ਜੀਐੱਸਟੀ ਵਸੂਲਣ ਲਈ ਸਰਗਰਮ ਹੋਇਆ ਵਿਭਾਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਕਤੂਬਰ
ਜੀਐੱਸਟੀ ਚੋਰੀ ਰੋਕਣ ਅਤੇ ਜੀਐੱਸਟੀ ਵਸੂਲੀ ਵਧਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਦੂਜੇ ਦਿਨ ਵੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਕਰ ਵਿਭਾਗ ਦੇ ਪਟਿਆਲਾ ਮੰਡਲ ਦੇ ਡਿਪਟੀ ਕਮਿਸ਼ਨਰ ਰਮਨਪ੍ਰੀਤ ਕੌਰ ਨੇ ਮੈਰਿਜ ਪੈਲਸਾਂ ਦੇ ਮਾਲਕਾਂ ਅਤੇ ਨੁਮਾਇੰਦਿਆਂ ਸਮੇਤ ਵਪਾਰ ਮੰਡਲ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਜੀਐੱਸਟੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਜਿਥੇ ਸਹਾਇਕ ਕਮਿਸ਼ਨਰ ਕੰਨੂ ਗਰਗ ਮੌਜੂਦ ਰਹੇ, ਉਥੇ ਹੀ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਕੁਮਾਰ, ਪ੍ਰਭਾਤ ਜੈਨ, ਮੁਨੀਸ਼ ਗੋਇਲ, ਕਪਿਲ ਗੁਪਤਾ, ਰਾਹੁਲ ਤਿਆਲ, ਰੋਹਿਤ ਬਾਂਸਲ ਅਤੇ ਪਰਮਜੀਤ ਸਿੰਘ ਸਮੇਤ ਮੈਰਿਜ ਪੈਲੇਸਾਂ ਦੇ ਪ੍ਰਧਾਨ ਤੇ ਅਹੁਦੇਦਾਰ ਸ਼ਾਮਲ ਰਹੇ। ਵਪਾਰੀਆਂ ਨੂੰ ਸੰਬੋਧਨ ਕਰਦਿਆਂ ਉਪ ਕਮਿਸ਼ਨਰ ਰਮਨਪ੍ਰੀਤ ਕੌਰ ਨੇ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਵੇਚੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਇਆ ਜਾਵੇ। ਰਮਨਪ੍ਰੀਤ ਕੌਰ ਨੇ ਮੈਰਿਜ ਪੈਲੇਸਾਂ ਦੇ ਨੁਮਾਇੰਦਿਆਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਜਿਹੜੇ ਮੈਰਿਜ ਪੈਲੇਸ ਅਜੇ ਤੱਕ ਰਜਿਸਟਰਡ ਨਹੀਂ ਹਨ, ਨੂੰ ਰਜਿਸਟਰਡ ਕਰਵਾਇਆ ਜਾਵੇ। ਜਿਹੜਾ ਡੀਲਰ ਅਜੇ ਤੱਕ ਰਜਿਸਟਰਡ ਨਹੀਂ ਅਤੇ ਪੂਰਾ ਟੈਕਸ ਨਹੀਂ ਭਰਵਾ ਰਿਹਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।