ਯੁਵਕ ਸੇਵਾਵਾਂ ਵਿਭਾਗ ਨੇ ਬਿਨੈ ਪੱਤਰ ਮੰਗੇ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 1 ਨਵੰਬਰ
ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਆਪਣੇ ਨਾਲ ਐਫੀਲੀਏਟਿਡ ਕਲੱਬਾਂ ਤੋਂ ਪਿਛਲੇ ਦੋ ਸਾਲਾਂ ਦੌਰਾਨ ਆਪਣੇ ਪਿੰਡਾਂ/ਵਾਰਡਾਂ ਵਿੱਚ ਕੀਤੇ ਸਮਾਜ ਸੇਵੀ ਕੰਮਾਂ, ਨਸ਼ਿਆਂ ਅਤੇ ਸਮਾਜਿਕ ਅਲਾਮਤਾ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦੇ ਕਾਰਜ, ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਤੀਵਿਧੀਆਂ ਅਤੇ ਹੋਰ ਸਾਹਸੀ ਗਤੀਵਿਧੀਆਂ ਦੇ ਆਧਾਰ ’ਤੇ ਉਨ੍ਹਾਂ ਨੂੰ ਸਹਾਇਤਾ ਰਕਮ ਦੇਣ ਲਈ ਜ਼ਿਲ੍ਹੇ ਦੇ ਪੇਂਡੂ ਯੂਥ ਕਲੱਬਾਂ ਪਾਸੋਂ 5 ਨਵੰਬਰ ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਵਿਭਾਗ ਦੇ ਸਹਾਇਕ ਡਾਇਰੈਕਟਰ ਕੈਪਟਨ ਮਨਤੇਜ ਸਿੰਘ ਚੀਮਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਆਪਣੀਆਂ ਅਰਜ਼ੀਆਂ ਦੇ ਨਾਲ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਫੋਟੋਆਂ, ਅਖ਼ਬਾਰਾਂ ਦੀ ਕਟਿੰਗ ਅਤੇ ਹੋਰ ਪ੍ਰਮਾਣ-ਪੱਤਰਾਂ ਸਣੇ ਫਾਈਲ ਤਿਆਰ ਕਰ ਕੇ ਦਫ਼ਤਰ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਖੇਡ ਸਟੇਡੀਅਮ, ਮਾਧੋਪੁਰ ਵਿੱਚ ਨਿਸ਼ਚਿਤ ਮਿਤੀ ਤੱਕ ਜਮ੍ਹਾਂ ਕਰਵਾ ਸਕਦੇ ਹਨ। ਕੈਪਟਨ ਚੀਮਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਸਹਾਇਤਾ ਗ੍ਰਾਂਟ ਲਈ ਕਲੱਬ ਦੀ ਚੋਣ ਜ਼ਿਲ੍ਹਾ ਪੱਧਰੀ ਕਮੇਟੀ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾ ਲਾਭ ਪ੍ਰਾਪਤ ਕਰ ਚੁੱਕੇ ਕਲੱਬਾਂ ਨੂੰ ਨਹੀਂ ਵਿਚਾਰਿਆ ਜਾਵੇਗਾ ਸਿਰਫ਼ ਇਸ ਲਾਭ ਤੋਂ ਵਾਂਝੇ ਰਹਿ ਚੁੱਕੇ ਕਲੱਬਾਂ ਨੂੰ ਹੀ ਗ੍ਰਾਂਟ ਲਈ ਵਿਚਾਰਿਆ ਜਾਵੇਗਾ।