For the best experience, open
https://m.punjabitribuneonline.com
on your mobile browser.
Advertisement

ਟੁੱਟੀ ਟੋਅ ਵਾਲ ਨੂੰ ਸਾਲ ਬਾਅਦ ਵੀ ਪੱਕਾ ਨਹੀਂ ਕਰ ਸਕਿਆ ਵਿਭਾਗ

07:49 AM Jul 04, 2024 IST
ਟੁੱਟੀ ਟੋਅ ਵਾਲ ਨੂੰ ਸਾਲ ਬਾਅਦ ਵੀ ਪੱਕਾ ਨਹੀਂ ਕਰ ਸਕਿਆ ਵਿਭਾਗ
ਟੁੱਟੀ ਟੋਅ ਵਾਲ ਨੂੰ ਮਿੱਟੀ ਦੇ ਥੈਲਿਆਂ ਨਾਲ ਮਜ਼ਬੂਤ ਕਰਨ ਵਿੱਚ ਲੱਗੇ ਮਜ਼ਦੂਰ।
Advertisement

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 3 ਜੁਲਾਈ
ਪਿਛਲੇ ਸਾਲ ਜੁਲਾਈ ਵਿੱਚ ਘੱਗਰ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਇੱਥੇ ਕਈ ਥਾਵਾਂ ਤੋਂ ਰਿੰਗ ਬੰਨ੍ਹ ਟੁੱਟ ਗਿਆ ਸੀ। ਇਸ ਪਾਣੀ ਨੇ ਗੂਹਲਾ ਖੇਤਰ ਦੇ ਬਚਾਅ ਲਈ ਬਣਾਈ ਗਈ ਟੋਅ ਵਾਲ ਨੂੰ ਵੀ ਤੋੜ ਦਿੱਤਾ ਸੀ। ਟੋਅ ਵਾਲ ਟੁੱਟਣ ਕਾਫ਼ੀ ਮਾਤਰਾ ਵਿੱਚ ਪਾਣੀ ਤੇਜ਼ੀ ਨਾਲ ਗੂਹਲਾ ਖੇਤਰ ਵਿੱਚ ਫੈਲ ਗਿਆ ਸੀ। ਇਸ ਪਾਣੀ ਨੇ ਖੇਤਰ ਵਿੱਚ ਕਾਫ਼ੀ ਤਬਾਹੀ ਮਚਾਈ। ਟੋਅ ਵਾਲ ਟੱਟਿਆਂ ਸਾਲ ਗੁਜ਼ਰ ਚੁੱਕਿਆ ਹੈ। ਮੌਨਸੂਨ ਦੁਬਾਰਾ ਆਉਣ ਵਾਲਾ ਹੈ ਪਰ ਸਰਸਵਤੀ ਡਿਵੀਜ਼ਨ ਦੇ ਅਧਿਕਾਰੀ ਪਿਛਲੇ ਸਾਲ ਟੁੱਟੀ ਟੋਅ ਵਾਲ ਨੂੰ ਪੱਕਾ ਕਰਨ ਦੀ ਥਾਂ ਸਿਰਫ਼ ਯੋਜਨਾਵਾਂ ਬਣਾਉਣ ਵਿੱਚ ਹੀ ਉਲਝੇ ਹੋਏ ਹਨ। ਭਾਵੇਂ ਵਿਭਾਗ ਇੱਥੇ ਮਿੱਟੀ ਦੇ ਥੈਲੇ ਲਾ ਕੇ ਪਾਣੀ ਤੋਂ ਬਚਾਵ ਦੇ ਪ੍ਰਬੰਧ ਤਾਂ ਕਰ ਰਿਹਾ ਹੈ ਪਰ ਇਹ ਕੋਸ਼ਿਸ਼ ਕਿੰਨੀ ਕਾਰਗਰ ਹੋ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਘੱਗਰ ਦਰਿਆ ਕੋਲ ਵਸੇ ਅਤੇ ਪਿਛਲੇ ਸਾਲ ਹੜ੍ਹ ਦਾ ਸਭ ਤੋਂ ਜ਼ਿਆਦਾ ਕਹਿਰ ਝੱਲਣ ਵਾਲੇ ਪਿੰਡ ਟਟਿਆਣਾ ਵਾਸੀ ਗੁਰਜੰਟ ਸਿੰਘ , ਰਣਦੀਪ ਜੈਲਦਾਰ , ਚਮਕੌਰ ਸਿੰਘ , ਵਿਕਰਮ ਸਿੰਘ , ਹਰਜਿੰਦਰ ਸਿੰਘ , ਬਿੰਦਰ ਟਟਿਆਣਾ , ਜਸਪਾਲ ਪਾਲੀ , ਕੇਵਲ ਸਦਰੇਹੜੀ ਨੇ ਦੱਸਿਆ ਪਿਛਲੇ ਸਾਲ ਗੂਹਲਾ ਇਲਾਕੇ ਵਿੱਚ ਹੜ੍ਹ ਦੇ ਪਾਣੀ ਨੇ ਨਾ ਕੇਵਲ ਲੱਖਾਂ ਏਕੜ.ਫਸਲ ਬਰਬਾਦ ਕੀਤੀ ਸੀ, ਸਗੋਂ ਚਾਰ ਵਿਅਕਤੀਆਂ ਦੀ ਜਾਨ ਲੈਣ ਦੇ ਨਾਲ ਦਰਜਨਾਂ ਪਸ਼ੂ ਵੀ ਇਸ ਹੜ੍ਹ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਨਹਿਰੀ ਵਿਭਾਗ ਅਤੇ ਸਰਸਵਤੀ ਡਿਵੀਜ਼ਨ ਹਰ ਸਾਲ ਸਿਰਫ਼ ਕਾਗਜ਼ਾਂ ਵਿੱਚ ਹੀ ਹੜ੍ਹ ਬਚਾਅ ਦੇ ਕੰਮ ਕਰਦੀ ਹੈ ਜਦੋਂਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਟੋਅ ਵਾਲ ਨੂੰ ਟੁੱਟੇ ਸਾਲ ਗੁਜ਼ਰ ਚੁੱਕਿਆ ਹੈ ਪਰ ਵਿਭਾਗ ਇਸ ਨੂੰ ਪੱਕਾ ਨਹੀਂ ਕਰ ਸਕਿਆ। ਹੁਣ ਬਰਸਾਤ ਦਾ ਮੌਸਮ ਸਿਰ ਉੱਤੇ ਹੈ ਤਾਂ ਮਿੱਟੀ ਦੇ ਥੈਲਿਆਂ ਨਾਲ ਇਸ ਨੂੰ ਮਜ਼ਬੂਤ ਕਰਨ ਦਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਕੰਡਿਆਂ ’ਤੇ ਕਈ ਥਾਈਂ ਮੋਘੇ ਹੋਏ ਪਏ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਇਸ ਵਾਰ ਵੀ ਬਰਸਾਤ ਪਹਿਲਾਂ ਵਰਗੀ ਆ ਗਈ ਤਾਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਵੇਗਾ। ਇਸ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Advertisement

