ਹੋ ਜਾਂਦੇ ਹਨ। ਇੱਥੇ ਧਰਤੀ ਦੇ ਆਮ ਪੱਧਰ ਤੋਂ 9-10 ਫੁੱਟ ਨੀਵੇਂ (ਡੂੰਘੇ) ਇੱਕ ਕਮਰੇ (30x20) ਵਾਲੇ ‘ਘਰ’ (ਭੋਰਾ, ਬੇਸਮੈਂਟ) ਵਿੱਚ ਰਹਿ ਰਹੇ ਆਪਣੇ ਪੁੱਤਰ ਜਾਂ ਧੀ ਕੋਲ ਮਾਪੇ ਆ ਵਾਸ ਕਰਦੇ ਹਨ। ਇਸ ਇੱਕ ਕਮਰੇ ਵਾਲੇ ਘਰ ਵਿੱਚ ਛੱਡੇ ਗਏ ਝਰੋਖਿਆਂ ਵਿੱਚੋਂ ਆਕਾਸ਼ ਤਾਂ ਦਿਖਾਈ ਦਿੰਦਾ ਹੈ, ਪਰ ਧਰਤੀ ਦਿਖਾਈ ਨਹੀਂ ਦਿੰਦੀ।
ਅੱਜ ਮੈਨੂੰ ਇਹ ਸਭ ਸੋਚਣ ਬੈਠੇ ਨੂੰ 45-50 ਸਾਲ ਪਹਿਲਾਂ ਦਾ ਸਮਾਂ ਯਾਦ ਆ ਗਿਆ, ਜਦੋਂ ਕਦੇ ਅਸੀਂ ਆਪਣੇ ਘਰਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਵਿਹੜਿਆਂ ਵਿੱਚ ਦਿਹਾੜੀ ਕਰਨ ਲਈ ਕਹਿਣ ਜਾਣਾ ਤਾਂ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮੰਜ਼ਰ ਨਜ਼ਰ ਪੈਣਾ। ਉਨ੍ਹਾਂ ਦੇ ਇੱਕੋ ਇੱਕ ਖਸਤਾ ਹਾਲਤ ਵਾਲੇ ਕੱਚੇ ਕਮਰੇ (ਘਰ) ਵਿੱਚ ਇੱਕ ਪਾਸੇ ਦੋ ਮੰਜੇ ਡੱਠੇ ਹੁੰਦੇ ਸਨ ਅਤੇ ਦੂਜੇ ਹੱਥ ਲਿਸੜੂ ਜਿਹੀ ਮੱਝ ਜਾਂ ਗਊ ਬੱਝੀ ਹੁੰਦੀ ਸੀ। ਉਨ੍ਹਾਂ ਦੇ ਨਹਾਉਣ-ਧੋਣ ਲਈ ਬਾਥਰੂਮ ਧਰਮਸ਼ਾਲਾ ਵਿੱਚ ਲੱਗਾ ਇੱਕ ਸਾਂਝਾ ਨਲਕਾ ਹੁੰਦਾ ਸੀ।
ਸਾਡੇ ਕੈਨੇਡਾ ਆਏ ਮਾਸਟਰ ਡਿਗਰੀਆਂ ਪਾਸ ਬੱਚਿਆਂ ਨੇ ਕੋਈ ਕੱਟੀ-ਵੱਛੀ ਤਾਂ ਨਹੀਂ ਰੱਖੀ ਹੋਈ, ਪਰ ਉਨ੍ਹਾਂ ਦੇ ਇੱਕ ਕਮਰੇ ਵਾਲੇ ‘ਘਰ’ ਵਿੱਚ ਇੱਕ ਪਾਸੇ ਛੋਟੀ ਜਿਹੀ ਇੱਕ ਸੈਲਫ ਵਾਲੀ ਰਸੋਈ, ਵਿਚਕਾਰ ਇਕਲੌਤਾ ਬੈੱਡ ਅਤੇ ਦੂਜੇ ਹੱਥ ਬਾਥਰੂਮ ਅਤੇ ਕੱਪੜੇ ਧੋਣ ਅਤੇ ਸਕਾਉਣ ਵਾਲੀ ਮਸ਼ੀਨ ਫਿੱਟ ਕੀਤੀ ਹੋਈ ਹੈ। ਇਸੇ ਕਮਰੇ ਵਿੱਚ ਮਕਾਨ ਮਾਲਕ ਵੱਲੋਂ ਮਕਾਨ ਨੂੰ ਗਰਮ ਤੇ ਠੰਢਾ ਕਰਨ ਵਾਲਾ ਯੰਤਰ (ਮਸ਼ੀਨ) ਵੀ ਫਿੱਟ ਕੀਤਾ ਹੋਇਆ ਹੈ। ਜਦੋਂ ਕਿ ਉਨ੍ਹਾਂ ਨੂੰ ਆਪਣੇ ਪੰਜਾਬ ਵਿੱਚ ਘਰਾਂ ਵਿੱਚ ਕਿਧਰੇ ਵੱਧ ਸੁੱਖ ਸਹੂਲਤਾਂ ਮਿਲਦੀਆਂ ਹਨ, ਪਰ ਫਿਰ ਵੀ ਉਹ ਹਾਲਾਤ ਦੇ ਸਤਾਏ ਹੋਏ ਸਮੁੰਦਰੋਂ ਪਾਰ ਜਾ ਕੇ ਅਜਿਹੀ ਸਥਿਤੀ ਵਿੱਚ ਰਹਿਣ ਲਈ ਮਜਬੂਰ ਹਨ।
