ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ ਪੰਜ ਸਾਲ ਕਰਨ ਦੀ ਮੰਗ ਨੇ ਜ਼ੋਰ ਫੜਿਆ
ਮੁਕੇਸ਼ ਕੁਮਾਰ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ ਇੱਕ ਸਾਲ ਤੋਂ ਵਧਾ ਕੇ ਪੰਜ ਸਾਲ ਕਰਨ ਦੀ ਮੰਗ ਨੇ ਇੱਕ ਵਾਰ ਫੇਰ ਜ਼ੋਰ ਫੜ ਲਿਆ ਹੈ। ਅੱਜ ਇੱਥੇ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ ਵੱਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਦੇ ਮੇਅਰ ਦਾ ਕਾਰਜਕਾਲ ਪੰਜ ਸਾਲ ਕਰਨ ਦੀ ਮੰਗ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦੇਸ਼ ਦੀਆਂ ਹੋਰਨਾਂ ਨਿਗਮਾਂ ਵਾਂਗ ਮੇਅਰ ਦਾ ਕਾਰਜਕਾਲ ਪੰਜ ਸਾਲ ਦਾ ਹੋਣਾ ਚਾਹੀਦਾ ਹੈ ਤਾਂ ਹੀ ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਨਜਿੱਠ ਸਕਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਨਾਲ ਲਗਦੇ ਮੁਹਾਲੀ ਅਤੇ ਪੰਚਕੂਲਾ ਨਾਲੋਂ ਤਕਰੀਬਨ 5 ਗੁਣਾ ਵੱਧ ਫੰਡ ਮਿਲਦਾ ਹੈ ਪਰ ਫਿਰ ਵੀ ਨਗਰ ਨਿਗਮ ਨੂੰ ਪੈਸੇ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਅਤੇ ਪੰਚਕੂਲਾ ਨੂੰ ਕੇਂਦਰ ਤੋਂ ਲਗਪਗ 200 ਕਰੋੜ ਰੁਪਏ ਮਿਲੇ ਹਨ, ਜਦੋਂਕਿ ਚੰਡੀਗੜ੍ਹ ਨੂੰ ਲਗਪਗ 1000 ਕਰੋੜ ਰੁਪਏ ਮਿਲਦੇ ਹਨ। ਉਨ੍ਹਾਂ ਚੰਡੀਗੜ੍ਹ ਨਗਰ ਨਿਗਮ ਵਿੱਚ ਫੰਡਾਂ ਦੀ ਸਮੱਸਿਆ ਲਈ ਇੱਥੋਂ ਦੀ ਅਫ਼ਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਨਾਲ ਸਬੰਧਤ ਸਮੱਸਿਆਵਾਂ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ ਅਤੇ ਹੱਲ ਲਈ ਵੀ ਕਰਵਾਉਣਗੇ।
ਇਸ ਸਮਾਗਮ ਵਿੱਚ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਰਾਜ ਨਾਗਪਾਲ ਅਤੇ ਹੋਰ ਅਧਿਕਾਰੀਆਂ ਵੱਲੋਂ ਮਨੀਸ਼ ਤਿਵਾੜੀ ਅਤੇ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੂੰ ਚੰਡੀਗੜ੍ਹ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ।