ਪੰਜਾਬ ’ਚ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਟੱਪੀ
ਪੱਤਰ ਪ੍ਰੇਰਕ
ਘਨੌਲੀ, 19 ਜੁਲਾਈ
ਝੋਨੇ ਦੀ ਲੁਆਈ ਅਤੇ ਤਾਪਮਾਨ ਵਧਣ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਟੱਪ ਚੁੱਕੀ ਹੈ। ਪਾਵਰਕੌਮ ਵੱਲੋਂ ਜਿੱਥੇ ਸਰਕਾਰੀ ਥਰਮਲ ਪਲਾਟਾਂ ਅਤੇ ਪਣ ਬਿਜਲੀ ਘਰਾਂ ਰਾਹੀਂ ਸਸਤੀ ਬਿਜਲੀ ਦਾ ਉਤਪਾਦਨ ਕਰ ਕੇ ਬਿਜਲੀ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਪ੍ਰਾਈਵੇਟ ਥਰਮਲ ਪਲਾਟਾਂ ਵੱਲੋਂ ਵੀ ਤੇਜ਼ੀ ਨਾਲ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਥਰਮਲ ਪਲਾਂਟ ਰੂਪਨਗਰ ਦੇ ਇੰਜਨੀਅਰਾਂ ਦੀ ਟੀਮ ਐਤਵਾਰ ਨੂੰ ਬੁਆਇਲਰ ਲੀਕੇਜ ਦੀ ਸਮੱਸਿਆ ਕਾਰਨ ਬੰਦ ਹੋਇਆ ਯੂਨਿਟ ਨੰਬਰ-5 ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟਾਂ ਨੇ 438 ਮੈਗਾਵਾਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਨੇ 530 ਮੈਗਾਵਾਟ, ਪਣ ਬਿਜਲੀ ਘਰਾਂ ਨੇ 1,168 ਮੈਗਾਵਾਟ, ਰਾਜਪੁਰਾ ਥਰਮਲ ਪਲਾਂਟ ਨੇ 1,344 ਮੈਗਾਵਾਟ, ਤਲਵੰਡੀ ਸਾਬੋ ਥਰਮਲ ਪਲਾਂਟ ਨੇ 1,280 ਮੈਗਾਵਾਟ ਅਤੇ ਗੋਇੰਦਵਾਲ ਸਾਹਬਿ ਥਰਮਲ ਪਲਾਂਟ ਨੇ 302 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਹੈ।