For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਕਿਸਾਨ ਸਭਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

08:46 AM Jul 17, 2023 IST
ਜਮਹੂਰੀ ਕਿਸਾਨ ਸਭਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਜਮੂਹਰੀ ਕਿਸਾਨ ਸਭਾ ਦਾ ਵਫ਼ਦ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੁਲਾਈ
ਇੱਥੇ ਅੱਜ ਜਮਹੂਰੀ ਕਿਸਾਨ ਸਭਾ ਦੇ ਇੱਕ ਵਫ਼ਦ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।
ਜਥੇਬੰਦੀ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਸਾਥੀਆਂ ਰਣਜੀਤ ਸਿੰਘ ਗੋਰਸੀਆ, ਰਾਜੂ ਸਿੰਘ ਕੋਟਉਮਰਾ, ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਮਨਜੀਤ ਸਿੰਘ ਗੋਰਸੀਆ ਨਾਲ ਜਾ ਕੇ ਸਤਲੁਜ ਦਰਿਆ ਦੇ ਬੰਨ੍ਹ ਉੱਤੇ ਪੈਂਦੇ ਪਿੰਡ ਕੋਟਉਮਰਾ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਬੈਨੀਪਾਲ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚੋਂ ਬੇਸ਼ੱਕ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਪਰ ਪਾਣੀ ਦੇ ਤੇਜ਼ ਵਹਾਅ ਨੇ ਕਿਸਾਨਾਂ ਦੀਆਂ ਨਿੱਜੀ ਮਾਲਕੀ ਵਾਲੀਆਂ ਜ਼ਮੀਨਾਂ ਨੂੰ ਸਮੇਤ ਫਸਲਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਉਤਰਨ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਰੇਤਾ ਭਰ ਗਿਆ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਮਿੱਟੀ ਵਿੱਚ ਦੱਬ ਗਈ ਹੈ, ਉੱਥੇ ਹੀ ਇਸ ਜ਼ਮੀਨ ਵਿੱਚ ਛੇਤੀ ਹੋਰ ਫ਼ਸਲ ਬੀਜਣ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਹੈ।
ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਬਾਰਿਸ਼ਾਂ ਤੋਂ ਪਹਿਲਾਂ ਦਰਿਆਵਾਂ, ਨਦੀਆਂ, ਨਹਿਰਾਂ, ਨਾਲਿਆਂ ਦੇ ਬੰਨ੍ਹਾਂ ਦੀ ਮੁਰੰਮਤ ਤੇ ਸਫ਼ਾਈ ਨਾ ਕੀਤੇ ਜਾਣ ਕਰ ਕੇ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਲਈ ਐਲਾਨੇ ਗਏ 650 ਕਰੋੜ ਰੁਪਏ ਵਿੱਚੋਂ ਇੱਕ ਵੀ ਪੈਸਾ ਰਿਲੀਜ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿਚਾਲੇ ਜੰਗਲਾਤ ਮਹਿਕਮੇ ਵੱਲੋਂ ਦਰੱਖ਼ਤ ਲਗਾ ਦਿੱਤੇ ਗਏ ਸਨ, ਜਿਸ ਨਾਲ ਪਾਣੀ ਦਾ ਵਹਾਅ ਰੁਕ ਗਿਆ ਸੀ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤਾਂ ਵਿੱਚ ਜਮ੍ਹਾਂ ਹੋਏ ਰੇਤੇ ਨੂੰ ਜਲਦੀ ਨਾਲ ਚੁਕਵਾ ਕੇ ਰੇਤੇ ਦੀ ਰਾਇਲਿਟੀ ਕਿਸਾਨਾਂ ਨੂੰ ਦਿੱਤੀ ਜਾਵੇ ਜਾਂ ਕਿਸਾਨਾਂ ਨੂੰ ਖੁਦ ਰੇਤਾ ਚੁੱਕਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਦਰਿਆ ਵਿਚਾਲੇ ਲੱਗੇ ਦਰੱਖਤਾਂ ਨੂੰ ਹਟਾਉਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਦੇ ਹੱਲ ਲਈ 19 ਜੁਲਾਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਕੋਟਉਮਰਾ, ਤਾਰਾ ਸਿੰਘ, ਸਾਬਕਾ ਸਰਪੰਚ ਸ਼ੰਕਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisement

Advertisement
Tags :
Author Image

Advertisement
Advertisement
×