For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਅਧਿਕਾਰ ਸਭਾ ਨੇ ਲੜਕੀ ਦੀ ਮੌਤ ’ਤੇ ਸਵਾਲ ਚੁੱਕੇ

07:40 AM Aug 11, 2024 IST
ਜਮਹੂਰੀ ਅਧਿਕਾਰ ਸਭਾ ਨੇ ਲੜਕੀ ਦੀ ਮੌਤ ’ਤੇ ਸਵਾਲ ਚੁੱਕੇ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਗਸਤ
ਮੰਡੀ ਗੋਬਿੰਦਗੜ੍ਹ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਖੰਨਾ ਵਾਸੀ ਇਕ ਲੜਕੀ ਅਮਨਦੀਪ ਕੌਰ ਦੀ ਮੌਤ ਹੋ ਗਈ ਸੀ, ਜੋ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵਜੋਂ ਨੌਕਰੀ ਕਰ ਰਹੀ ਸੀ। ਇਸ ਦੀ ਮੌਤ ਬਾਰੇ ਤੱਥ ਜਾਨਣ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਕ ਤੱਥ ਖੋਜ ਕਮੇਟੀ ਦਾ ਗਠਨ ਕਰਕੇ ਜਾਂਚ ਕੀਤੀ, ਜਿਸ ਵਿੱਚ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ, ਉੱਪ ਪ੍ਰਧਾਨ ਡਾ ਹਰਬੰਸ ਗਰੇਵਾਲ ਅਤੇ ਸਕੱਤਰ ਪ੍ਰਿੰਸੀਪਲ ਅਜਮੇਰ ਦਾਖਾ ਸ਼ਾਮਲ ਸਨ।
ਜਾਂਚ ਕਮੇਟੀ ਵੱਲੋਂ ਜਾਰੀ ਕੀਤੀ ਰਿਪੋਰਟ ਰਾਹੀਂ ਸਪੱਸ਼ਟ ਕੀਤਾ ਕਿ ਇਸ ਯੂਨੀਵਰਸਿਟੀ ਵਿੱਚ ਚੱਲ ਰਹੇ ਇਮਾਰਤ ਉਸਾਰੀ ਦੇ ਕੰਮ ਦੌਰਾਨ ਕਰੇਨ ਉੱਪਰੋਂ ਲੋਹੇ ਦੀਆਂ ਪਲੇਟਾਂ ਕਥਿਤ ਤੌਰ ’ਤੇ ਇਸ ਲੜਕੀ ਉੱਪਰ ਡਿੱਗਣ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਣ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਕਰਦੀ ਹੈ। ਲੜਕੀ ਦੀ ਮਾਤਾ ਅਤੇ ਭੈਣ ਨੂੰ ਹਸਪਤਾਲ ਅੰਦਰ ਅਮਨਦੀਪ ਕੌਰ ਨੂੰ ਮਿਲਣ ਨਾ ਦੇਣਾ ਵੀ ਸ਼ੱਕ ਪੈਦਾ ਕਰਦਾ ਹੈ। ਪਰਿਵਾਰ ਵੱਲੋਂ ਲੜਕੀ ਨੂੰ ਪੀਜੀਆਈ ਹਸਪਤਾਲ ਲੈਕੇ ਜਾਣ ਲਈ ਦਬਾਅ ਪਾਉਣ ’ਤੇ ਐਂਬੂਲੈਂਸ ਵਿੱਚ ਜਾਣ ਵੇਲੇ ਵੀ ਕਿਸੇ ਘਰ ਦੇ ਮੈਂਬਰ ਨੂੰ ਐਂਬੂਲੈਂਸ ਵਿੱਚ ਬੈਠਣ ਨਹੀਂ ਦਿੱਤਾ ਗਿਆ। ਇਸ ਕਰਕੇ ਉਹ ਆਪਣੇ ਸਾਧਨਾਂ ਰਾਹੀਂ ਪੀਜੀਆਈ ਹਸਪਤਾਲ ਚੰਡੀਗੜ੍ਹ ਪਹੁੰਚੇ। ਉੱਥੇ ਡਾਕਟਰਾਂ ਵੱਲੋਂ ਅਮਨਦੀਪ ਕੌਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਲੜਕੀ ਦੀ ਮੌਤ ਹਾਦਸੇ ਵੇਲੇ ਮੌਕੇ ’ਤੇ ਹੋਣ ਦੀ ਪੁਸ਼ਟੀ ਹੁੰਦੀ ਹੈ। ਸਭਾ ਦੀ ਜਾਂਚ ਰਿਪੋਰਟ ਇਹ ਵੀ ਦੱਸਦੀ ਹੈ ਕਿ ਜਿਸ ਬਿਲਡਿੰਗ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਉਸ ਵਿੱਚ ਉਸਾਰੀ ਨਿਯਮਾਂਵਲੀ ਅਨੁਸਾਰ ਆਮ ਦਾਖ਼ਲਾ ਬੰਦ ਹੋਣੀ ਚਾਹੀਦੀ ਸੀ ਪਰ ਉਸ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਹਾਦਸਾ ਹੋਣ ਤੱਕ ਲੱਗ ਰਹੀਆਂ ਸਨ। ਸੇਫਟੀ ਮੈਨੂਅਲ ਫਾਰ ਕੰਸਟਰੱਕਸ਼ਨ ਵਰਕ ਦੇ ਕਿਸੇ ਵੀ ਨਿਯਮ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਜਾਂਚ ਕਮੇਟੀ ਨੂੰ ਯੂਨੀਵਰਸਿਟੀ ਦੇ ਡੀਨ, ਸਟੂਡੈਂਟ ਵੈਲਫੇਅਰ ਵੱਲੋਂ ਇਹ ਕਹਿਣਾ ਕਿ ਹਸਪਤਾਲ ਵਿੱਚ ਲੜਕੀ ਦਾ ਬਲੱਡ ਪ੍ਰੈਸ਼ਰ 30 ਤੱਕ ਹੇਠਾਂ ਆ ਜਾਣਾ ਵੀ, ਪੋਸਟਮਾਰਟਮ ਦੀ ਰਿਪੋਰਟ ਨਾਲ ਮੇਲ ਨਹੀਂ ਖਾਂਦਾ। ਸਪੱਸ਼ਟ ਹੈ ਕਿ ਲੜਕੀ ਦੀ ਮੌਤ ਲਈ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਿਲਡਿੰਗ ਇੰਜਨੀਅਰ ਜ਼ਿੰਮੇਵਾਰ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੁਲੀਸ ਨੂੰ ਬਿਲਡਿੰਗ ਉਸਾਰੀ ਵੇਲੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਆਪਣੀ ਤਫ਼ਤੀਸ਼ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਨਾ ਕਿ ਸਮਝੌਤੇ ਲਈ ਪੀੜਤ ਧਿਰ ’ਤੇ ਦਬਾਅ ਪਾਉਣਾ ਚਾਹੀਦਾ ਹੈ। ਐਡਵੋਕੇਟ ਹਰਪ੍ਰੀਤ ਜੀਰਖ, ਬਲਵਿੰਦਰ ਸਿੰਘ ਤੇ ਧੀਰਜ ਸਿੰਘ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

Advertisement

Advertisement
Advertisement
Author Image

Advertisement