ਅੰਗਹੀਣ ਭਲਾਈ ਬੋਰਡ ਬਣਾਉਣ ਦੀ ਮੰਗ ਨੇ ਜ਼ੋਰ ਫਡ਼ਿਆ
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਜੁਲਾਈ
ਇੱਥੇ ਡਿਸਏਬਲ ਪਰਸਨਜ਼ ਅਤੇ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਫ਼ਰਜ਼ੀ ਅੰਗਹੀਣ ਸਰਟੀਫ਼ਿਕੇਟਾਂ ਨਾਲ ਅਸਲ ਲੋਡ਼ਵੰਦਾਂ ਦਾ ਹੱਕ ਮਾਰ ਕੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੇ ਫਰਜ਼ੀ ਅੰਗਹੀਣ ਸਰਟੀਫ਼ਿਕੇਟ ਰੱਦ ਕਰਨ ਅਤੇ ਅੰਗਹੀਣ ਭਲਾਈ ਬੋਰਡ ਗਠਿਤ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਆਗੂ ਪ੍ਰੇਮ ਭੂਸ਼ਨ ਗੁਪਤਾ, ਡਾ. ਹਰਨੇਕ ਸਿੰਘ ਰੋਡੇ, ਗੁਰਮੇਲ ਸਿੰਘ ਬੌਡੇ ਤੇ ਜੋਰਾ ਸਿੰਘ ਧਾਲੀਵਾਲ ਫਰੀਦਕੋਟ ਨੇ ਕਿਹਾ ਕਿ ਸੂਬੇ ’ਚ ਫ਼ਰਜ਼ੀ ਅੰਗਹੀਣ ਅਸਲ ਲੋਡ਼ਵੰਦਾਂ ਦਾ ਹੱਕ ਮਾਰਕੇ ਸ਼ਾਹੀ ਨੌਕਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਗਹੀਣਾਂ ਲਈ ਦਿਵਿਆਂਗ ਸ਼ਬਦ ਦੀ ਵਰਤੋਂ ਨਾਲ ਸਮਾਜ ਵਿੱਚ ਅੰਗਹੀਣਾਂ ਪ੍ਰਤੀ ਉਸਾਰੂ ਸੋਚ ਬਣਨ ਦੀ ਆਸ ਬੱਝੀ ਹੈ। ਇਸ ਮੌਕੇ ਖੇਤੀਬਾਡ਼ੀ ਵਿਭਾਗ ਵਿਚੋਂ ਸੇਵਾਮੁਕਤ ਅਧਿਕਾਰੀ ਡਾ. ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਖੇਤੀਬਾਡ਼ੀ ਵਿਭਾਗ ਵਿਚ ਅਜਿਹੇ ਉੱਚ ਅਧਿਕਾਰੀ ਹਨ ਜਿਹਡ਼ੇ 10 ਫ਼ੀਸਦੀ ਵੀ ਅੰਗਹੀਣ ਨਹੀਂ ਪਰ ਉਹ ਫ਼ਰਜ਼ੀ ਸਰਟੀਫ਼ਿਕੇਟ ਬਣਾ ਕੇ ਗਜ਼ਟਿਡ ਪੋਸਟਾਂ ’ਤੇ ਕੰਮ ਕਰ ਰਹੇ ਹਨ। ਇਸ ਮੌਕੇ ਸਾਰੇ ਆਗੂਆਂ ਨੇ ਇੱਕਸੁਰ ਵਿਚ ਕਿਹਾ ਕਿ ਪੰਜਾਬ ਵਿੱਚ ਫ਼ਰਜ਼ੀ ਅੰਗਹੀਣ ਸਰਟੀਫਿਕੇਟ ਬਣਾ ਕੇ ਨੌਕਰੀ ਕਰ ਰਹੇ ਤੰਦਰੁਸਤ ਅੰਗਹੀਣਾ ਅਤੇ ਅਜਿਹੇ ਹੋਰ ਛੁਪੇ ਹੋਏ ਨਕਲੀ ਅੰਗਹੀਣਾਂ ਦੀ ਸ਼ਨਾਖਤ ਕਰਵਾ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕਰੇ ਅਤੇ ਸਰਟੀਫ਼ਿਕੇਟ ਰੱਦ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਹਲਕੇ ਦੇ ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜਥੇਬੰਦੀ ਆਗੂ ਇਕਬਾਲ ਸਿੰਘ ਸਿੰਧੂ ਅਤੇ ਹਰਸੰਗੀਤ ਸਿੰਘ ਫਰੀਦਕੋਟ ਨੇ ਕਿਹਾ ਕਿ ਪੰਜਾਬ ਇਕ ਅਮੀਰ ਸੂਬਾ ਹੁੰਦੇ ਹੋਏ ਵੀ ਅੰਗਹੀਣਾਂ ਨੂੰ ਪੈਨਸ਼ਨ ਵੀ ਨਾ ਮਾਤਰ ਦੇ ਰਹੀ ਹੈ। ਜੇਕਰ ਸਰਕਾਰਾਂ ਅੰਗਹੀਣਾਂ ਨੂੰ ਪੈਨਸ਼ਨ ਦੀ ਥਾਂ ਰੁਜ਼ਗਾਰ ਦੇ ਦੇਵੇ ਤਾਂ ਪੈਨਸ਼ਨ ਦੇਣ ਦੀ ਲੋਡ਼ ਹੀ ਨਹੀਂ ਰਹੇਗੀ। ਮੀਟਿੰਗ ਵਿੱਚ ਵਿਜੇ ਕੁਮਾਰ ਬੱਧਨੀ ਕਲਾਂ, ਸਤਨਾਮ ਸਿੰਘ, ਮਾਸਟਰ ਹਰਪ੍ਰੀਤ ਸਿੰਘ ਮੋਗਾ ਤੇ ਅਮਨਦੀਪ ਸ਼ਰਮਾ ਆਦਿ ਹਾਜ਼ਰ ਸਨ।