ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਟ ਕੁੱਟ ਕੇ ਜ਼ਖ਼ਮੀ ਕੀਤੇ ਡਿਲਿਵਰੀ ਮੈਨ ਦੀ ਹਸਪਤਾਲ ਵਿੱਚ ਮੌਤ

08:00 AM Oct 06, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਗੈਸ ਕੰਪਨੀ ਵਿੱਚ ਡਿਲਿਵਰੀ ਮੈਨ ਉਮੇਸ਼ ਚੌਧਰੀ ਨਾਂ ਦੇ ਵਿਅਕਤੀ ਦੀ ਸਿਲੰਡਰ ਡਿਲੀਵਰੀ ਦੇਣ ਤੋਂ ਮਨਾ ਕਰਨ ’ਤੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਮਗਰੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਥੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਡਿਵੀਜ਼ਨ 7 ਦੇ ਬਾਹਰ ਧਰਨਾ ਲਾ ਲਿਆ ਤੇ ਥਾਣੇ ਦਾ ਘਿਰਾਓ ਕਰ ਲਿਆ।
ਇਸ ਸਬੰਧੀ ਸੂਚਨਾ ਮਿਲਣ ਮਗਰੋਂ ਐੱਸਐੱਚਓ ਸਬ-ਇੰਸਪੈਕਟਰ ਭੁਪਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਉਨ੍ਹਾਂ ਪੀੜਤ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਇਸ ਵਾਰਦਾਤ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਨਸੀਮ ਅੰਸਾਰੀ, ਅਫਤਾਫ ਆਨੰਦ, ਕਸਮੂਦੀਨ ਅੰਸਾਰੀ, ਮਹਿੰਦਰ, ਬਿੱਟੂ ਤੇ ਪੰਜ ਹੋਰਨਾਂ ਖਿਲਾਫ਼ ਕੇਸ ਦਰਜ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਬੀਤੀ 2 ਅਕਤੂਬਰ ਨੂੰ ਤਾਜਪੁਰ ਰੋਡ ਸਥਿਤ ਈਡਬਲਿਊਐੱਸ ਕਲੋਨੀ ਵਿੱਚ ਸਿਲੰਡਰ ਦੀ ਡਿਲੀਵਰੀ ਕਰਨ ਗਏ ਉਮੇਸ਼ ਤੋਂ ਮੁਲਜ਼ਮਾਂ ਨੇ ਸਿਲੰਡਰ ਦੀ ਮੰਗ ਕੀਤੀ। ਪਰ ਉਮੇਸ਼ ਨੇ ਦੱਸਿਆ ਕਿ ਉਸ ਕੋਲ ਸਿਰਫ਼ ਪਰਚੀ ਵਾਲਾ ਸਿਲੰਡਰ ਹੈ, ਜਿਸ ਦੀ ਡਿਲੀਵਰੀ ਹੋਣੀ ਜ਼ਰੂਰੀ ਹੈ। ਇਸ ਮਗਰੋਂ ਮਾਹੌਲ ਭਖ਼ ਗਿਆ ਤੇ ਮੁਲਜ਼ਮਾਂ ਨੇ ਉਮੇਸ਼ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਦਾ ਆਟੋ ਵੀ ਭੰਨ੍ਹ ਦਿੱਤਾ।
ਉਮੇਸ਼ ਦੇ ਬਚਾਅ ਵਿੱਚ ਆਏ ਗੈਸ ਏਜੰਸੀ ਦੇ ਮੈਨੇਜਰ ਸ਼ਮਸ਼ੇਰ ਅੰਸਾਰੀ ਤੇ ਉਸ ਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ ਗਈ। ਉਨ੍ਹਾਂ ਜ਼ਖ਼ਮੀ ਉਮੇਸ਼ ਨੂੰ ਹਸਪਤਾਲ ਪਹੁੰਚਾਇਆ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ। ਅੱਜ ਉਮੇਸ਼ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਮੇਸ਼ ਦੇ ਭਰਾ ਸਬਧੂ ਨੇ ਦੱਸਿਆ ਕਿ ਉਸ ਦੀਆਂ ਚਾਰ ਬੇਟੀਆਂ ਹਨ।
ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਦਰਜ ਹੋਏ ਕੁੱਟਮਾਰ ਦੇ ਕੇਸ ਨੂੰ ਕਤਲ ਦੇ ਕੇਸ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਮੁਲਜ਼ਮ ਨਸੀਮ ਅੰਸਾਰੀ ਅਤੇ ਕਸਮੁਦੀਨ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮ ਹਾਲੇ ਫਰਾਰ ਹਨ ਤੇ ਉਨ੍ਹਾਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਮੇਸ਼ ਚੌਧਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Advertisement

Advertisement