ਟੋਅ ਵਾਲ ਲਈ ਤਿੰਨ ਕਰੋੜ ਰੁਪਏ ਦਾ ਬਜਟ ਆ ਚੁੱਕਿਆ: ਐਕਸੀਅਨ

ਸਰਸਵਤੀ ਡਿਵੀਜ਼ਨ ਨੰਬਰ 3 ਕੁਰੂਕਸ਼ੇਤਰ ਦੇ ਐਕਸੀਅਨ ਦਿਗਵਿਜੈ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਜੋ ਟੋਅ ਵਾਲ ਬਣਾਈ ਗਈ ਸੀ ਉਸ ਦੇ ਉਪਰਲੇ ਹਿੱਸਿਆਂ ਵਿੱਚ ਸਰੀਆ ਨਹੀਂ ਪਾਇਆ ਗਿਆ ਸੀ। ਇਸ ਕਾਰਨ ਉਹ ਪਾਣੀ ਦਾ ਦਬਾਅ ਨਹੀਂ ਝੱਲ ਸਕੀ। ਘੱਗਰ ਦਰਿਆ ਵਿੱਚ ਸਵਾ ਲੱਖ ਕਿਊਸਿਕ ਪਾਣੀ ਆਉਣ ਮਗਰੋਂ ਵੀ ਟੋਅ ਵਾਲ ਨਾ ਟੁੱਟੇ ਇਸ ਨੂੰ ਲੈ ਕੇ ਵਿਭਾਗ ਸਰਕਾਰੀ ਇੰਸਟੀਚਿਊਟ ਤੋਂ ਵਾਲ ਦਾ ਡਿਜ਼ਾਇਨ ਬਣਾ ਰਿਹਾ ਹੈ। ਟੋਅ ਵਾਲ ਦੀ ਉਸਾਰੀ ਲਈ 3 ਕਰੋੜ ਰੁਪਏ ਦਾ ਬਜਟ ਆ ਚੁੱਕਿਆ ਹੈ ਅਤੇ ਛੇਤੀ ਹੀ ਟੈਂਡਰ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਜੇ ਜੁਲਾਈ ਵਿੱਚ ਜ਼ਿਆਦਾ ਬਰਸਾਤ ਨਾ ਹੋਈ ਤਾਂ ਟੋਅ ਵਾਲ ਦੀ ਉਸਾਰੀ ਵੀ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਮੋਘਿਆਂ ਨੂੰ ਭਰਨ ਲਈ ਜੇਸੀਬੀ ਦੀ ਵਰਤੋਂ ਕੀਤੀ ਜਾ ਰਹੀ ਹੈ।

Advertisement
Author Image

joginder kumar

View all posts

Advertisement
Advertisement
×