ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੀ ਝਾੜ-ਝੰਬ
ਭਗਵਾਨ ਦਾਸ ਗਰਗ
ਨਥਾਣਾ, 10 ਅਕਤੂਬਰ
ਨਥਾਣਾ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਗੂਆਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵਿਚਕਾਰ ਅੱਜ ਹੋਈ ਮੀਟਿੰਗ ਤੇ ਯੂਨੀਅਨ ਆਗੂਆਂ ਨੇ ਮੀਟਿੰਗ ਮਗਰੋਂ ਤਸੱਲੀ ਦਾ ਪ੍ਰਗਟਾਵਾ ਕੀਤਾ। ਆਗੂਆਂ ਦੇ 10 ਮੈਂਬਰੀ ਵਫ਼ਦ ਨੂੰ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਨਥਾਣਾ ਦੇ ਛੱਪੜਾਂ ’ਚੋਂ ਗਾਰ ਕੱਢ ਕੇ ਡੂੰਘਾ ਕਰਨ ਲਈ ਆਉਂਦੇ ਦੋ ਦਿਨਾਂ ਬਾਅਦ ਪੋਕਲੇਨ ਮਸ਼ੀਨ ਲਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਪੋਕਲੇਨ ਮਸ਼ੀਨ ਦਾ ਕਿਰਾਇਆ ਦੋ ਲੱਖ ਰੁਪਏ ਪ੍ਰਤੀ ਮਹੀਨਾ ਹੈ ਜੋ ਪ੍ਰਸ਼ਾਸਨ ਵੱਲੋਂ ਅਦਾ ਕੀਤਾ ਜਾਵੇਗਾ ਅਤੇ ਨਗਰ ਦੇ ਸਾਰੇ ਛੱਪੜ ਡੂੰਘੇ ਕਰਨ ਦਾ ਕੰਮ ਮੁਕੰਮਲ ਹੋਣ ਤੱਕ ਇਹ ਮਸ਼ੀਨ ਨਥਾਣਾ ਵਿੱਚ ਕੰਮ ਕਰਦੀ ਰਹੇਗੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਨਥਾਣਾ ਦੇ ਈਓ ਤਰੁਣ ਕੁਮਾਰ ਅਤੇ ਜੇਈ ਗੁਰਬਖਸ਼ੀਸ ਸਿੰਘ ਦੀ ਇਸ ਗੱਲੋਂ ਝਾੜਝੰਬ ਕੀਤੀ ਕਿ ਤਕਰੀਬਨ ਇੱਕ ਮਹੀਨੇ ਤੋਂ ਧਰਨਾ ਦੇ ਰਹੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਡੀਸੀ ਨੇ ਕਿਹਾ ਕਿ ਲੋਕਾਂ ਦੀ ਸਾਂਝੀ ਅਤੇ ਬੁਨਿਆਦੀ ਸਮੱਸਿਆ ਹੱਲ ਨਾ ਕਰਨ ਬਦਲੇ ਅਜਿਹੇ ਲਾਪਰਵਾਹ ਅਫ਼ਸਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਐੱਸਡੀਐੱਮ ਬਠਿੰਡਾ ਬਲਕਰਨ ਸਿੰਘ ਨੇ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਵਾਸਤੇ ਟੈਂਡਰ ਲਾਏ ਜਾਣ ਦਾ ਵੀ ਭਰੋਸਾ ਦਿੱਤਾ।
ਨਥਾਣਾ ਵਿੱਚ ਲੋਕਾਂ ਦਾ ਸੰਘਰਸ਼ 28ਵੇਂ ਦਿਨ ਵੀ ਰਿਹਾ ਜਾਰੀ
ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਥਾਣਾ ਵਿੱਚ ਲਾਇਆ ਪੱਕਾ ਮੋਰਚਾ ਬੀਤੇ 28 ਦਿਨਾਂ ਤੋਂ ਜਾਰੀ ਹੈ। ਡੀਸੀ ਦੀ ਮੀਟਿੰਗ ਖਤਮ ਹੋਣ ਮਗਰੋਂ ਪਰਤੇ ਕਿਸਾਨ ਆਗੂਆਂ ਇਥੇ ਧਰਨਾਕਾਰੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕਰਕੇ ਜਾਣਕਾਰੀ ਦਿੱਤੀ। ਕਿਸਾਨ ਆਗੂਆਂ ਬਸੰਤ ਸਿੰਘ ਕੋਠਾਗੁਰੂ, ਜਸਵੀਰ ਸਿੰਘ, ਰਾਮਰਤਨ ਸਿੰਘ, ਜਸਵੰਤ ਸਿੰਘ ਗੋਰਾ ਅਤੇ ਲਖਵੀਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਮੀਟਿੰਗ ਸਮੱਸਿਆ ਦੇ ਹੱਲ ਵਾਸਤੇ ਸਹੀ ਦਿਸ਼ਾ ਵੱਲ ਚੁੱਕਿਆ ਕਦਮ ਹੈ। ਉਨ੍ਹਾਂ ਮੋਰਚੇ ਦੀ ਸਫ਼ਲਤਾ ਵਾਸਤੇ ਸੰਘਰਸ਼ ਖਾਤਰ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਉਹ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਹੋਣ ਤੱਕ ਸੰਘਰਸ਼ ’ਤੇ ਡਟੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਵਿਚ ਸ਼ਾਮਲ ਹੋਣ ਤਾਂ ਕਿ ਇਹ ਮਸਲਾ ਪ੍ਰਸ਼ਾਸਨ ਤੋਂ ਹੱਲ ਕਰਵਾਇਆ ਜਾ ਸਕੇ। ਜਾਣਕਾਰੀ ਅਨੁਸਾਰ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ।