ਦੱਖਣੀ ਕੋਰੀਆ ਵੱਲੋਂ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਾ ਪ੍ਰਦਰਸ਼ਨ
ਸਿਓਲ:
ਦੱਖਣੀ ਕੋਰੀਆ ਨੇ ਅੱਜ ਆਪਣੇ ਹਥਿਆਰਬੰਦ ਬਲ ਦਿਵਸ ਸਮਾਰੋਹ ਮੌਕੇ ਉੱਤਰ ਕੋਰੀਆ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਆਪਣੀ ਸਭ ਤੋਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲ ਅਤੇ ਹੋਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਚਿਤਾਵਨੀ ਦਿੱਤੀ ਕਿ ਜੇ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਹਕੂਮਤ ਤਬਾਹ ਹੋ ਜਾਵੇਗੀ। ਦੱਖਣੀ ਕੋਰੀਆ ਨੇ ਇਹ ਚਿਤਾਵਨੀ ਅਜਿਹੇ ਸਮੇਂ ਦਿੱਤੀ ਹੈ, ਜਦੋਂ ਉਸ ਦੇ ਕੱਟੜ ਵਿਰੋਧੀ ਦੇਸ਼ ਨੇ ਨਵੰਬਰ ਵਿੱਚ ਅਮਰੀਕਾ ਦੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਆਪਣੇ ਯੂਰੇਨੀਅਮ ਸੋਧ ਕੇਂਦਰ ਅਤੇ ਮਿਜ਼ਾਈਲਾਂ ਦੀ ਅਜ਼ਮਾਇਸ਼ ਦਾ ਖੁਲਾਸਾ ਕੀਤਾ ਹੈ।
ਬੰਕਰਾਂ ਨੂੰ ਤਬਾਹ ਕਰ ਸਕਦੀ ਹੈ ਮਿਜ਼ਾਈਲ
ਦੱਖਣੀ ਕੋਰਿਆਈ ਫੌਜ ਨੇ ਲਗਪਗ 340 ਫੌਜੀ ਉਪਕਰਨ ਅਤੇ ਹਥਿਆਰਾਂ ਦੀਆਂ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਹਿਊਨਮੋ-5 ਬੈਲਿਸਟਿਕ ਮਿਜ਼ਾਈਲ ਸੀ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਕਰੀਬ ਅੱਠ ਟਨ ਰਵਾਇਤੀ ਹਥਿਆਰ ਲਿਜਾਣ ਦੇ ਸਮਰੱਥ ਇਹ ਮਿਜ਼ਾਈਲ ਧਰਤੀ ਦੀ ਡੂੰਘਾਈ ਤੱਕ ਦਾਖ਼ਲ ਹੋ ਕੇ ਉੱਤਰੀ ਕੋਰੀਆ ਦੇ ਜ਼ਮੀਨਦੋਜ਼ ਬੰਕਰਾਂ ਨੂੰ ਨਸ਼ਟ ਕਰ ਸਕਦੀ ਹੈ। -ਏਪੀ