ਡੇਰਾ ਬਿਆਸ ਮੁਖੀ ਨੇ ਜਸਦੀਪ ਸਿੰਘ ਗਿੱਲ ਨੂੰ ਜਾਨਸ਼ੀਨ ਐਲਾਨਿਆ
ਰਈਆ (ਦਵਿੰਦਰ ਸਿੰਘ ਭੰਗੂ):
ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਐਲਾਨ ਦਿੱਤਾ ਹੈ। ਡੇਰਾ ਮੁਖੀ ਨੇ ਪਹਿਲਾਂ ਗਿੱਲ ਨੂੰ ਅੱਜ ਤੋਂ ਹੀ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਸਨ ਪਰ ਡੇਰੇ ਦੀ ਸੰਗਤ ਦੇ ਵਿਰੋਧ ਮਗਰੋਂ ਇਹ ਫੈਸਲਾ ਹੋਇਆ ਕਿ ਜਿੰਨਾ ਚਿਰ ਬਾਬਾ ਗੁਰਿੰਦਰ ਸਿੰਘ ਜੀ ਹਨ, ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਨਾਲ ਬੈਠਣਗੇ ਤੇ ਸਹਾਇਕ ਵਜੋਂ ਕੰਮ ਕਰਨਗੇ। ਜਾਨਸ਼ੀਨ ਐਲਾਨੇ ਜਸਦੀਪ ਸਿੰਘ ਗਿੱਲ ਮੁੰਬਈ ਨਾਲ ਸਬੰਧਤ ਹਨ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦੂਰ ਦੀ ਰਿਸ਼ਤੇਦਾਰੀ ’ਚੋਂ ਹਨ। ਇਨ੍ਹਾਂ ਦਾ ਪਰਿਵਾਰ ਇਸ ਸਮੇਂ ਡੇਰਾ ਬਿਆਸ ਵਿਚ ਹੀ ਰਹਿ ਰਿਹਾ ਹੈ। ਉਨ੍ਹਾਂ ਦਵਾਈਆਂ ਦੀ ਮਸ਼ਹੂਰ ਕੰਪਨੀ ਸਿਪਲਾ ਲਿਮਟਿਡ ਵਿਚ ਉੱਚ ਅਹੁਦੇ ’ਤੇ ਕੰਮ ਕੀਤਾ ਹੈ। ਉਨ੍ਹਾਂ ਪੀਐੱਚਡੀ ਕੈਂਬਰਿਜ ਤੋਂ ਅਤੇ ਮਾਸਟਰਜ਼ ਡਿਗਰੀ ਐੱਮਆਈਟੀ ਦਿੱਲੀ ਤੋਂ ਕੀਤੀ ਹੈ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਟਰੱਸਟ ਦੇ ਸੈਕਟਰੀ ਦਵਿੰਦਰ ਕੁਮਾਰ ਸੀਕਰੀ ਨੇ ਬਿਆਨ ਵਿਚ ਕਿਹਾ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਨਿਯੁਕਤ ਕੀਤਾ ਹੈ। ਬਾਬਾ ਗੁਰਿੰਦਰ ਸਿੰਘ ਦੇ ਰਹਿਣ ਤੱਕ ਜਸਵਿੰਦਰ ਸਿੰਘ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਨਗੇ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਸਦੀਪ ਸਿੰਘ ਗਿੱਲ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਲੰਮੇ ਸਮੇਂ ਤੋ ਕੈਂਸਰ ਤੋਂ ਪੀੜਤ ਹਨ ਅਤੇ ਦਿਲ ਦੇ ਵੀ ਮਰੀਜ਼ ਹਨ। ਦੂਸਰੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਡੇਰੇ ਅੰਦਰ ਕਥਿਤ ਦੋ ਧੜੇ ਚੱਲ ਰਹੇ ਸਨ, ਜਿਨ੍ਹਾਂ ਕਾਰਨ ਉਹ ਦੁਖੀ ਸਨ ਅਤੇ ਡੇਰੇ ਅੰਦਰ ਚੱਲ ਰਹੇ ਕਥਿਤ ਵਿਵਾਦਾਂ ਕਾਰਨ ਉਨ੍ਹਾਂ ਵੱਲੋਂ ਅਚਾਨਕ ਇਹ ਕਦਮ ਚੁੱਕਿਆ ਗਿਆ ਹੈ।