ਰਾਜਿੰਦਰਾ ਹਸਪਤਾਲ ਵਿੱਚ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਹੋਇਆ ਜਣੇਪਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੁਲਾਈ
ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਇਕ ਮਹਿਲਾ ਦਾ ਜਣੇਪਾ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਕਰਨਾ ਪਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਪਣੇ ਹੀ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਅਜਿਹੇ ਹਾਲਾਤ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਬਿਜਲੀ ਦੇ ਕੱਟ ਲੱਗਣ ਕਾਰਨ ਪਾਵਰਕੌਮ ਅਧਿਕਾਰੀ ਵੀ ਨਿਸ਼ਾਨੇ ’ਤੇ ਆ ਗਏ ਹਨ ਕਿਉਂਕਿ ਪਾਵਰਕੌਮ ਦਾ ਮੁੱਖ ਦਫ਼ਤਰ ਵੀ ਪਟਿਆਲਾ ਵਿੱਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵੇ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰ ਹਸਪਤਾਲ ਸਣੇ ਪਟਿਆਲਾ ਖੇਤਰ ਵਿੱਚ ਬੀਤੀ ਰਾਤ 8 ਵਜੇ ਤੋਂ 11 ਵਜੇ ਤੱਕ ਬਿਜਲੀ ਗੁੱਲ ਰਹੀ। ਰਾਜਿੰਦਰਾ ਹਸਪਤਾਲ ਵਿੱਚ ਮੋਬਾਈਲ ਦੀਆਂ ਟਾਰਚਾਂ ਨਾਲ ਹੋਏ ਜਣੇਪੇ ਦੀ ਇੱਕ ਫੋਟੋ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਸਹੀ ਢੰਗ ਨਾਲ ਮੁਹੱਈਆ ਕਰਾਉਣ ਸਬੰਧੀ ਪੀਐੱਸਪੀਸੀਐੱਲ ਨੂੰ ਵੀ ਹੁਕਮ ਜਾਰੀ ਕੀਤੇ ਹਨ। ਇਸ ਬਾਰੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹੋ ਰਹੀ ਕਿਰਕਰੀ ਕਾਰਨ ਉਨ੍ਹਾਂ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਦੀ ਝਾੜ-ਝੰਬ ਕੀਤੀ ਤੇ ਨਾਲ ਹੀ ਅੱਜ ਸ਼ਾਮ ਹੀ ਹਸਪਤਾਲ ਬਾਰੇ ਜਾਇਜ਼ਾ ਲੈਣ ਲਈ ਮੀਟਿੰਗ ਵੀ ਕੀਤੀ।
ਰਾਜਿੰਦਰਾ ਹਸਪਤਾਲ ਲਈ ਇੱਕ ਵੱਖਰੀ ਬਿਜਲੀ ਲਾਈਨ ਪਾਵਾਂਗੇ: ਡਾ. ਬਲਬੀਰ
ਡਾ. ਬਲਬੀਰ ਸਿੰਘ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਤੇ ਰਾਜਿੰਦਰਾ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਹੋ ਗਈ ਹੈ। ਉਨ੍ਹਾਂ ਕੋਲ ਹਸਪਤਾਲ ਵਿੱਚ 20 ਜੈਨਰੇਟਰ ਹਨ ਤੇ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਰਾਜਿੰਦਰਾ ਹਸਪਤਾਲ ਲਈ ਇੱਕ ਵੱਖਰੀ ਬਿਜਲੀ ਦੀ ਲਾਈਨ ਪਾਈ ਜਾਵੇਗੀ ਤਾਂ ਕਿ ਕਦੇ ਵੀ ਹਸਪਤਾਲ ਵਿੱਚ ਬਿਜਲੀ ਦਾ ਕੱਟ ਨਾ ਲੱਗੇ।