ਡਾਕ ਵਿਭਾਗ ਵੱਲੋਂ ‘ਰਾਸ਼ਟਰੀ ਡਾਕ ਹਫ਼ਤਾ’ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਇੱਥੇ ਅੱਜ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਚੀਫ ਪੋਸਟਮਾਸਟਰ ਵੀਕੇ ਗੁਪਤਾ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ 9 ਤੋਂ 13 ਅਕਤੂਬਰ ਤੱਕ ‘ਰਾਸ਼ਟਰੀ ਡਾਕ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਹ ਹਫ਼ਤਾ ਅੱਜ ਤੋਂ ‘ਵਿਸ਼ਵ ਡਾਕ ਦਵਿਸ’ ਨਾਲ ਸ਼ੁਰੂ ਹੋ ਗਿਆ ਹੈ ਜੋ ਕਿ ਯੂਨੀਵਰਸਲ ਪੋਸਟਲ ਯੂਨੀਅਨ ਦਾ ਸਥਾਪਨਾ ਦਵਿਸ (9 ਅਕਤੂਬਰ 1874) ਦੀ ਵਰ੍ਹੇਗੰਢ ਹੈ। ਇਸ ਵਾਰ ਵਿਸ਼ਵ ਡਾਕ ਦਵਿਸ ਦਾ ਥੀਮ ‘ਭਰੋਸੇ ਲਈ ਇਕੱਠੇ’ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਦਸ ਅਕਤੂਬਰ ਨੂੰ ‘ਵਿੱਤੀ ਸਸ਼ਕਤੀਕਰਨ ਦਵਿਸ’ ਵਜੋਂ ਮਨਾਇਆ ਜਾਵੇਗਾ। ਇਸ ਦਿਨ ਪੰਜਾਬ ਸਰਕਲ ਵਿੱਚ ਹਰੇਕ ਡਾਕ ਮੰਡਲ ਵੱਲੋਂ ਡਾਕ ਚੌਪਾਲ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਦੌਰਾਨ ਕੈਂਪ ਦੌਰਾਨ ਖ਼ਪਤਕਾਰਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਡਾਕ ਸੇਵਾਵਾਂ ਦਿੱਤੀਆਂ ਜਾਣਗੀਆਂ। 11 ਅਕਤੂਬਰ ਨੂੰ ‘ਫਿਲੇਟੈਲੀ ਦਵਿਸ’ ਵਜੋਂ ਮਨਾਇਆ ਜਾਵੇਗਾ। ਇਸ ਦੌਰਾਨ ‘ਨਵੇਂ ਭਾਰਤ ਲਈ ਡਿਜੀਟਲ ਇੰਡੀਆ’ ਵਿਸ਼ੇ ਤਹਿਤ ਸਕੂਲਾਂ ਵਿੱਚ ਸੈਮੀਨਾਰ ਅਤੇ ਕੁਇਜ਼ ਕਰਵਾਏ ਜਾਣਗੇ। 12 ਅਕਤੂਬਰ ਨੂੰ ‘ਮੇਲ ਅਤੇ ਪਾਰਸਲ ਦਵਿਸ’ ਵਜੋਂ ਮਨਾਇਆ ਜਾਵੇਗਾ। ਗਾਹਕਾਂ ਨੂੰ ਵਿਭਾਗ ਦੀਆਂ ਪਾਰਸਲ ਅਤੇ ਮੇਲ ਸੇਵਾਵਾਂ ਤਹਿਤ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਬਾਰੇ ਸੂਚਿਤ ਕੀਤਾ ਜਾਵੇਗਾ।
13 ਅਕਤੂਬਰ ਨੂੰ ‘ਅੰਤੋਦਿਆ ਦਵਿਸ’ ਵਜੋਂ ਮਨਾਇਆ ਜਾਵੇਗਾ। ਆਧਾਰ ਨਾਲ ਸਬੰਧਤ ਕਾਰਜਾਂ ਬਾਰੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਵੀ ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਲ ਵਿੱਚ ਕੌਮਾਂਤਰੀ ਡਾਕ ਦੇ ਮਾਲੀਏ ਵਿੱਚ 67 ਫ਼ੀਸਦੀ ਦਾ ਵਾਧਾ ਹੋਇਆ ਹੈ।