ਅੱਜ ਜਦੋਂ ਪਾਰਕ ਵਿੱਚ ਹਰ ਰੋਜ਼ ਮਿਲਦੇ ਇੱਕ ਮਿੱਤਰ ਨਾਲ ਇਹ ਗੱਲਾਂ ਬਾਤਾਂ ਕੀਤੀਆਂ, ਦੁੱਖ-ਸੁੱਖ ਸਾਂਝੇ ਕੀਤੇ ਤਾਂ ਉਸ ਨੇ ਦੱਸਿਆ ਕਿ ਟਰੱਕ ਦੀ ਡਰਾਈਵਰੀ ਕਰਦੇ ਪੁੱਤਰ ਵਾਸਤੇ ਚਾਰ-ਪੰਜ ਦਿਨਾਂ ਲਈ ਇਕੱਠਾ ਖਾਣਾ-ਦਾਣਾ ਪੈਕ ਕਰਕੇ ਹੁਣੇ ਹੁਣੇ ਉਸ ਨੂੰ ਤੋਰ ਕੇ ਆਇਆ ਹਾਂ। ਜੋ ਹੁਣ ਗੇੜਾ ਲਾ ਕੇ ਚਾਰ-ਪੰਜ ਦਿਨਾਂ ਬਾਅਦ ਅਮਰੀਕਾ ਤੋਂ ਵਾਪਸ ਆਵੇਗਾ। ਮੈਂ ਉਸ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਮਸਾਂ ਮਸਾਂ ਆਪਣੀ ਭਾਵੁਕਤਾ ਨੂੰ ਰੋਕ ਪਾਇਆ। ਹੁਣ ਇਸ ਕੌੜੀ ਸਚਾਈ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਲੱਗੇ ਦਾ ਗੱਚ ਰਚ ਆਇਆ ਹੈ। ਸਾਡੇ ਬੱਚਿਆਂ ਦੀ ਇਹ ਕੇਹੀ ਹੋਣੀ ਹੈ।
ਮਾਪਿਆਂ ਦੀ ਜ਼ਿੰਦਗੀ ਭਰ ਦੀ ਕਮਾਈ ਨਾਲ ਬਣਾਏ ਆਪਣੇ ਮਕਾਨਾਂ ਵਿੱਚ ਆਰਾਮਦਾਰੀ ਨਾਲ ਰਹਿਣਾ ਸਾਡੇ ਬੱਚਿਆਂ ਦੇ ਨਸੀਬ ਵਿੱਚ ਨਹੀਂ ਲਿਖਿਆ ਹੋਇਆ। ਆਪਣੀ ਮਾਂ, ਪਤਨੀ ਜਾਂ ਭੈਣ ਦੇ ਹੱਥਾਂ ਦੀ ਤਾਜ਼ੀ ਪੱਕੀ ਹੋਈ ਗਰਮ ਰੋਟੀ ਖਾਣੀ ਹੁਣ ਬੱਚਿਆਂ ਦਾ ਸੁਪਨਾ ਬਣ ਕੇ ਰਹਿ ਗਈ ਹੈ। ਅਸੀਂ ਹੱਥ ’ਚ ਫੜੀ ਹੋਈ ਨੂੰ ਛੱਡ ਕੇ ਦਰੱਖਤ ਨੂੰ ਲੱਗੀ ਹੋਈ ਨੂੰ ਫੜਨ ਦੀ ਦੌੜ ਵਿੱਚ ਵਿਅਸਤ ਹੋ ਗਏ ਹਾਂ। ਅੱਜ ਦੇਸ਼ ਦੇ ਹਾਕਮਾਂ ’ਤੇ ਬਾਰ ਬਾਰ ਗੁੱਸਾ ਆ ਰਿਹਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਸਿਸਟਮ ਨੂੰ ਅਜਿਹੇ ਨੀਵੀਂ ਪੱਧਰ ’ਤੇ ਲਿਆ ਖੜ੍ਹਾ ਕੀਤਾ ਹੈ ਕਿ ਸਾਡੇ ਉੱਚ ਵਿੱਦਿਆ ਪ੍ਰਾਪਤ ਬੱਚੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਯਥਾਯੋਗ ਯਾਦਗਾਰੀ ਹਿੱਸਾ ਪਾਉਣ ਦੀ ਬਜਾਏ, ਵਿਦੇਸ਼ਾਂ ਵੱਲ ਤੁਰ ਕੇ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ।