For the best experience, open
https://m.punjabitribuneonline.com
on your mobile browser.
Advertisement

ਡੀਏਪੀ ਦੀ ਘਾਟ ਦੇ ਮਾਮਲੇ ’ਤੇ ਖੇਤੀਬਾੜੀ ਵਿਭਾਗ ਨੇ ਚੌਕਸੀ ਵਧਾਈ

07:03 AM Nov 02, 2024 IST
ਡੀਏਪੀ ਦੀ ਘਾਟ ਦੇ ਮਾਮਲੇ ’ਤੇ ਖੇਤੀਬਾੜੀ ਵਿਭਾਗ ਨੇ ਚੌਕਸੀ ਵਧਾਈ
ਪਟਿਆਲਾ ਵਿੱਚ ਇਕ ਸਟੋਰ ’ਤੇ ਚੈਕਿੰਗ ਕਰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਨਵੰਬਰ
ਕਣਕ ਸਣੇ ਅਗਲੀਆਂ ਹੋਰ ਫ਼ਸਲਾਂ ਦੀ ਬਿਜਾਈ ਲਈ ਡੀਏਪੀ ਖਾਦ ਦੀ ਤੋਟ ਅਤੇ ਇਸ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਖਾਦ ਡੀਲਰਾਂ ਵੱਲੋਂ ਰੇਟ ਵੱਧ ਲਾਏ ਜਾਣ ਸਣੇ ਡੀਏਪੀ ਖਾਦ ਦੇ ਨਾਲ ਜਬਰੀ ਕੋਈ ਨਾ ਕੋਈ ਖੇਤੀ ਸਬੰਧੀ ਵਸਤੂ ਲੈਣ ਲਈ ਮਜਬੂਰ ਕਰਨ ਦੀਆਂ ਸ਼ਿਕਾਇਤਾਂ ਆਮ ਹੀ ਮਿਲ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਵੱਲੋਂ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਚੌਕਸੀ ਵਧਾਈ ਗਈ ਹੈ। ਇਸੇ ਕੜੀ ਤਹਿਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਖਾਦ ਡੀਲਰਾਂ ਦੀਆਂ ਦੁਕਾਨਾਂ ਅਤੇ ਸਟੋਰ ਆਦਿ ’ਤੇ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਦੌਰਾਨ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਖਾਦ ਵਿਕਰੇਤਾ ਤੈਅ ਕੀਮਤ ਤੋਂ ਜ਼ਿਆਦਾ ਰੇਟ ’ਤੇ ਡੀਏਪੀ ਖਾਦ ਦਿੰਦਾ ਹੈ ਅਤੇ ਡੀਏਪੀ ਖਾਦ ਨਾਲ ਹੋਰ ਕੋਈ ਵਸਤੂ ਖ਼ਰੀਦਣ ਲਈ ਜ਼ੋਰ ਦਿੰਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਖਾਦ ਕੰਟਰੋਲ ਆਰਡਰ 1985 ਅਧੀਨ ਕਾਰਵਾਈ ਕੀਤੀ ਜਾ ਸਕੇ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਪਟਿਆਲਾ ਸਥਿਤ ਜ਼ਿਲ੍ਹਾ ਮੁੱਖ ਦਫਤਰ ਵੱਲੋਂ ਡੀਏਪੀ ਖਾਦ ਸਬੰਧੀ ਸ਼ਿਕਾਇਤਾਂ ਬਾਰੇ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ ਲਈ ਵੀ ਕਿਹਾ ਗਿਆ ਹੈ। ਵਿਭਾਗ ਵੱਲੋਂ ਸ਼ਿਕਾਇਤ ਕਰਨ ਸਬੰਧੀ ਸਮਰੱਥ ਅਧਿਕਾਰੀਆਂ ਦੇ ਨਾਮ ਅਤੇ ਫੋਨ ਨੰਬਰ ਵੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਬਲਾਕ ਭੁਨਰਹੇੜੀ ਅਤੇ ਸਨੌਰ ਦੇ ਕਿਸਾਨ ਸਮਰੱਥ ਅਧਿਕਾਰੀ ਅਵਨਿੰਦਰ ਸਿੰਘ ਮਾਨ ਨਾਲ ਮੋਬਾਈਲ ਨੰਬਰ 80547-04471, ਬਲਾਕ ਪਟਿਆਲਾ ਦੇ ਕਿਸਾਨ ਸਮਰੱਥ ਅਧਿਕਾਰੀ ਗੁਰਮੀਤ ਸਿੰਘ ਨਾਲ ਮੋਬਾਈਲ ਨੰਬਰ 97791-60950, ਬਲਾਕ ਰਾਜਪੁਰਾ ਦੇ ਕਿਸਾਨ ਸਮਰੱਥ ਅਧਿਕਾਰੀ ਜਪਿੰਦਰ ਸਿੰਘ ਨਾਲ ਮੋਬਾਈਲ ਨੰਬਰ 79735-74542 ਅਤੇ ਬਲਾਕ ਘਨੌਰ ਦੇ ਕਿਸਾਨ ਸਮਰੱਥ ਅਧਿਕਾਰੀ ਅਨੁਰਾਗ ਅੱਤਰੀ ਨਾਲ ਮੋਬਾਈਲ ਨੰਬਰ 97819-90390, ਬਲਾਕ ਸਮਾਣਾ ਤੇ ਪਾਤੜਾਂ ਦੇ ਕਿਸਾਨ ਸਮਰੱਥ ਅਧਿਕਾਰੀ ਸਤੀਸ਼ ਕੁਮਾਰ ਨਾਲ ਮੋਬਾਈਲ ਨੰਬਰ 97589-00047 ਅਤੇ ਬਲਾਕ ਖੇਤੀਬਾੜੀ ਅਫ਼ਸਰ ਨਾਭਾ ਦੇ ਕਿਸਾਨ ਸਮਰੱਥ ਅਧਿਕਾਰੀ ਜੁਪਿੰਦਰ ਸਿੰਘ ਗਿੱਲ ਨਾਲ ਮੋਬਾਈਲ ਨੰਬਰ 97805-60004 ਕੋਲ ਡੀਏਪੀ ਖਾਦ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਕਰ ਸਕਦੇ ਹਨ।

Advertisement

ਡੀਏਪੀ ਖਾਦ ਸਬੰਧੀ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਸਮਰੱਥ ਅਧਿਕਾਰੀ ਦੀ ਨਿਯੁਕਤੀ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀਏਪੀ ਖਾਦ ਦੀ ਸਪਲਾਈ ਕਰਵਾਈ ਜਾਵੇ ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਡੀਏਪੀ ਖਾਦ ਸਬੰਧੀ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਐਨਫੋਰਸਮੈਂਟ ਵਿੰਗ ਦੇ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 52 ਹਜ਼ਾਰ 324 ਹੈਕਟੇਅਰ ਰਕਬੇ ਵਿੱਚ ਕਣਕ ਤੇ ਆਲੂ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ, ਜਿਸ ਲਈ ਜ਼ਿਲ੍ਹੇ ਵਿੱਚ ਕਰੀਬ 7195 ਟਨ ਡੀਏਪੀ ਖਾਦ ਦੀ ਮੰਗ ਹੈ ਤੇ ਹੁਣ ਤੱਕ ਜ਼ਿਲ੍ਹੇ ਵਿੱਚ 6048 ਟਨ ਡੀਏਪੀ ਖਾਦ ਪੁੱਜ ਚੁੱਕੀ ਹੈ ਜੋ ਕਿ ਕੁੱਲ ਮੰਗ ਦਾ ਕਰੀਬ 84 ਫ਼ੀਸਦੀ ਬਣਦੀ ਹੈ। ਬਾਕੀ ਰਹਿੰਦੀ ਡੀਏਪੀ ਖਾਦ ਦੀ ਸਪਲਾਈ ਵੀ ਜਲਦੀ ਕੀਤੀ ਜਾਵੇਗੀ। ਕੁੱਲ ਮੰਗ ਦਾ 60 ਫ਼ੀਸਦੀ ਸਹਿਕਾਰੀ ਸਭਾਵਾਂ ਕੋਲ ਜਾਵੇਗਾ ਅਤੇ 40 ਫ਼ੀਸਦੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਜਾਵੇਗੀ। ਡੀਸੀ ਨੇ ਖਾਦ ਏਜੰਸੀਆਂ ਦੇ ਮਾਲਕਾਂ/ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਕੋਈ ਹੋਰ ਵਾਧੂ ਸਾਮਾਨ ਜਾਂ ਦਵਾਈਆਂ ਆਦਿ ਖ਼ਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਜੇਕਰ ਕੋਈ ਵਿਕਰੇਤਾ ਵਾਧੂ ਸਾਮਾਨ ਜਾਂ ਦਵਾਈਆਂ ਖਰੀਦਣ ਲਈ ਮਜਬੂਰ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਏਪੀ ਖਾਦ ਬਾਰੇ ਖੇਤੀਬਾੜੀ ਵਿਭਾਗ ਵੱਲੋਂ ਏਡੀਓ (ਐਨਫੋਰਸਮੈਂਟ) ਸ਼ਿਵਇੰਦਰ ਸਿੰਘ ਨੂੰ ਇੰਚਾਰਜ ਲਗਾਇਆ ਹੈ, ਜਿਨ੍ਹਾਂ ਨਾਲ ਦਫ਼ਤਰੀ ਸਮੇਂ ਦੌਰਾਨ ਮੋਬਾਈਲ ਨੰਬਰ 94649-91230 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement